Breaking News >> News >> The Tribune


ਦਿੱਲੀ ਵਿੱਚ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ


Link [2022-04-17 07:34:04]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 16 ਅਪਰੈਲ

ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਅੱਜ ਹਨੂੰਮਾਨ ਜੈਅੰਤੀ ਮੌਕੇ ਸਜਾਈ ਗਈ ਸ਼ੋਭਾ ਯਾਤਰਾ 'ਤੇ ਪਥਰਾਓ ਤੋਂ ਬਾਅਦ ਹਿੰਸਾ ਭੜਕ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਛੇ ਵਜੇ ਦੇ ਕਰੀਬ ਵਾਪਰੀ ਹੈ। ਇਸ ਘਟਨਾ 'ਚ 5-6 ਪੁਲੀਸ ਮੁਲਾਜ਼ਮ ਤੇ ਕਈ ਆਮ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਭੀੜ ਨੇ ਕੁਝ ਵਾਹਨਾਂ ਨੂੰ ਅੱਗ ਵੀ ਲਾ ਦਿੱਤੀ ਹੈ।

ਹਿੰਸਾ ਮਗਰੋਂ ਜਹਾਂਗੀਰਪੁਰੀ 'ਚ ਚੌਕਸੀ ਰਖਦੇ ਹੋਏ ਪੁਲੀਸ ਕਰਮੀ। -ਫੋਟੋ: ਮਾਨਸ ਰੰਜਨ ਭੂਈ

ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, 'ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਪਰ ਅਸੀਂ ਵੱਡੀ ਗਿਣਤੀ 'ਚ ਪੁਲੀਸ ਤਾਇਨਾਤ ਕੀਤੀ ਹੋਈ ਸੀ ਤੇ ਮੌਕੇ 'ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਹਾਲਾਤ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।' ਘਟਨਾ ਦੇ ਸਬੰਧ 'ਚ ਵਿਸਥਾਰਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮੀ ਰਾਜਧਾਨੀ 'ਚ ਅਮਨ ਕਾਇਮ ਰੱਖਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, 'ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਅਮਨ ਤੇ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ।' ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲੀਸ ਦੇ ਕਮਿਸ਼ਨਰ ਤੇ ਸਪੈਸ਼ਲ ਕਮਿਸ਼ਨਰ (ਲਾਅ ਐਂਡ ਆਰਡਰ) ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਜਹਾਂਗੀਰਪੁਰੀ ਹਿੰਸਾ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ। ਘਟਨਾ ਸਬੰਧੀ ਸਾਹਮਣੇ ਆਈ ਵੀਡੀਓ 'ਚ ਵੱਡੀ ਗਿਣਤੀ 'ਚ ਲੋਕ ਪੱਥਰਾਅ ਕਰਦੇ ਦਿਖਾਈ ਦੇ ਰਹੇ ਹਨ ਜਦਕਿ ਕੁਝ ਲੋਕ ਹੱਥਾਂ 'ਚ ਤਲਵਾਰਾਂ ਫੜ ਕੇ ਲਹਿਰਾਉਂਦੇ ਦਿਖਾਈ ਦੇ ਰਹੇ ਹਨ। ਪਿੱਛੇ ਪੁਲੀਸ ਦੇ ਸਾਇਰਨ ਵਜਦੇ ਵੀ ਸੁਣ ਰਹੇ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਸ ਘਟਨਾ ਵਿੱਚ ਜ਼ਖ਼ਮੀਆਂ ਨੂੰ ਜਗਜੀਵਨ ਰਾਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਹਾਂਗੀਰਪੁਰੀ ਇਲਾਕੇ ਦੇ ਆਸ-ਪਾਸ ਵਿੱਚ ਵਾਧੂ ਪੁਲੀਸ ਬੰਦੋਬਸਤ ਕੀਤੇ ਗਏ ਹਨ ਤੇ ਗਸ਼ਤ ਵਧਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ਉਪਰ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ ਹਾਲਾਤ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਦਿੱਲੀ ਪੁਲੀਸ ਵੱਲੋਂ ਇਲਾਕੇ ਵਿੱਚ ਤਣਾਓ ਰੋਕਣ ਲਈ ਵਾਧੂ ਗਿਣਤੀ ਵਿੱਚ ਤਾਇਨਾਤੀ ਕੀਤੀ ਗਈ ਹੈ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇਸ ਘਟਨਾ ਨੂੰ ਦਹਿਸ਼ਤੀ ਹਮਲਾ ਦੱਸਿਆ ਹੈ। ਇਸੇ ਵਿਚਾਲੇ ਕੇਜਰੀਵਾਲ ਵੱਲੋਂ ਦਿੱਲੀ ਦੇ ਉਪ ਰਾਜਪਾਲ ਨਾਲ ਜਹਾਂਗੀਰਪੁਰੀ ਦੇ ਤਾਜ਼ਾ ਹਾਲਾਤ ਬਾਰੇ ਗੱਲਬਾਤ ਕੀਤੀ ਗਈ। ਉਪ ਰਾਜਪਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ਼ਾਂਤੀ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦਿੱਲੀ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲੀਸ ਨੇ ਸੂਬੇ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੁਲੀਸ ਨੇ ਸੂਬੇ ਵਿਚਲੀਆਂ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਫੋਰਸ ਤਾਇਨਾਤ ਕਰਕੇ ਗਸ਼ਤ ਵਧਾ ਦਿੱਤੀ ਹੈ।

ਦੰਗਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਾਂਗੇ: ਅਸਥਾਨਾ

ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਦੰਗਾ ਕਰਨ ਵਾਲਿਆਂ ਨੂੰ ਸਖਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਅਤੇ ਜਹਾਂਗੀਰਪੁਰੀ ਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਵਾਧੂ ਪੁਲੀਸ ਫੋਰਸ ਭੇਜੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਤੇ ਅਫਵਾਹਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ। ਪੁਲੀਸ ਨੇ ਕਿਹਾ ਕਿ ਇਹ ਰਵਾਇਤੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਹ ਸ਼ੋਭਾ ਯਾਤਰਾ ਕੁਸ਼ਲ ਸਿਨੇਮਾ ਹਾਲ ਨੇੜੇ ਪਹੁੰਚੀ ਤਾਂ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ।



Most Read

2024-09-21 00:44:33