Breaking News >> News >> The Tribune


ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੁਮਾਇਸ਼ ਵਿੱਚ ਰੱਖੀਆਂ ਜਾਣਗੀਆਂ ਗੁਰੂ ਤੇਗ ਬਹਾਦਰ ਦੀਆਂ ਨਿਸ਼ਾਨੀਆਂ


Link [2022-04-20 05:15:02]



ਆਦਿਤੀ ਟੰਡਨ

ਨਵੀਂ ਦਿੱਲੀ, 19 ਅਪਰੈਲ

ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਵੀਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਇਤਿਹਾਸਕ ਲਾਲ ਕਿਲ੍ਹੇ ਵਿੱਚ ਰੱਖੇ ਦੋ ਰੋਜ਼ਾ ਸਮਾਗਮ ਦੌਰਾਨ ਨੌਵੇਂ ਸਿੱਖ ਗੁਰੂ ਨਾਲ ਸਬੰਧਤ ਨਿਸ਼ਾਨੀਆਂ, ਜੋ ਕਈ ਸਾਲਾਂ ਤੱਕ ਆਮ ਲੋਕਾਂ ਦੀ ਨਜ਼ਰ ਤੋਂ ਲੁਕੀਆਂ ਰਹੀਆਂ, ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਗੁਰੂ ਤੇਗ ਬਹਾਦਰ ਦੀ ਪਤਨੀ, ਮਾਤਾ ਗੁਜਰੀ ਵੱਲੋਂ ਪਾਈਆਂ ਲੱਕੜ ਦੀਆਂ ਖੜਾਵਾਂ ਵੀ ਸ਼ਾਮਲ ਹਨ, ਜੋ ਉਨ੍ਹਾਂ ਉਦੋਂ ਪੈਰੀਂ ਪਾਈਆਂ ਸਨ ਜਦੋਂ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੇ ਗਰਭ ਵਿੱਚ ਸਨ। ਗੁਰੂ ਸਾਹਿਬ ਨਾਲ ਸਬੰਧਤ ਇਨ੍ਹਾਂ ਨਿਸ਼ਾਨੀਆਂ ਵਿੱਚ ਨੌਵੇਂ ਗੁਰੂ ਦਾ 'ਕੜਾ', ਮਾਤਾ ਗੁਜਰੀ ਵੱਲੋਂ ਵਰਤਿਆ 'ਰੁਮਾਲ ਸਾਹਿਬ', ਗੁਰੂ ਜੀ ਦਾ 'ਹੁਕਮਨਾਮਾ', ਜਿਸ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਅਸਲ ਹੱਥਲਿਖਤ ਹੈ, ਸ਼ਾਮਲ ਹੈ। ਇਹ ਸਾਰੀਆਂ ਨਿਸ਼ਾਨੀਆਂ ਭਾਈ ਰੂਪ ਚੰਦ ਦੇ ਪੁਰਖਿਆਂ ਵੱਲੋਂ ਸੰਭਾਲੀਆਂ ਗਈਆਂ ਸਨ। ਭਾਈ ਰੂਪ ਚੰਦ ਤੇ ਉਨ੍ਹਾਂ ਦੇ ਪੁਰਖਿਆਂ ਦੀ ਛੇਵੇਂ ਗੁਰੂ ਹਰਗੋਬਿੰਦ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਨਾਲ ਲੰਮਾਂ ਸਮਾਂ ਨੇੜਤਾ ਰਹੀ ਹੈ। ਭਾਈ ਰੂਪ ਚੰਦ ਦੇ ਪੁਰਖਿਆਂ 'ਚ 13ਵੀਂ ਪੀੜੀ ਭਾਈ ਬੂਟਾ ਸਿੰਘ ਨੇ ਕਿਹਾ, ''ਅਸੀਂ ਕਈ ਪੀੜ੍ਹੀਆਂ ਤੋਂ ਇਸ ਵਿਰਾਸਤ ਨੂੰ ਸਾਂਭਿਆ ਹੋਇਆ ਹੈ। ਭਾਈ ਰੂਪ ਚੰਦ ਨੇ ਛੇਵੇਂ ਗੁਰੂ ਹਰਗੋਬਿੰਦ ਦੀ ਸੇਵਾ ਕੀਤੀ। ਨੌਵੇਂ ਗੁਰੂ ਤੇਗ ਬਹਾਦਰ ਨਾਲ ਵੀ ਉਨ੍ਹਾਂ ਦੀ ਨੇੜਤਾ ਰਹੀ। ਦਸਵੇਂ ਗੁਰੂ ਗੋਬਿੰਦ ਸਿੰਘ ਦੇ ਆਨੰਦ ਕਾਰਜ ਵੀ ਉਨ੍ਹਾਂ ਨੇ ਕੀਤੇ।'' ਬਠਿੰਡਾ ਵਿੱਚ ਭਾਈ ਰੂਪਾ ਦੇ ਨਾਂ 'ਤੇ ਰੱਖੇ ਪਿੰਡ ਦੇ ਵਸਨੀਕ ਬੂਟਾ ਸਿੰਘ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਵੱਲੋਂ ਭਲਕੇ ਲਾਈ ਜਾਣ ਵਾਲੀ ਨੁਮਾਇਸ਼ ਵਿੱਚ ਗੁਰੂ ਜੀ ਨਾਲ ਸਬੰਧਤ ਉਪਰੋਕਤ ਨਿਸ਼ਾਨੀਆਂ ਰੱਖੀਆਂ ਜਾਣਗੀਆਂ। ਨੁਮਾਇਸ਼ ਵਿੱਚ 'ਧਰਮ ਦੀ ਚਾਦਰ' ਤੋਂ ਇਲਾਵਾ ਬੰਗਾਲ ਦੇ ਤਤਕਾਲੀਨ ਮੁਗਲ ਗਵਰਨਰ ਸ਼ਾਇਸਤਾ ਖ਼ਾਨ ਦੇ ਸ਼ਾਹੀ ਚਿੱਤਰਕਾਰ ਅਹਿਸਾਨ ਵੱਲੋਂ ਬਣਾਈ ਗੁਰੂ ਤੇਗ ਬਹਾਦਰ ਦੀ ਇਤਿਹਾਸਕ ਪੇਂਟਿੰਗ ਵੀ ਰੱਖੀ ਜਾਵੇਗੀ। ਬੂਟਾ ਸਿੰਘ ਨੇ ਕਿਹਾ ਕਿ ਗੁਰੂ ਹਰਗੋਬਿੰਦ ਨੇ ਸਿੱਖ ਪੰਥ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ ਭਾਈ ਰੂਪ ਚੰਦ ਨੂੰ 'ਭਾਈ' ਦਾ ਖਿਤਾਬ ਦਿੱਤਾ ਸੀ।



Most Read

2024-09-20 22:38:41