Breaking News >> News >> The Tribune


ਜ਼ਿਮਨੀ ਚੋਣ: ਕਿਤੇ ਵੀ ਨਾ ਖਿੜਿਆ ‘ਕਮਲ’


Link [2022-04-17 07:34:04]



ਕੋਲਕਾਤਾ/ਕੋਲਹਾਪੁਰ, 16 ਅਪਰੈਲ

ਦੇਸ਼ ਦੇ ਚਾਰ ਸੂਬਿਆਂ 'ਚ ਇੱਕ ਲੋਕ ਸਭਾ ਤੇ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਆਏ ਨਤੀਜਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਹੱਥ ਪੂਰੀ ਤਰ੍ਹਾਂ ਖਾਲੀ ਰਹੇ ਹਨ। ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੇ ਬਾਲੀਗੰਜ ਵਿਧਾਨ ਸਭਾ ਸੀਟ 'ਤੇ ਤ੍ਰਿਣਾਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਮਹਾਰਾਸ਼ਟਰ ਤੇ ਉੱਤਰਾਖੰਡ ਦੀਆਂ ਵਿਧਾਨ ਸਭਾ ਸੀਟਾਂ 'ਤੇ ਕਾਂਗਰਸ ਜਦਕਿ ਬਿਹਾਰ ਦੀ ਵਿਧਾਨ ਸਭਾ ਸੀਟ 'ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਜੇਤੂ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਤੋਂ ਸਿਆਸਤ 'ਚ ਆਏ ਸ਼ਤਰੂਘਨ ਸਿਨਹਾ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਸ਼ਾਨਦਾਰ ਜਿੱਤ ਦਰਜ ਕੀਤੀ। ਤ੍ਰਿਣਾਮੂਲ ਕਾਂਗਰਸ ਦੇ ਉਮੀਦਵਾਰ ਸ਼ਤਰੂਘਨ ਸਿਨਹਾ ਨੇ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਉਮੀਦਵਾਰ ਅਗਨੀਮਿੱਤਰਾ ਪੌਲ ਨੂੰ 3,03,209 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਉਨ੍ਹਾਂ ਨੂੰ ਕੁੱਲ 6,56,358 ਜਦਕਿ ਅਗਨੀਮਿੱਤਰਾ ਨੂੰ 3,53,149 ਵੋਟਾਂ ਪਈਆਂ ਹਨ। ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪ੍ਰਿਓ ਆਪਣਾ ਅਸਤੀਫਾ ਦੇ ਕੇ ਪਿਛਲੇ ਸਾਲ ਸਤੰਬਰ 'ਚ ਟੀਐੱਮਸੀ 'ਚ ਸ਼ਾਮਲ ਹੋ ਗਏ ਸਨ ਜਿਸ ਮਗਰੋਂ ਇੱਥੇ ਉਪ ਚੋਣ ਹੋਈ ਹੈ। ਇਸੇ ਦੌਰਾਨ ਟੀਐੱਮਸੀ ਉਮੀਦਪਾਰ ਬਾਬੁਲ ਸੁਪ੍ਰਿਓ ਨੇ ਵਿਧਾਨ ਸਭਾ ਹਲਕਾ ਬਾਲੀਗੰਜ ਤੋਂ ਸੀਪੀਆਈ (ਐੱਮ) ਦੇ ਉਮੀਦਵਾਰ ਸਾਇਰਾ ਸ਼ਾਹ ਹਲੀਮ ਨੂੰ 20,228 ਵੋਟਾਂ ਦੇ ਫਰਕ ਨਾਲ ਹਰਾਇਆ। ਸੁਪ੍ਰਿਓ ਨੂੰ 51,199 ਜਦਕਿ ਹਲੀਮ ਨੂੰ 30,971 ਵੋਟਾਂ ਪਈਆਂ। ਦਿਲਚਸਪ ਗੱਲ ਇਹ ਹੈ ਕਿ ਹਲੀਮ ਨੇ ਭਾਜਪਾ ਦੀ ਕੇਯਾ ਘੋਸ਼ ਨੂੰ ਪਛਾੜ ਦਿੱਤਾ ਜਿਸ ਨੂੰ ਸਿਰਫ਼ 13,220 ਵੋਟਾਂ ਮਿਲੀਆਂ। ਬਾਲੀਗੰਜ ਦੇ ਵਿਧਾਇਕ ਤੇ ਰਾਜ ਸਰਕਾਰ 'ਚ ਮੰਤਰੀ ਸੁਬ੍ਰਤ ਮੁਖਰਜੀ ਦੇ ਦੇਹਾਂਤ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ ਹੈ।

ਜੇਤੂ ਰਹੇ ਟੀਐੱਮਸੀ ਆਗੂ ਬਾਬੁਲ ਸੁਪ੍ਰਿਓ ਤੇ ਆਰਜੇਡੀ ਆਗੂ ਅਮਰ ਪਾਸਵਾਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਫਤਵਾ ਦੇਣ ਲਈ ਆਸਨਸੋਲ ਤੇ ਬਾਲੀਗੰਜ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, 'ਮੈਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਫਤਵਾ ਦੇਣ ਲਈ ਆਸਨਸੋਲ ਸੰਸਦੀ ਹਲਕੇ ਤੇ ਬਾਲੀਗੰਜ ਵਿਧਾਨ ਸਭਾ ਹਲਕੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।' ਉਨ੍ਹਾਂ ਕਿਹਾ ਕਿ ਇਹ ਨਵੇਂ ਸਾਲ ਮੌਕੇ ਲੋਕਾਂ ਵੱਲੋਂ ਪਾਰਟੀ ਨੂੰ ਦਿੱਤਾ ਗਿਆ ਤੋਹਫ਼ਾ ਹੈ। ਆਸਨਸੋਲ 'ਚ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਇਸ ਜਿੱਤ ਲਈ ਆਸਨਸੋਲ ਦੇ ਲੋਕਾਂ ਤੇ ਮਮਤਾ ਬੈਨਰਜੀ ਦੇ ਸ਼ੁਕਰਗੁਜ਼ਾਰ ਹਨ। ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਇਹ ਆਮ ਰੁਝਾਨ ਹੈ ਕਿ ਰਾਜ 'ਚ ਸੱਤਾਧਾਰੀ ਪਾਰਟੀ ਹੀ ਆਮ ਤੌਰ 'ਤੇ ਜ਼ਿਮਨੀ ਚੋਣ ਜਿੱਤਦੀ ਹੈ। ਮਹਾਰਾਸ਼ਟਰ 'ਚ ਸੱਤਾ 'ਤੇ ਕਾਬਜ਼ ਮਹਾ ਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਨੂੰ ਅੱਜ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਕਾਂਗਰਸ ਨੇ ਕੋਲ੍ਹਾਪੁਰ ਉੱਤਰੀ ਵਿਧਾਨ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਭਾਜਪਾ ਨੂੰ 18 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣੀ ਇਹ ਸੀਟ ਬਰਕਰਾਰ ਰੱਖੀ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਕਾਂਗਰਸ-ਐਮਵੀਏ ਉਮੀਦਵਾਰ ਜਯਸ੍ਰੀ ਜਾਧਵ ