World >> The Tribune


ਯੂਕੇ ਦੇ ਪ੍ਰਧਾਨ ਮੰਤਰੀ ਜੌਹਨਸਨ ’ਤੇ ਕਰੋਨਾ ਤਾਲਾਬੰਦੀ ਦੌਰਾਨ ਪਾਰਟੀਆਂ ’ਚ ਸ਼ਾਮਲ ਹੋਣ ਦਾ ਦੋਸ਼


Link [2022-04-19 07:34:12]



ਲੰਡਨ, 18 ਅਪਰੈਲ

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ 'ਤੇ ਅੱਜ ਇੱਕ ਵਾਰ ਫਿਰ ਕਰੋਨਾ ਤਾਲਾਬੰਦੀ ਦੌਰਾਨ ਨੇਮਾਂ ਦੀ ਉਲੰਘਣਾ ਕਰਨ ਅਤੇ ਕਈ ਪਾਰਟੀਆਂ ਵਿੱਚ ਸ਼ਮੂਲੀਅਤ ਦਾ ਦੋਸ਼ ਲੱਗਾ ਹੈ। ਸ੍ਰੀ ਜੌਹਨਸਨ ਨੇ ਵੀਰਵਾਰ ਨੂੰ ਭਾਰਤ ਦੌਰੇ 'ਤੇ ਰਵਾਨਾ ਹੋਣਾ ਹੈ।

ਜੌਹਨਸਨ 'ਤੇ ਪਹਿਲਾਂ ਹੀ ਜੂਨ 2020 ਵਿੱਚ ਆਪਣੇ ਜਨਮ ਦਿਨ ਮੌਕੇ ਅਜਿਹੀ ਇੱਕ ਪਾਰਟੀ ਕਰਨ ਨੂੰ ਲੈ ਕੇ ਜੁਰਮਾਨਾ ਲੱਗ ਚੁੱਕਾ ਹੈ। ਉਦੋਂ ਸ੍ਰੀ ਜੌਹਨਸਨ ਦੀ ਪਤਨੀ ਕੈਰੀ ਕੈਬਨਿਟ ਰੂਮ ਵਿੱਚ ਕੇਕ ਲੈ ਕੇ ਆਈ ਸੀ। ਬਰਤਾਨੀਆ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ 'ਤੇ ਵੀ ਜੁਰਮਾਨਾ ਲਾਇਆ ਗਿਆ ਸੀ।

ਬਰਤਾਨੀਆ ਦੇ ਮੀਡੀਆ ਮੁਤਾਬਕ ਪੁਲੀਸ ਲਾਕਡਾਊਨ ਦੌਰਾਨ ਹੋਈਆਂ 12 ਪਾਰਟੀਆਂ ਦੀ ਜਾਂਚ ਕਰ ਰਹੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ '12 ਲਾਕਡਾਊਨ ਪਾਰਟੀਆਂ' ਵਿੱਚੋਂ ਲੱਗਪਗ 6 ਨਾਲ ਜੌਹਨਸਨ ਦਾ ਸਬੰਧ ਹੈ। 'ਦਿ ਸੰਡੇ ਟਾਈਮਜ਼' ਨੇ ਇੱਕ ਸੂਤਰ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਨਵੰਬਰ 2020 ਵਿੱਚ 10 ਡਾਊਨਿੰਗ ਸਟਰੀਟ ਦੇ ਸੇਵਾਮੁਕਤ ਹੋ ਰਹੇ ਸੰਚਾਰ ਡਾਇਰੈਕਟਰ ਲੀ ਕੈਨ ਲਈ ਇੱਕ ਪਾਰਟੀ ਕਰਨ ਵਿੱਚ ਕਥਿਤ ਤੌਰ 'ਤੇ ਜੌਹਨਸਨ ਦੀ ਭੂਮਿਕਾ ਸੀ। ਨਵੇਂ ਦੋਸ਼ਾਂ ਮਗਰੋਂ ਵਿਰੋਧੀ ਧਿਰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (57) ਤੋਂ ਅਹੁਦਾ ਛੱਡਣ ਲਈ ਜ਼ੋਰ ਪਾ ਰਹੀ ਹੈ। ਲੇਬਰ ਪਾਰਟੀ ਦੀ ਉਪ ਨੇਤਾ ਐਂਜਲਾ ਰੇਨਰ ਨੇ ਕਿਹਾ, ''ਜੇਕਰ ਨਵੀਆਂ ਰਿਪੋਰਟਾਂ ਸਹੀ ਹਨ, ਤਾਂ ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨਾ ਸਿਰਫ ਅਜਿਹੀਆਂ ਪਾਰਟੀਆਂ ਵਿੱਚ ਸ਼ਾਮਲ ਹੋਏ ਬਲਕਿ ਉਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਪਾਰਟੀ ਕਰਵਾਉਣ ਵਿੱਚ ਉਨ੍ਹਾਂ ਦਾ ਹੱਥ ਵੀ ਸੀ।'' -ਪੀਟੀਆਈ



Most Read

2024-09-20 09:41:18