Breaking News >> News >> The Tribune


ਮੁੰਬਈ ’ਚ ਗ਼ੈਰ-ਭਾਜਪਾ ਮੁੱਖ ਮੰਤਰੀਆਂ ਦੀ ਕਾਨਫ਼ਰੰਸ ਦੀ ਸੰਭਾਵਨਾ


Link [2022-04-18 08:34:05]



ਮੁੰਬਈ, 17 ਅਪਰੈਲ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਕਿਹਾ ਕਿ ਮੁੰਬਈ ਵਿਚ ਜਲਦੀ ਹੀ ਗੈਰ-ਭਾਜਪਾ ਮੁੱਖ ਮੰਤਰੀਆਂ ਦੀ ਕਾਨਫਰੰਸ ਹੋ ਸਕਦੀ ਹੈ। ਇਸ ਵਿਚ ਮੁਲਕ ਦੀ ਵਰਤਮਾਨ ਸਿਆਸੀ ਸਥਿਤੀ ਉਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਹੈ ਜਿੱਥੇ ਭਾਜਪਾ ਸੱਤਾ ਵਿਚ ਨਹੀਂ ਹੈ।

ਰਾਊਤ ਨੇ ਕਿਹਾ ਕਿ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਉਤੇ ਵਿਚਾਰ ਕੀਤਾ ਹੈ ਤੇ ਮੁੰਬਈ ਵਿਚ ਕਾਨਫਰੰਸ ਕਰਵਾਏ ਜਾਣ ਲਈ ਯਤਨ ਹੋ ਰਹੇ ਹਨ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਇਸ ਮੌਕੇ ਬੇਰੁਜ਼ਗਾਰੀ, ਮਹਿੰਗਾਈ, ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਤੇ ਫ਼ਿਰਕੂ ਟਕਰਾਅ ਦੇ ਮੁੱਦੇ ਵਿਚਾਰੇ ਜਾਣਗੇ।

ਜ਼ਿਕਰਯੋਗ ਹੈ ਕਿ 13 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਾਲ ਹੀ ਵਿਚ ਵੱਖ-ਵੱਖ ਥਾਈਂ ਦਿੱਤੇ ਗਏ ਨਫ਼ਰਤੀ ਭਾਸ਼ਣਾਂ ਤੇ ਫ਼ਿਰਕੂ ਹਿੰਸਾ ਉਤੇ ਸ਼ਨਿਚਰਵਾਰ ਚਿੰਤਾ ਜ਼ਾਹਿਰ ਕੀਤੀ ਸੀ। ਸੋਨੀਆ ਗਾਂਧੀ, ਸ਼ਰਦ ਪਵਾਰ, ਮਮਤਾ ਬੈਨਰਜੀ ਤੇ ਹੋਰਾਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਫ਼ਿਕਰ ਜ਼ਾਹਿਰ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸੱਤਾਧਾਰੀ ਧਿਰ ਦੇਸ਼ ਵਿਚ ਖਾਣੇ, ਪਹਿਰਾਵੇ, ਧਰਮ, ਤਿਉਹਾਰਾਂ ਤੇ ਭਾਸ਼ਾਵਾਂ ਦੇ ਨਾਂ ਉਤੇ ਨਫ਼ਰਤ ਪੈਦਾ ਕਰ ਕੇ ਸਮਾਜ ਦਾ ਧਰੁਵੀਕਰਨ ਕਰ ਰਹੀ ਹੈ। ਰਾਊਤ ਨੇ ਅੱਜ ਦੋਸ਼ ਲਾਇਆ ਕਿ ਹਾਲ ਹੀ ਵਿਚ ਰਾਮ ਨੌਮੀ ਤੇ ਹਨੂੰਮਾਨ ਜੈਅੰਤੀ ਮੌਕੇ ਕੱਢੀਆਂ ਗਈਆਂ ਸ਼ੋਭਾ ਯਾਤਰਾਵਾਂ ਉਤੇ ਹੋਏ ਹਮਲੇ 'ਸਿਆਸਤ ਤੋਂ ਪ੍ਰੇਰਿਤ ਸਨ' ਤਾਂ ਕਿ ਵੋਟਰਾਂ ਦਾ ਧਰੁਵੀਕਰਨ ਹੋ ਸਕੇ, ਖਾਸ ਕਰ ਕੇ ਉੱਥੇ ਜਿੱਥੇ ਆਉਣ ਵਾਲੇ ਮਹੀਨਿਆਂ ਵਿਚ ਵੋਟਾਂ ਪੈਣ ਵਾਲੀਆਂ ਹਨ। -ਪੀਟੀਆਈ

ਹੁਣ 'ਹਿੰਦੂ ਓਵੈਸੀ' ਨੂੰ ਵਰਤ ਰਹੀ ਹੈ ਭਾਜਪਾ: ਰਾਊਤ

ਸੰਜੇ ਰਾਊਤ ਨੇ ਐਮਐੱਨਐੱਸ ਮੁਖੀ ਰਾਜ ਠਾਕਰੇ ਉਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਮਹਾਰਾਸ਼ਟਰ ਵਿਚ 'ਹਿੰਦੂ ਓਵੈਸੀ' ਸ਼ਾਂਤੀ ਭੰਗ ਕਰਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜ ਠਾਕਰੇ ਨੇ ਮਸਜਿਦਾਂ ਤੋਂ ਲਾਊਡਸਪੀਕਰ ਹਟਾਉਣ ਦਾ ਅਲਟੀਮੇਟਮ ਦਿੱਤਾ ਹੈ। ਰਾਊਤ ਨੇ ਕਿਹਾ ਕਿ ਪਹਿਲਾਂ ਭਾਜਪਾ ਨੇ 'ਓਵੈਸੀ (ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ) ਨੂੰ ਯੂਪੀ ਵਿਚ ਵਰਤਿਆ ਤੇ ਹੁਣ ਮਹਾਰਾਸ਼ਟਰ ਵਿਚ ਹਿੰਦੂ ਓਵੈਸੀ ਨੂੰ ਵਰਤਿਆ ਜਾ ਰਿਹਾ ਹੈ।' ਰਾਜ ਠਾਕਰੇ ਨੇ ਰਾਊਤ ਦੀ ਟਿੱਪਣੀ 'ਤੇ ਕਿਹਾ ਕਿ ਉਹ 'ਬਿਨਾਂ ਰੀੜ੍ਹ' ਦੇ ਵਿਅਕਤੀਆਂ ਦੀਆਂ ਟਿੱਪਣੀਆਂ ਦਾ ਕੋਈ ਜਵਾਬ ਨਹੀਂ ਦਿੰਦੇ। -ਪੀਟੀਆਈ



Most Read

2024-09-20 22:39:43