World >> The Tribune


ਤਨਵੀਰ ਇਲਿਯਾਸ ਬਣੇ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ


Link [2022-04-18 19:55:01]



ਇਸਲਾਮਾਬਾਦ, 18 ਅਪਰੈਲ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਖੇਤਰੀ ਪ੍ਰਧਾਨ ਸਰਦਾਰ ਤਨਵੀਰ ਇਤਿਯਾਸ ਨੂੰ ਸੋਮਵਾਰ ਨੂੰ ਮਕਬੂਜ਼ਾ ਕਸ਼ਮੀਰ ਦਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਵਿਰੋਧੀ ਧਿਰ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ। ਸਰਦਾਰ ਅਬਦੁਲ ਕਯੂਮ ਨਿਆਜੀ ਦੇ ਅਸਤੀਫ਼ੇ ਬਾਅਦ ਇਮਰਾਨ ਖ਼ਾਨ ਨੇ ਇਲਿਯਾਸ ਨੂੰ ਪਾਰਟੀ ਦਾ ਉਮੀਦਵਾਰ ਨਾਮਜ਼ਦ ਕੀਤਾ ਸੀ। ਨਿਆਜੀ ਨੇ ਵੀਰਵਾਰ ਨੂੰ ਸੱਤਾਧਾਰੀ ਪਾਰਟੀ ਵਿੱਚ ਆਪਣੇ ਖਿਲਾਫ਼ ਬਗਾਵਤ ਬਾਅਦ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ ਨੇ ਚੌਧਰੀ ਯਾਸੀਨ ਨੂੰ ਇਲਿਯਾਸ ਖਿਲਾਫ਼ ਸਾਂਝੇ ਤੌਰ 'ਤੇ ਉਮੀਦਵਾਰ ਬਣਾਇਆ ਸੀ। ਪੀਟੀਆਈ ਆਗੂ ਨੇ 33 ਵੋਟਾਂ ਹਾਸਲ ਕੀਤੀਆਂ। ਨਿਆਜੀ ਦੀ ਪਾਰਟੀ ਪੀਟੀਆਈ ਦੇ 25 ਮੈਂਬਰਾਂ ਨੇ ਉਸ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਜਿਸ ਮਗਰੋਂ ਉਸ ਨੇ ਅਸਤੀਫ਼ਾ ਦੇ ਦਿੱਤਾ ਸੀ। 53 ਮੈਂਬਰੀ ਸਦਨ ਵਿੱਚ ਪੀਟੀਆਈ ਵੱਲੋਂ 32 ਸੀਟਾਂ ਹਾਸਲ ਕਰਕੇ ਬੀਤੇ ਵਰ੍ਹੇ ਨਿਆਜੀ ਸੱਤਾ 'ਤੇ ਕਾਬਜ਼ ਹੋਏ ਸਨ। ਭਾਰਤ ਨੇ ਮਕਬੂਜ਼ਾ ਕਸ਼ਮੀਰ ਵਿੱਚ ਚੋਣਾਂ ਨੂੰ 'ਮਹਿਜ਼ ਦਿਖਾਵਾ' ਕਰਾਰ ਦਿੰਦਿਆਂ ਨਕਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਪਾਕਿਸਤਾਨ ਦੀ 'ਉਸ ਦੇ ਨਾਜਾਇਜ਼ ਕਬਜ਼ੇ ਨੂੰ ਲੁਕਾਉਣ ਦੀ ਕੋਸ਼ਿਸ਼ ਹੈ। ਮਕਬੂਜ਼ਾ ਕਸ਼ਮੀਰ ਵਿੱਚ ਚੋਣਾਂ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਪਾਕਿਸਤਾਨ ਦਾ 'ਇਨ੍ਹਾਂ ਭਾਰਤੀ ਖੇਤਰਾਂ ਵਿੱਚ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੂੰ ਉਨ੍ਹਾਂ ਸਭਨਾਂ ਭਾਰਤੀ ਖੇਤਰਾਂ ਨੂੰ ਛੱਡ ਦੇਣਾ ਚਾਹੀਦਾ ਹੈ, ਜਿਥੇ ਉਸ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।'-ਏਜੰਸੀ



Most Read

2024-09-20 10:03:27