Breaking News >> News >> The Tribune


ਸੈਨਾ ਕਮਾਂਡਰਾਂ ਦਾ ਸੰਮੇਲਨ ਦਿੱਲੀ ’ਚ ਅੱਜ ਤੋਂ


Link [2022-04-18 08:34:05]



ਨਵੀਂ ਦਿੱਲੀ, 17 ਅਪਰੈਲ

ਫ਼ੌਜ ਦੇ ਚੋਟੀ ਦੇ ਕਮਾਂਡਰਾਂ ਦਾ ਸੰਮੇਲਨ ਭਲਕ ਤੋਂ ਨਵੀਂ ਦਿੱਲੀ ਵਿਚ ਸ਼ੁਰੂ ਹੋਵੇਗਾ। ਪੰਜ ਦਿਨਾਂ ਦੇ ਸੰਮੇਲਨ ਵਿਚ ਫ਼ੌਜੀ ਕਮਾਂਡਰ ਭਾਰਤ ਲਈ ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਬਣੀਆਂ ਸੁਰੱਖਿਆ ਚੁਣੌਤੀਆਂ ਅਤੇ ਯੂਕਰੇਨ-ਰੂਸ ਜੰਗ ਦੇ ਭੂਗੋਲਿਕ ਤੇ ਸਿਆਸੀ ਤੌਰ ਉਤੇ ਪੈਣ ਵਾਲੇ ਅਸਰਾਂ ਉਤੇ ਵਿਚਾਰ-ਚਰਚਾ ਕਰਨਗੇ। 18-22 ਅਪਰੈਲ ਤੱਕ ਹੋਣ ਵਾਲੇ ਸੰਮੇਲਨ ਦੀ ਪ੍ਰਧਾਨਗੀ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਕਰਨਗੇ। ਸੈਨਾ ਅਧਿਕਾਰੀ ਇਸ ਮੌਕੇ ਸਮਰੱਥਾ ਵਿਚ ਵਾਧੇ ਤੇ ਜੰਗੀ ਤਿਆਰੀਆਂ ਬਾਰੇ ਯੋਜਨਾਵਾਂ 'ਤੇ ਵੀ ਵਿਚਾਰ ਕਰਨਗੇ। ਜ਼ਿਕਰਯੋਗ ਹੈ ਕਿ ਫ਼ੌਜੀ ਕਮਾਂਡਰਾਂ ਦੀ ਕਾਨਫਰੰਸ ਸਾਲ ਵਿਚ ਦੋ ਵਾਰ- ਅਪਰੈਲ ਤੇ ਅਕਤੂਬਰ ਵਿੱਚ ਹੁੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੈਨਾ ਅਧਿਕਾਰੀ ਯੂਕਰੇਨ ਵਿਚ ਲੱਗੀ ਜੰਗ ਦੇ ਖੇਤਰੀ ਸੁਰੱਖਿਆ ਉਤੇ ਪੈਣ ਵਾਲੇ ਅਸਰਾਂ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਟਕਰਾਅ ਦੇ ਹੋਰਨਾਂ ਪੱਖਾਂ ਨੂੰ ਵੀ ਵਿਚਾਰਿਆ ਜਾਵੇਗਾ। ਸੈਨਾ ਕਮਾਂਡਰ ਚੀਨ ਨਾਲ ਲੱਗਦੀ ਐਲਏਸੀ 'ਤੇ ਭਾਰਤ ਦੀਆਂ ਫ਼ੌਜੀ ਪੱਧਰ ਦੀਆਂ ਤਿਆਰੀਆਂ ਤੇ ਪੂਰਬੀ ਲੱਦਾਖ ਦੇ ਸਰਹੱਦੀ ਮਸਲੇ ਉਤੇ ਵੀ ਚਰਚਾ ਕਰਨਗੇ। ਜੰਮੂ ਕਸ਼ਮੀਰ ਵਿਚ ਅਤਿਵਾਦ ਵਿਰੋਧੀ ਮੁਹਿੰਮਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਰਤਮਾਨ ਸਥਿਤੀ ਵੀ ਕਾਨਫਰੰਸ ਵਿਚ ਵਿਚਾਰੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ 21 ਅਪਰੈਲ ਨੂੰ ਸੰਬੋਧਨ ਕਰ ਸਕਦੇ ਹਨ। -ਪੀਟੀਆਈ



Most Read

2024-09-21 00:49:51