Breaking News >> News >> The Tribune


ਭਾਰਤ ’ਚ ਵਾਦ-ਵਿਵਾਦ ਤੇ ਸੰਵਾਦ ਦੀ ਰਵਾਇਤ ਰਹੀ ਹੈ: ਕੋਵਿੰਦ


Link [2022-04-19 03:53:56]



ਆਦਿਤੀ ਟੰਡਨਨਵੀਂ ਦਿੱਲੀ, 18 ਅਪਰੈਲ

ਮੁੱਖ ਅੰਸ਼

ਆਈਆਈਸੀ ਦੇ ਪ੍ਰਧਾਨ ਐੱਨ.ਐੱਨ. ਵੋਹਰਾ ਨੇ ਸੰਸਥਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਭਾਰਤ ਵਿਚ 'ਵਾਦ, ਵਿਵਾਦ, ਸੰਵਾਦ' ਦੀ ਰਵਾਇਤ ਰਹੀ ਹੈ ਤੇ ਇਸੇ ਵਿਰਾਸਤ ਨਾਲ ਮੁੜ ਜੁੜਨ ਦੀ ਲੋੜ ਹੈ। 'ਇੰਡੀਆ ਇੰਟਰਨੈਸ਼ਨਲ ਸੈਂਟਰ' ਦੇ ਡਾਇਮੰਡ ਜੁਬਲੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ 'ਪੂਰੇ ਭਾਰਤ ਵਿਚ ਸੈਂਕੜੇ ਆਈਆਈਸੀ ਹੋਣ ਤਾਂ ਕਿ ਵਿਚਾਰ-ਚਰਚਾ ਨੂੰ ਹੁਲਾਰਾ ਮਿਲਦਾ ਰਹੇ।' ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਪੁਰਾਤਨ ਭਾਰਤੀ ਫਲਸਫ਼ਾ ਦੁਨੀਆ ਭਰ 'ਚ ਮੋਹਰੀ ਹੈ, ਅਜਿਹਾ ਕਿਤੇ ਹੋਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਅੱਜ ਸਿਰਫ਼ ਤੱਥਾਂ ਦੇ ਪੱਖ ਤੋਂ ਹੀ ਨਹੀਂ ਬਲਕਿ ਗੰਭੀਰ ਚਿੰਤਨ ਰਾਹੀਂ ਸਿੱਖ ਕੇ ਵੀ ਸੱਚ ਤੱਕ ਅੱਪੜਨਾ ਚਾਹੁੰਦੇ ਹਨ। ਕੋਵਿੰਦ ਨੇ ਕਿਹਾ ਕਿ ਆਈਆਈਸੀ ਵਰਗੀਆਂ ਸੰਸਥਾਵਾਂ ਦੀ ਅਜੋਕੇ ਦੌਰ ਵਿਚ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਆਈਆਈਸੀ ਇਕ ਉੱਭਰਦੇ ਲੋਕਤੰਤਰ ਵਜੋਂ ਭਾਰਤ ਦੇ ਨਜ਼ਰੀਏ ਨੂੰ ਪ੍ਰਦਰਸ਼ਿਤ ਕਰਦਾ ਹੈ ਜਿੱਥੇ ਕੌਮੀ ਤੇ ਆਲਮੀ ਪੱਧਰ ਦੀ ਸਮਝ ਦੇ ਮਾਹੌਲ ਵਿਚ ਸੰਵਾਦ ਦੀ ਸੰਭਾਵਨਾ ਰਹਿੰਦੀ ਹੈ। ਰਾਸ਼ਟਰਪਤੀ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਤੇ ਆਈਆਈਸੀ ਦੇ ਪ੍ਰਧਾਨ ਐਨ.