World >> The Tribune


ਚੀਨ ਨੇ ਸ਼ੰਘਾਈ ’ਚ ਲੌਕਡਾਊਨ ਖੋਲ੍ਹਣ ਦੀ ਯੋਜਨਾ ਬਣਾਈ


Link [2022-04-18 06:13:58]



ਸ਼ੰਘਾਈ, 17 ਅਪਰੈਲ

ਚੀਨ ਦੇ ਸੰਘਣੀ ਆਬਾਦੀ ਵਾਲੇ ਸ਼ੰਘਾਈ ਸ਼ਹਿਰ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਟੀਚੇ ਮਿੱਥ ਲਏ ਹਨ। ਉਨ੍ਹਾਂ ਇਕਾਂਤਵਾਸ ਵਾਲੇ ਖੇਤਰਾਂ ਤੋਂ ਬਾਹਰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੁੱਧਵਾਰ ਤੱਕ ਦਾ ਸਮਾਂ ਮਿੱਥਿਆ ਹੈ। ਇਸ ਤਰ੍ਹਾਂ ਚੀਨ ਦਾ ਇਹ ਸਭ ਤੋਂ ਵੱਡਾ ਸ਼ਹਿਰ ਲੌਕਡਾਊਨ ਖੋਲ੍ਹੇਗਾ ਤੇ ਮੁੜ ਤੋਂ ਕੰਮ ਉਤੇ ਪਰਤੇਗਾ। ਬੁੱਧਵਾਰ ਤੱਕ ਅਧਿਕਾਰੀ ਕੋਵਿਡ ਟੈਸਟਿੰਗ ਤੇਜ਼ ਕਰ ਕੇ ਪਾਜ਼ੇਟਿਵ ਕੇਸਾਂ ਨੂੰ ਇਕਾਂਤਵਾਸ ਕੇਂਦਰਾਂ ਵਿਚ ਭੇਜਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸ਼ੰਘਾਈ 'ਚ ਵਾਇਰਸ ਕਾਫ਼ੀ ਤੇਜ਼ੀ ਨਾਲ ਫੈਲਿਆ ਸੀ। ਇੱਥੇ ਲੱਖਾਂ ਕੇਸ ਸਾਹਮਣੇ ਆਏ ਸਨ। ਲੌਕਡਾਊਨ ਕਾਰਨ ਸ਼ੰਘਾਈ ਵਾਸੀ ਕਾਫ਼ੀ ਪ੍ਰੇਸ਼ਾਨ ਵੀ ਹਨ ਕਿਉਂਕਿ ਭੋਜਨ ਨਹੀਂ ਮਿਲ ਰਿਹਾ ਤੇ ਆਮਦਨ ਵੀ ਨਹੀਂ ਹੋ ਰਹੀ ਹੈ। ਕਈ ਪਰਿਵਾਰਾਂ ਨੂੰ ਵੱਖ-ਵੱਖ ਰਹਿਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ੰਘਾਈ ਚੀਨ ਦੇ ਕਾਰੋਬਾਰ ਤੇ ਉਦਯੋਗ ਦਾ ਧੁਰਾ ਹੈ। ਲੌਕਡਾਊਨ ਲੱਗਣ ਕਾਰਨ ਕਈ ਉਦਯੋਗਿਕ ਗਤੀਵਿਧੀਆਂ ਬੰਦ ਪਈਆਂ ਹਨ। ਇੱਥੇ ਵੱਡੀ ਪੱਧਰ ਉਤੇ ਸਮੁੰਦਰੀ ਜਹਾਜ਼ ਵੀ ਬਣਾਏ ਜਾਂਦੇ ਹਨ। ਚੀਨ ਦਾ ਨਵਾਂ ਜੰਗੀ ਬੇੜਾ ਵੀ ਇੱਥੇ ਹੀ ਬਣਾਇਆ ਜਾ ਰਿਹਾ ਸੀ ਜਿਸ ਦਾ ਕੰਮ ਵੀ ਬੰਦ ਪਿਆ ਹੈ। ਲੜਾਕੂ ਜਹਾਜ਼ਾਂ ਨਾਲ ਲੈਸ ਹੋਣ ਵਾਲੇ ਇਸ ਸਮੁੰਦਰੀ ਬੇੜੇ ਨੂੰ 23 ਅਪਰੈਲ ਨੂੰ ਲਾਂਚ ਕੀਤਾ ਜਾਣਾ ਸੀ। ਸ਼ਨਿਚਰਵਾਰ ਨੂੰ ਸ਼ੰਘਾਈ ਵਿਚ 3590 ਘਰੇਲੂ ਪੱਧਰ ਉਤੇ ਫੈਲੇ ਕੇਸ ਸਾਹਮਣੇ ਆਏ ਹਨ। 21,500 ਬਿਨਾਂ ਲੱਛਣਾਂ ਵਾਲੇ ਕੇਸ ਇਸ ਤੋਂ ਵੱਖ ਹਨ। -ਪੀਟੀਆਈ/ਰਾਇਟਰਜ਼



Most Read

2024-09-20 09:50:12