World >> The Tribune


‘ਸਿਆਸੀ ਖੇਡ’ ਵਿੱਚੋਂ ਬਾਹਰ ਕਰਨ ਲਈ ‘ਮੈਚ ਫਿਕਸ’ ਸੀ: ਇਮਰਾਨ ਖ਼ਾਨ


Link [2022-04-18 06:13:58]



ਕਰਾਚੀ, 17 ਅਪਰੈਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਕਿ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਵਿਦੇਸ਼ੀ ਤਾਕਤਾਂ ਵੱਲੋਂ ਥੋਪੀ ਹੋਈ ਮੌਜੂਦਾ ਸਰਕਾਰ ਉਸ ਨੂੰ (ਸਿਆਸੀ) 'ਖੇਡ' ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਮਰਾਨ ਨੇ ਕਿਹਾ ਕਿ ਪਾਕਿਸਤਾਨੀਆਂ ਨੂੰ ਵਿਦੇਸ਼ੀ ਤਾਕਤਾਂ ਦਾ ਗ਼ੁਲਾਮ ਬਣਾਉਣ ਲਈ ਉਸ ਦੀ ਬੇਦਖ਼ਲੀ 'ਫਿਕਸ ਮੈਚ' ਸੀ। ਇੱਥੇ ਬੀਤੀ ਰਾਤ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਨੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਸ ਦੀ ਸਰਕਾਰ 'ਸਾਜ਼ਿਸ਼ ਜਾਂ ਦਖ਼ਲਅੰਦਾਜ਼ੀ' ਦਾ ਸ਼ਿਕਾਰ ਹੋਈ ਸੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ 69 ਸਾਲਾ ਆਗੂ ਨੇ ਕਿਹਾ ਕਿ ਕਰਾਚੀ ਦੌਰੇ ਦਾ ਮਕਸਦ ਉਸ ਦੀ ਸਿਆਸੀ ਪਾਰਟੀ ਦੇ ਹਿੱਤ ਵਿੱਚ ਨਹੀਂ ਸੀ, ਸਗੋਂ ਪਾਕਿਸਤਾਨ ਅਤੇ ਉਸ ਦੇ ਬੱਚਿਆਂ ਦੇ ਭਵਿੱਖ ਦੇ ਹਿੱਤ ਵਿੱਚ ਸੀ। ਪੀਟੀਆਈ ਖ਼ਿਲਾਫ਼ ਵਿਦੇਸ਼ੀ ਫੰਡਿੰਗ ਕੇਸ ਬਾਰੇ ਗੱਲ ਕਰਦਿਆਂ ਇਮਰਾਨ ਨੇ ਕਿਹਾ ਕਿ ਇਹ ਕੇਸ ਉਸ ਨੂੰ 'ਸਿਆਸੀ ਖੇਡ' ਵਿੱਚੋਂ ਬਾਹਰ ਕਰਨ ਲਈ ਦਰਜ ਕੀਤਾ ਗਿਆ ਸੀ। ਇਮਰਾਨ ਨੇ ਕਿਹਾ, ''ਮੈਂ ਅਵਾਮ ਨੂੰ ਦੱਸਣਾ ਚਾਹੁੰਦਾ ਕਿ ਮੈਂ ਕਦੇ ਕਿਸੇ ਦੇਸ਼ ਦੇ ਖ਼ਿਲਾਫ਼ ਨਹੀਂ ਰਿਹਾ। ਮੈਂ ਭਾਰਤ ਵਿਰੋਧੀ ਨਹੀਂ ਹਾਂ, ਨਾ ਹੀ ਯੂਰੋਪ ਜਾਂ ਅਮਰੀਕਾ ਵਿਰੋਧੀ ਹਾਂ। ਮੈਂ ਦੁਨੀਆਂ ਦੀ ਮਾਨਵਤਾ ਦੇ ਨਾਲ ਹਾਂ। ਮੈਂ ਦੋਸਤੀ ਸਭ ਨਾਲ ਚਾਹੁੰਦਾਂ ਹਾਂ, ਪਰ ਗ਼ੁਲਾਮੀ ਕਿਸੇ ਨਾਲ ਨਹੀਂ।'' ਇਮਰਾਨ ਨੇ ਦੋਸ਼ ਲਾਇਆ ਕਿ ਸੰਘੀ ਜਾਂਚ ਏਜੰਸੀ (ਐੱਫਆਈਏ) ਅਤੇ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਵੱਲੋਂ ਹੁਣ ਉਨ੍ਹਾਂ ਅਤੇ ਉਨ੍ਹਾਂ ਦੀ ਸਾਬਕਾ ਕੈਬਨਿਟ ਖ਼ਿਲਾਫ਼ ਫ਼ਰਜ਼ੀ ਕੇਸ ਬਣਾਏ ਜਾਣਗੇ। ਉਨ੍ਹਾਂ ਕਿਹਾ, ''ਮੈਂ ਕਹਿੰਦਾ ਹਾਂ ਕਿ ਵਿਦੇਸ਼ੀ ਫੰਡਿੰਗ ਅਤੇ ਉਸ (ਸ਼ਹਿਬਾਜ਼ ਸ਼ਰੀਫ਼) ਦੇ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਇਕੱਠਿਆਂ ਚੱਲਣੀ ਚਾਹੀਦੀ ਹੈ।'' -ਪੀਟੀਆਈ



Most Read

2024-09-20 11:36:26