ਐਨ. ਵੋਹਰਾ ਨੇ ਆਪਣੇ ਸੰਬੋਧਨ ਵਿਚ ਆਈਆਈਸੀ ਦੇ ਮੁੱਢਲੇ ਵਰ੍ਹਿਆਂ (1950 ਤੋਂ ਬਾਅਦ ਦੇ ਸਮੇਂ) ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਤਤਕਾਲੀ ਉਪ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਟੋਕੀਓ ਦੇ ਦੌਰੇ ਉਤੇ ਸਨ ਤੇ ਭਾਰਤੀ ਭਾਈਚਾਰੇ ਨੇ ਉੱਥੇ 'ਇੰਟਰਨੈਸ਼ਨਲ ਹਾਊਸ ਆਫ ਜਪਾਨ' ਵਿਚ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ। ਡਾ. ਰਾਧਾਕ੍ਰਿਸ਼ਨਨ ਹਾਊਸ ਦੀ ਇਮਾਰਤ, ਇਸ ਦੇ ਮੰਤਵਾਂ ਤੇ ਕਾਰਜਪ੍ਰਣਾਲੀ ਤੋਂ ਬਹੁਤ ਪ੍ਰਭਾਵਿਤ ਹੋਏ। ਸ੍ਰੀ ਵੋਹਰਾ ਨੇ ਕਿਹਾ ਕਿ ਰਾਧਾਕ੍ਰਿਸ਼ਨਨ ਨੇ ਭਾਰਤ ਪਰਤ ਕੇ ਇਸ ਬਾਰੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਮਗਰੋਂ ਰਾਧਾਕ੍ਰਿਸ਼ਨਨ ਅਮਰੀਕਾ ਗਏ ਤੇ ਉੱਥੇ ਉਨ੍ਹਾਂ ਦੀ ਮੁਲਾਕਾਤ ਜੌਹਨ ਡੀ. ਰੌਕਫੈਲਰ ਨਾਲ ਹੋਈ ਜੋ ਕਿ ਵੱਖ-ਵੱਖ ਮੁਲਕਾਂ ਵਿਚ ਅਜਿਹੀਆਂ ਸੰਸਥਾਵਾਂ ਖੜ੍ਹੀਆਂ ਕਰਨ ਵਿਚ ਮਦਦ ਕਰ ਰਹੇ ਸਨ। ਇਸ ਤੋਂ ਬਾਅਦ ਸਹਿਮਤੀ ਬਣੀ ਤੇ ਜਪਾਨ ਦੀ ਤਰਜ਼ ਉਤੇ ਸੰਸਥਾ ਬਣਾਉਣ ਲਈ ਕਮੇਟੀ ਬਣਾਈ ਗਈ। ਇਸ ਤੋਂ ਬਾਅਦ 22 ਜਨਵਰੀ, 1962 ਨੂੰ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਜੋ ਕਿ ਹੁਣ ਆਈਆਈਸੀ ਹੈ। ਉਨ੍ਹਾਂ ਕਿਹਾ ਕਿ ਆਈਆਈਸੀ ਦਾ ਮੰਤਵ ਵੱਖ-ਵੱਖ ਭਾਈਚਾਰਿਆਂ ਦਰਮਿਆਨ ਦੋਸਤੀ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਈਚਾਰਿਆਂ ਉਤੇ ਸਭਿਆਚਾਰ ਭਾਰੂ ਸਨ ਤੇ ਇਹ ਫ਼ੈਸਲਾ ਕੀਤਾ ਗਿਆ ਸੰਸਥਾ ਸਭਿਆਚਾਰਾਂ ਦੇ ਪੁਰਾਤਨ ਤੇ ਵਰਤਮਾਨ ਸਰੂਪ ਨੂੰ ਸਮਝਣ ਵਿਚ ਸਹਾਇਤਾ ਕਰੇਗੀ। ਸ੍ਰੀ ਵੋਹਰਾ ਨੇ ਦੱਸਿਆ ਕਿ ਡੇਸਮੰਡ ਟੁਟੂ, ਮਾਰਟਿਨ ਲੂਥਰ ਕਿੰਗ, ਦਲਾਈ ਲਾਮਾ ਤੇ ਕੋਫੀ ਅੰਨਾਨ ਜਿਹੀਆਂ ਸ਼ਖ਼ਸੀਅਤਾਂ ਆਈਆਈਸੀ ਵਿਚ ਸੰਬੋਧਨ ਕਰ ਚੁੱਕੀਆਂ ਹਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਐੱਨ.ਐੱਨ. ਵੋਹਰਾ ਦੇ ਕਾਰਜਕਾਲ ਨੂੰ ਯਾਦ ਕੀਤਾ ਤੇ ਸ਼ਲਾਘਾ ਕੀਤੀ।



Most Read

2024-09-20 22:26:59