Breaking News >> News >> The Tribune


ਸੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਮਗਰੋਂ ਹੁਬਲੀ ਵਿੱਚ ਵੀ ਭੜਕੀ ਹਿੰਸਾ


Link [2022-04-18 08:34:05]



ਹੁਬਲੀ (ਕਰਨਾਟਕ): ਕਰਨਾਟਕ ਦੇ ਪੁਰਾਣੇ ਹੁਬਲੀ ਸ਼ਹਿਰ 'ਚ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਅੱਜ ਤੜਕੇ ਵੱਡੀ ਗਿਣਤੀ 'ਚ ਲੋਕਾਂ ਨੇ ਹਿੰਸਾ ਕੀਤੀ। ਉਨ੍ਹਾਂ ਪੁਲੀਸ ਦੀਆਂ ਕਈ ਗੱਡੀਆਂ ਭੰਨ ਦਿੱਤੀਆਂ ਅਤੇ ਨੇੜੇ ਸਥਿਤ ਇੱਕ ਹਸਪਤਾਲ ਤੇ ਇੱਕ ਹਨੂੰਮਾਨ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਘਟਨਾ 'ਚ ਕੁਝ ਪੁਲੀਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਹੁਬਲੀ ਸ਼ਹਿਰ 'ਚ ਧਾਰਾ 144 ਲਗਾ ਦਿੱਤੀ ਗਈ ਹੈ। ਹੁਬਲੀ-ਧਾਰਵਾੜ ਦੇ ਪੁਲੀਸ ਕਮਿਸ਼ਨਰ ਲੱਭੂ ਰਾਮ ਨੇ ਪੱਤਰਕਾਰਾਂ ਨੂੰ ਦੱਸਿਆ, 'ਤਕਰੀਬਨ 40 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁਝ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਡਿਊਟੀ 'ਤੇ ਤਾਇਨਾਤ ਸਾਡੇ 12 ਅਧਿਕਾਰੀ ਜ਼ਖ਼ਮੀ ਹੋ ਗਏ ਹਨ ਤੇ ਪੁਲੀਸ ਦੇ ਕੁਝ ਵਾਹਨ ਵੀ ਨੁਕਸਾਨੇ ਗਏ ਹਨ।' ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ, ਇਸ ਲਈ ਕੁਝ ਇਹਤਿਆਤੀ ਕਦਮ ਚੁੱਕੇ ਗਏ ਹਨ। ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥ 'ਚ ਲਿਆ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਜਿਸ 'ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ ਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਕੇਸ ਦਰਜ ਕਰਕੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੋਣ 'ਤੇ ਕੁਝ ਲੋਕ ਥਾਣੇ ਨੇੜੇ ਇਕੱਠੇ ਹੋਣ ਲੱਗੇ। ਉਨ੍ਹਾਂ ਨੂੰ ਸਮਝਾਇਆ ਗਿਆ ਤੇ ਬਾਅਦ ਵਿੱਚ ਉੱਥੋਂ ਹਟਾ ਦਿੱਤਾ ਗਿਆ। ਕੁਝ ਦੇਰ ਬਾਅਦ ਲੋਕ ਫਿਰ ਇਕੱਠੇ ਹੋ ਗੲੇ ਤੇ ਉਨ੍ਹਾਂ ਹਿੰਸਾ ਸ਼ੁਰੂ ਕਰ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਨੇ ਕਿਹਾ ਕਿ ਪੁਰਾਣਾ ਸ਼ਹਿਰ ਥਾਣੇ ਦੇ ਇੰਚਾਰਜ ਸਮੇਤ ਪੁਲੀਸ ਦੇ ਕੁਝ ਅਧਿਕਾਰੀ ਜ਼ਖ਼ਮੀ ਹੋਏ ਹਨ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਕਿ ਇਹ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਹਮਲਾ ਸੀ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਅਪੀਲ ਕੀਤੀ। -ਪੀਟੀਆਈ

ਆਂਧਰਾ ਪ੍ਰਦੇਸ਼: ਦੋ ਭਾਈਚਾਰਿਆਂ 'ਚ ਝੜਪ

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਹੋਲਾਗੁੰਡਾ ਪਿੰਡ 'ਚ ਦੋ ਭਾਈਚਾਰਿਆਂ ਵਿਚਾਲੇ ਮਾਮੂਲੀ ਝੜਪ ਤੋਂ ਬਾਅਦ ਪਥਰਾਅ ਹੋਇਆ ਪਰ ਪੁਲੀਸ ਦੇ ਦਖਲ ਮਗਰੋਂ ਦੋਵਾਂ ਧਿਰਾਂ ਦੇ ਸ਼ਾਂਤ ਹੋਣ ਨਾਲ ਸਥਿਤੀ ਕਾਬੂ ਹੇਠ ਆ ਗਈ ਹੈ। ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਝੜਪ ਲੰਘੀ ਰਾਤ ਉਸ ਸਮੇਂ ਹੋਈ ਜਦੋਂ ਹਨੂੰਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਸਜਾਈ ਜਾ ਰਹੀ ਸੀ। ਸ਼ੋਭਾ ਯਾਤਰਾ ਪਿੰਡ ਦੀ ਮਜਸਿਦ ਨੇੜੇ ਪਹੁੰਚੀ ਤਾਂ ਰਮਜ਼ਾਨ ਦੇ ਮੱਦੇਨਜ਼ਰ ਜੈਅੰਤੀ ਦੇ ਪ੍ਰਬੰਧਕਾਂ ਨੇ ਮਾਈਕ ਬੰਦ ਕਰ ਦਿੱਤਾ ਪਰ ਕੁਝ ਵਿਅਕਤੀਆਂ ਨੇ ਨਾਰਾਜ਼ ਹੋ ਕੇ 'ਜੈ ਸ੍ਰੀਰਾਮ' ਦੇ ਨਾਅਰੇ ਮਾਰੇ। ਇਸ ਤੋਂ ਨਾਰਾਜ਼ ਹੋ ਕੇ ਇੱਕ ਭਾਈਚਾਰੇ ਦੇ ਲੋਕਾਂ ਨੇ ਸ਼ੋਭਾ ਯਾਤਰਾ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਸ਼ੋਭਾ ਯਾਤਰਾ 'ਚ ਸ਼ਾਮਲ ਲੋਕਾਂ ਨੇ ਵੀ ਪਥਰਾਅ ਸ਼ੁਰੂ ਕਰ ਦਿੱਤਾ। ਪੁਲੀਸ ਨੇ ਦੋਵਾਂ ਧਿਰਾਂ ਦੇ ਲੋਕਾਂ ਨੂੰ ਥਾਣੇ ਲਿਜਾ ਕੇ ਸਮਝਾਇਆ ਜਿਸ ਮਗਰੋਂ ਉਹ ਸ਼ਾਂਤ ਹੋਏ। -ਪੀਟੀਆਈ

ਉੱਤਰਾਖੰਡ 'ਚ ਵੀ ਸ਼ੋਭਾ ਯਾਤਰਾ 'ਤੇ ਪਥਰਾਅ

ਦੇਹਰਾਦੂਨ: ਹਰਿਦੁਆਰ ਜ਼ਿਲ੍ਹੇ 'ਚ ਰੁੜਕੀ ਨੇੜੇ ਭਗਵਾਨਪੁਰ ਇਲਾਕੇ 'ਚੋਂ ਜਦੋਂ ਹਨੂੰਮਾਨ ਜੈਅੰਤੀ ਮੌਕੇ ਸ਼ਨਿਚਰਵਾਰ ਨੂੰ ਸ਼ੋਭਾ ਯਾਤਰਾ ਨਿਕਲ ਰਹੀ ਸੀ ਤਾਂ ਉਸ 'ਤੇ ਪਥਰਾਅ ਹੋ ਗਿਆ। ਹਿੰਸਾ 'ਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਗੜਵਾਲ ਰੇਂਜ ਦੇ ਡੀਆਈਜੀ ਕੇ ਐੱਸ ਨਾਂਗਨਿਆਲ ਨੇ ਕਿਹਾ ਕਿ ਨੇੜਲੇ ਪਿੰਡਾਂ ਦੇ ਲੋਕਾਂ ਦੇ ਮੌਕੇ 'ਤੇ ਪਹੁੰਚਣ ਕਾਰਨ ਇਲਾਕੇ 'ਚ ਤਣਾਅ ਫੈਲ ਗਿਆ ਸੀ ਪਰ ਪੁਲੀਸ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਕਾਰਨ ਹਾਲਾਤ ਕਾਬੂ ਹੇਠ ਕਰ ਲਏ ਗਏ। ਪੁਲੀਸ ਨੇ ਘਟਨਾ ਦੇ ਸਬੰਧ 'ਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ 13 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਲੋਕਾਂ 'ਚ ਭਰੋਸਾ ਕਾਇਮ ਕਰਨ ਲਈ ਐਤਵਾਰ ਨੂੰ ਅਧਿਕਾਰੀਆਂ ਦੀ ਟੀਮ ਨੇ ਇਲਾਕੇ ਦਾ ਦੌਰਾ ਕੀਤਾ। -ਪੀਟੀਆਈ



Most Read

2024-09-21 00:52:26