World >> The Tribune


ਰੂਸੀ ਫ਼ੌਜ ਵੱਲੋਂ ਮਾਰੀਓਪੋਲ ’ਤੇ ਕਬਜ਼ੇ ਦੀ ਕੋਸ਼ਿਸ਼


Link [2022-04-18 06:13:58]



ਕੀਵ, 17 ਅਪਰੈਲ

ਯੂਕਰੇਨ ਦੇ ਬੰਦਰਗਾਹ ਵਾਲਾ ਸ਼ਹਿਰ ਮਾਰੀਓਪੋਲ ਛੇ ਹਫ਼ਤਿਆਂ ਦੀ ਘੇਰਾਬੰਦੀ ਮਗਰੋਂ ਰੂਸੀ ਫ਼ੌਜ ਦੇ ਕਬਜ਼ੇ 'ਚ ਜਾਂਦਾ ਦਿਖਾਈ ਦੇ ਰਿਹਾ ਹੈ। ਕਾਲਾ ਸਾਗਰ 'ਚ ਆਪਣੇ ਇਕ ਅਹਿਮ ਜੰਗੀ ਬੇੜੇ ਦੇ ਨਸ਼ਟ ਹੋਣ ਅਤੇ ਰੂਸੀ ਇਲਾਕੇ 'ਚ ਯੂਕਰੇਨ ਦੇ ਕਥਿਤ ਹਮਲੇ ਦੇ ਜਵਾਬ 'ਚ ਰੂਸ ਨੇ ਹੋਰ ਥਾਵਾਂ 'ਤੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ। ਰੂਸੀ ਫ਼ੌਜ ਨੇ ਐਤਵਾਰ ਨੂੰ ਇਕ ਵੱਡੇ ਸਟੀਲ ਪਲਾਂਟ ਨੂੰ ਨਸ਼ਟ ਕਰ ਦਿੱਤਾ ਜੋ ਦੱਖਣੀ ਯੂਕਰੇਨ ਦੇ ਸ਼ਹਿਰ ਮਾਰੀਓਪੋਲ 'ਚ ਆਖਰੀ ਵਿਰੋਧ ਵਾਲਾ ਸਥਾਨ ਸੀ। ਰੂਸੀ ਫ਼ੌਜ ਦੇ ਅੰਦਾਜ਼ੇ ਮੁਤਾਬਕ ਕਰੀਬ 2500 ਯੂਕਰੇਨੀ ਫ਼ੌਜੀ ਇਸ ਪਲਾਂਟ 'ਚ ਹਨ ਅਤੇ ਜੰਗ ਕਰ ਰਹੇ ਹਨ। ਰੂਸੀ ਫ਼ੌਜ ਨੇ ਮਾਰੀਓਪੋਲ 'ਚ ਤਾਇਨਾਤ ਯੂਕਰੇਨੀ ਫ਼ੌਜ ਨੂੰ ਕਿਹਾ ਹੈ ਕਿ ਜੇਕਰ ਉਹ ਆਪਣੇ ਹਥਿਆਰ ਸੁੱਟ ਦਿੰਦੇ ਹਨ ਤਾਂ ਉਨ੍ਹਾਂ ਨੂੰ ਜਿਊਂਦੇ ਰਹਿਣ ਦੀ ਗਾਰੰਟੀ ਦਿੱਤੀ ਜਾਵੇਗੀ। ਉਧਰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਹਰ ਇਕ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਪੱਛਮੀ ਮੁਲਕਾਂ ਨੂੰ ਕਿਹਾ ਕਿ ਅਜ਼ੋਵ ਸਾਗਰ 'ਤੇ ਬੰਦਰਗਾਹ ਸ਼ਹਿਰ ਨੂੰ ਬਚਾਉਣ ਲਈ ਯੂਕਰੇਨ ਨੂੰ ਤੁਰੰਤ ਭਾਰੀ ਹਥਿਆਰਾਂ ਦੀ ਲੋੜ ਹੈ। ਯੂਕਰੇਨੀ ਉਪ ਰੱਖਿਆ ਮੰਤਰੀ ਹਾਨਾ ਮਲਿਆਰ ਨੇ ਕਿਹਾ ਕਿ ਮਾਰੀਓਪੋਲ 'ਚ ਜਵਾਨਾਂ ਨੇ ਰੂਸੀ ਫ਼ੌਜ ਨੂੰ ਕਬਜ਼ੇ ਤੋਂ ਰੋਕਿਆ ਹੋਇਆ ਹੈ। ਉਧਰ ਖਾਰਕੀਵ 'ਚ ਅੱਜ ਕਈ ਰਾਕੇਟ ਦਾਗ਼ੇ ਗਏ। ਇਸ ਹਮਲੇ 'ਚ ਦੋ ਵਿਅਕਤੀ ਮਾਰੇ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਰਾਕੇਟ ਅਪਾਰਟਮੈਂਟਾਂ 'ਤੇ ਡਿੱਗੇ ਜਿਸ ਕਾਰਨ ਸ਼ੀਸ਼ੇ ਟੁੱਟ ਗਏ ਅਤੇ ਸੜਕਾਂ 'ਤੇ ਮਲਬਾ ਖਿੰਡਰ ਗਿਆ। ਕਈ ਅਪਾਰਟਮੈਂਟਾਂ ਨੂੰ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਦਸਤੇ ਅਤੇ ਲੋਕ ਕੋਸ਼ਿਸ਼ਾਂ ਕਰ ਰਹੇ ਸਨ। -ਏਪੀ

ਬੁਲਗਾਰੀਆ ਨੇ ਰੂਸੀ ਬੇੜਿਆਂ 'ਤੇ ਪਾਬੰਦੀ ਲਗਾਈ

ਸੋਫੀਆ: ਬੁਲਗਾਰੀਆ ਨੇ ਰੂਸੀ ਝੰਡਿਆਂ ਵਾਲੇ ਬੇੜਿਆਂ ਨੂੰ ਕਾਲਾ ਸਾਗਰ ਬੰਦਰਗਾਹ 'ਚ ਆਪਣੇ ਇਲਾਕੇ 'ਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਯੂਰੋਪੀਅਨ ਯੂਨੀਅਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਹਿੱਸਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਜਹਾਜ਼ ਮਾਨਵੀ ਸਹਾਇਤਾ ਜਾਂ ਯੂਰੋਪੀਅਨ ਯੂਨੀਅਨ 'ਚ ਸ਼ਾਮਲ ਮੁਲਕਾਂ ਲਈ ਵਸਤਾਂ ਲੈ ਕੇ ਆ ਰਹੇ ਹਨ, ਸਿਰਫ਼ ਉਨ੍ਹਾਂ ਨੂੰ ਬੁਲਗਾਰੀਆ ਦੇ ਪਾਣੀ 'ਚ ਆਉਣ ਦੀ ਇਜਾਜ਼ਤ ਹੋਵੇਗੀ। -ਏਪੀ



Most Read

2024-09-20 09:59:11