Breaking News >> News >> The Tribune


ਦੰਗਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ: ਬੋਮਈ


Link [2022-04-20 05:15:02]



ਬੰਗਲੂਰੂ, 19 ਅਪਰੈਲ

ਹਿੰਦੂਤਵੀ ਜਥੇਬੰਦੀਆਂ ਦੇ ਇੱਕ ਧੜੇ ਵੱਲੋਂ ਹੁਬਲੀ ਹਿੰਸਾ 'ਚ ਸ਼ਾਮਲ ਲੋਕਾਂ ਖ਼ਿਲਾਫ਼ ਯੂਪੀ ਤੇ ਮੱਧ ਪ੍ਰਦੇਸ਼ ਸਰਕਾਰ ਦੀ ਤਰਜ਼ 'ਤੇ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਵਿਚਾਲੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਜ ਕਿਹਾ ਕਿ ਇਸ ਘਟਨਾ 'ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੋਮਈ ਨੇ ਇਹ ਸੰਕੇਤ ਵੀ ਦਿੱਤੇ ਕਿ ਜਨਤਕ ਦੇ ਨਿੱਜੀ ਜਾਇਦਾਦਾਂ ਦੇ ਹੋਏ ਨੁਕਸਾਨ ਦੀ ਵਸੂਲੀ ਦੰਗਾ ਕਰਨ ਵਾਲਿਆਂ ਤੋਂ ਕੀਤੀ ਜਾਵੇਗੀ। ਸ਼ਿਵਾਮੋਗਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਮਈ ਨੇ ਕਿਹਾ, 'ਉੱਤਰ ਪਦੇਸ਼ 'ਚ ਜਦੋਂ ਫਿਰਕੂ ਦੰਗੇ ਹੋਏ ਸਨ ਤਾਂ ਉਸ ਸਮੇਂ ਉੱਥੋਂ ਦੇ ਹਾਲਾਤ ਅਨੁਸਾਰ ਕਾਰਵਾਈ ਕੀਤੀ ਗਈ ਸੀ। ਅਸੀਂ ਕਰਨਾਟਕ ਦੇ ਹਾਲਾਤ ਦੀ ਸਮੀਖਿਆ ਕਰਾਂਗੇ ਤੇ ਆਪਣੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ।' ਉਹ ਕੁਝ ਜਥੇਬੰਦੀਆਂ ਵੱਲੋਂ 'ਬੁਲਡੋਜ਼ਰ' ਚਲਾਉਣ ਵਰਗੀ ਕਾਰਵਾਈ ਕੀਤੇ ਜਾਣ ਦੀ ਮੰਗ ਬਾਰੇ ਜਵਾਬ ਦੇ ਰਹੇ ਸਨ। ਬੋਮਈ ਨੇ ਕਿਹਾ ਕਿ ਘਟਨਾ ਤੋਂ 24 ਘੰਟਿਆਂ ਅੰਦਰ ਬਹੁਤ ਸਾਰੇ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਦੰਗਾ ਕਰਨ ਵਾਲਿਆਂ ਖ਼ਿਲਾਫ਼ ਸਖਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼੍ਰਿੰਗੇਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਮਈ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਹੁਬਲੀ ਹਿੰਸਾ ਦੇ ਸਬੰਧ 'ਚ ਬੇਕਸੂਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੇਗੁਨਾਹ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਸਾਰੀਆਂ ਗ੍ਰਿਫ਼ਤਾਰੀਆਂ ਸਬੂਤਾਂ ਦੇ ਆਧਾਰ 'ਤੇ ਹੋਈਆਂ ਹਨ।

ਇਸੇ ਦੌਰਾਨ ਪਾਰਟੀ ਵਿਚਲੇ ਸੂਤਰਾਂ ਅਨੁਸਾਰ ਪਾਰਟੀ ਦੇ ਲੀਡਰ ਸਰਕਾਰ 'ਤੇ ਦਬਾਅ ਪਾ ਰਹੇ ਹਨ ਕਿ ਕਰਨਾਟਕ ਸਰਕਾਰ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਾਲੇ ਕਦਮ ਚੁੱਕੇ। ਯੂਪੀ ਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਚੁੱਕੇ ਗਏ ਕਦਮਾਂ 'ਤੇ ਚੁਫੇਰਿਓਂ ਸਵਾਲ ਚੁੱਕੇ ਜਾ ਰਹੇ ਹਨ। ਪਾਰਟੀ ਅੰਦਰ ਚੱਲ ਰਹੀ ਵਿਚਾਰ-ਚਰਚਾ ਬਾਰੇ ਸੰਕੇਤ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਨਲਿਨ ਕੁਮਾਰ ਕਟੀਲ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਯੂਪੀ 'ਚ ਦੰਗਾ ਕਰਨ ਵਾਲਿਆਂ ਖਿਲਾਫ਼ ਜੋ ਕਦਮ ਚੁੱਕੇ ਗਏ, ਉਹ ਅਜਿਹੇ ਅਨਸਰਾਂ ਖ਼ਿਲਾਫ਼ ਕਰਨਾਟਕ ਵਿੱਚ ਵੀ ਠੀਕ ਹੋਣਗੇ। ਉਨ੍ਹਾਂ ਸੂਬੇ 'ਚ ਬਣੇ ਫਿਰਕੂ ਤਣਾਅ ਦੀ ਹਮਾਇਤ ਕਰਨ ਲਈ ਵਿਰੋਧੀ ਧਿਰ ਕਾਂਗਰਸ ਦੀ ਆਲੋਚਨਾ ਕੀਤੀ। -ਪੀਟੀਆਈ



Most Read

2024-09-20 22:21:01