Breaking News >> News >> The Tribune


ਨਵੇਂ ਸੈਸ਼ਨ ਦਾ ਸਿਲੇਬਸ ਜਾਰੀ ਕਰਨਾ ਭੁੱਲਿਆ ਸੀਬੀਐੱਸਈ


Link [2022-04-20 05:15:02]



ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 19 ਅਪਰੈਲ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨਵੇਂ ਸੈਸ਼ਨ ਦਾ ਸਿਲੇਬਸ ਜਾਰੀ ਕਰਨਾ ਹੀ ਭੁੱਲ ਗਿਆ ਹੈ। ਦੇਸ਼ ਭਰ ਦੇ ਸਕੂਲਾਂ ਵਿਚ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਪਰ ਹਾਲੇ ਤਕ ਸਿਲੇਬਸ ਦੇ ਲੇਟ ਜਾਰੀ ਹੋਣ ਦੀ ਕਿਸੇ ਸਕੂਲ ਜਾਂ ਖੇਤਰੀ ਦਫਤਰ ਦੇ ਅਧਿਕਾਰੀ ਕੋਲ ਜਾਣਕਾਰੀ ਨਹੀਂ ਹੈ ਜਿਸ ਕਾਰਨ ਅਧਿਆਪਕ ਦੁਚਿਤੀ ਵਿਚ ਪਏ ਹੋਏ ਹਨ ਕਿ ਉਹ ਵਿਦਿਆਰਥੀਆਂ ਨੂੰ ਕੀ ਪੜ੍ਹਾਉਣ। ਸੀਬੀਐਸਈ ਦੀ ਇਸ ਗਲਤੀ ਕਾਰਨ ਵਿਦਿਆਰਥੀਆਂ ਦੀ ਦੋ ਹਫਤੇ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਹੈ।

ਸੀਬੀਐਸਈ ਨਿਯਮਾਂ ਅਨੁਸਾਰ ਬੋਰਡ ਵਲੋਂ ਹਰ ਵਾਰ ਮਾਰਚ ਮਹੀਨੇ ਦੇ ਤੀਜੇ ਹਫਤੇ ਤਕ ਸਿਲੇਬਸ ਜਾਰੀ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਸਿਲੇਬਸ ਅਪਰੈਲ ਮਹੀਨੇ ਦੇ ਆਖੀਰ ਤਕ ਜਾਰੀ ਨਹੀਂ ਕੀਤਾ ਗਿਆ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿਲੇਬਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਤੇ ਘਾਟ ਲਈ ਸੀਬੀਐਸਈ ਵਲੋਂ ਵਿਸ਼ਾ ਮਾਹਰਾਂ ਦੀਆਂ ਟਿੱਪਣੀਆਂ ਸਮੇਂ ਸਿਰ ਲੈ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਅਧਿਆਪਕਾਂ ਤੇ ਆਮ ਲੋਕਾਂ ਤੋਂ ਫੀਡਬੈਕ ਵੀ ਲੈ ਲਈ ਹੈ ਪਰ ਸਿਲੇਬਸ ਜਾਰੀ ਕਰਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਪੰਜਾਬ ਤੇ ਚੰਡੀਗੜ੍ਹ ਦੇ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਕ ਖਾਸ ਵਿਸ਼ੇ ਦਾ ਕਿਹੜਾ ਚੈਪਟਰ ਸਿਲੇਬਸ ਵਿਚ ਆਉਣਾ ਹੈ ਤੇ ਕਿਹੜਾ ਨਹੀਂ ਆਉਣਾ ਹੈ। ਉਹ ਸਕੂਲ ਮੁਖੀਆਂ ਨੂੰ ਆਪਣੀ ਸਮੱਸਿਆ ਦੱਸਦੇ ਹਨ ਪਰ ਸਕੂਲ ਮੁਖੀਆਂ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਹੈ। ਇਕ ਅਧਿਆਪਕ ਨੇ ਦੱਸਿਆ ਕਿ ਇਸ ਸਬੰਧ ਵਿਚ ਸੀਬੀਐਸਈ ਦੀ ਵੈਬਸਾਈਟ 'ਤੇ ਵੀ ਕੋਈ ਜਾਣਕਾਰੀ ਨਹੀਂ ਮਿਲ ਰਹੀ।

ਮੁਹਾਲੀ ਦੇ ਪ੍ਰਾਈਵੇਟ ਸਕੂਲ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਸੀਬੀਐਸਈ ਦੇ ਮੁਹਾਲੀ ਦਫਤਰ ਨੂੰ ਕਈ ਵਾਰ ਈਮੇਲ ਭੇਜ ਕੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਕਿ ਨਵਾਂ ਸਿਲੇਬਸ ਕਦੋਂ ਜਾਰੀ ਹੋਵੇਗਾ। ਦੱਸਣਾ ਬਣਦਾ ਹੈ ਕਿ ਸੀਬੀਐਸਈ ਵਲੋਂ ਹਰ ਸਾਲ ਫੀਡਬੈਕ ਦੇ ਆਧਾਰ 'ਤੇ ਸਿਲੇਬਸ ਵਿਚ ਪੰਜ ਤੋਂ ਦਸ ਫੀਸਦੀ ਬਦਲਾਅ ਕੀਤੇ ਜਾਂਦੇ ਹਨ।

ਸਾਲ ਵਿੱਚ ਦੋ ਵਾਰ ਜਾਂ ਇਕ ਵਾਰ ਪ੍ਰੀਖ਼ਿਆ ਕਰਵਾਉਣ ਦੇ ਫ਼ੈਸਲੇ ਕਾਰਨ ਦੇਰੀ

ਮੁਹਾਲੀ ਸੀਬੀਐੱਸਈ ਦੇ ਇਕ ਅਧਿਕਾਰੀ ਨੇੇ ਦੱਸਿਆ ਕਿ ਸਿਲੇਬਸ ਨਵੀਂ ਦਿੱਲੀ ਤੋਂ ਹੀ ਜਾਰੀ ਹੁੰਦਾ ਹੈ ਪਰ ਇਹ ਪਤਾ ਲੱਗਾ ਹੈ ਕਿ ਹਾਲੇ ਸੀਬੀਐੱਸਈ ਨੇ ਇਹ ਫ਼ੈਸਲਾ ਹੀ ਨਹੀਂ ਕੀਤਾ ਕਿ ਅਗਲੇ ਸਾਲ ਇਕ ਵਾਰ ਪ੍ਰੀਖਿਆ ਹੋਣੀ ਹੈ ਜਾਂ ਟਰਮ-1 ਤੇ ਟਰਮ-2 ਦੀਆਂ ਦੋ ਪ੍ਰੀਖਿਆਵਾਂ ਹੋਣੀਆਂ ਹਨ। ਇਕ ਵਾਰ ਲਈ ਸਿਲੇਬਸ ਹੋਰ ਹੋਵੇਗਾ ਤੇ ਦੋ ਟਰਮਾਂ ਦੀ ਪ੍ਰੀਖਿਆ ਲੈਣ ਲਈ ਹੋਰ ਸਿਲੇਬਸ ਹੋਵੇਗਾ। ਇਸ ਕਰ ਕੇ ਸਿਲੇਬਸ ਜਾਰੀ ਕਰਨ ਵਿਚ ਦੇਰੀ ਹੋਈ ਹੈ।



Most Read

2024-09-20 22:33:22