World >> The Tribune


ਉੱਤਰੀ ਕੋਰੀਆ ਵੱਲੋਂ ਨਵੀਂ ਤਰ੍ਹਾਂ ਦੀ ਮਿਜ਼ਾਈਲ ਦੇ ਪ੍ਰੀਖਣ ਦਾ ਦਾਅਵਾ


Link [2022-04-18 06:13:58]



ਸਿਓਲ, 17 ਅਪਰੈਲ

ਉੱਤਰੀ ਕੋਰੀਆ ਨੇ ਆਪਣੀ ਪਰਮਾਣੂ ਸਮਰੱਥਾ ਨੂੰ ਮਜ਼ਬੂਤ ਬਣਾਉਣ ਲਈ ਨਵੀਂ ਤਰ੍ਹਾਂ ਦੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਨੇ ਇਸ ਸਾਲ ਹਥਿਆਰਾਂ ਦੇ 13ਵੇਂ ਦੌਰ ਤਹਿਤ ਇਹ ਪ੍ਰੀਖਣ ਉਸ ਸਮੇਂ ਕੀਤਾ ਹੈ ਜਦੋਂ ਅਜਿਹਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਛੇਤੀ ਹੀ ਆਪਣੇ ਹਥਿਆਰਾਂ ਦੇ ਪ੍ਰੀਖਣ ਨੂੰ ਤੇਜ਼ ਕਰ ਸਕਦਾ ਹੈ, ਜਿਸ 'ਚ ਪਰਮਾਣੂ ਪ੍ਰੀਖਣ ਵੀ ਸ਼ਾਮਲ ਹੋ ਸਕਦਾ ਹੈ। ਉਸ ਦੇ ਇਸ ਕਦਮ ਦਾ ਮਕਸਦ ਮੁਲਕ ਦੇ ਪਰਮਾਣੂ ਭੰਡਾਰ ਨੂੰ ਵਿਸਥਾਰ ਦੇਣਾ ਅਤੇ ਠੱਪ ਪਈ ਕੂਟਨੀਤੀ ਦਰਮਿਆਨ ਆਪਣੇ ਵਿਰੋਧੀਆਂ 'ਤੇ ਦਬਾਅ ਵਧਾਉਣਾ ਹੈ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦੱਸਿਆ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਪ੍ਰੀਖਣ ਦੀ ਨਿਗਰਾਨੀ ਕੀਤੀ। ਏਜੰਸੀ ਨੇ ਕਿਹਾ ਕਿ ਇਹ ਪ੍ਰੀਖਣ ਮੁਲਕ ਦੀ ਜੰਗੀ ਪਰਮਾਣੂ ਤਾਕਤ ਦੇ ਅਸਰਦਾਰ ਸੰਚਾਲਨ ਅਤੇ ਲੰਬੀ ਦੂਰੀ ਵਾਲੀਆਂ ਤੋਪਾਂ ਦੀ ਮਾਰੂ ਸਮਰੱਥਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਹਥਿਆਰ ਬਾਰੇ ਵਿਸਥਾਰ 'ਚ ਜਾਣਕਾਰੀ ਨਹੀਂ ਦਿੱਤੀ ਹੈ ਪਰ 'ਰਣਨੀਤਕ ਪਰਮਾਣੂ ਹਥਿਆਰ' ਸ਼ਬਦਾਂ ਦੀ ਵਰਤੋਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਦੱਖਣੀ ਕੋਰੀਆ 'ਚ ਰਣਨੀਤਕ ਤੌਰ 'ਤੇ ਅਹਿਮ ਨਿਸ਼ਾਨਿਆਂ ਤੱਕ ਮਾਰ ਕਰਨ ਵਾਲੇ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ। ਇਹ ਵੀ ਨਹੀਂ ਦੱਸਿਆ ਗਿਆ ਹੈ ਕਿ ਪ੍ਰੀਖਣ ਕਦੋਂ ਅਤੇ ਕਿਥੇ ਕੀਤਾ ਗਿਆ ਹੈ। ਸਿਓਲ ਸਥਿਤ ਈਵਹਾ ਯੂਨੀਵਰਸਿਟੀ ਦੇ ਪ੍ਰੋਫੈਸਰ ਲੀਫ-ਐਰਿਕ ਐਸਲੇ ਨੇ ਕਿਹਾ ਕਿ ਉੱਤਰੀ ਕੋਰੀਆ, ਅਮਰੀਕੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ ਨਾ ਸਿਰਫ਼ ਲੰਬੀ ਦੂਰੀ ਦੀਆਂ ਪਰਮਾਣੂ ਮਿਜ਼ਾਈਲਾਂ ਨੂੰ ਤਾਇਨਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਗੋਂ ਏਸ਼ੀਆ 'ਚ ਅਮਰੀਕੀ ਟਿਕਾਣਿਆਂ ਅਤੇ ਸਿਓਲ ਨੂੰ ਖ਼ਤਰੇ 'ਚ ਪਾਉਣ ਲਈ ਰਣਨੀਤਕ ਪਰਮਾਣੂ ਹਥਿਆਰ ਵੀ ਤਾਇਨਾਤ ਕਰ ਰਿਹਾ ਹੈ। -ਏਪੀ



Most Read

2024-09-20 10:04:45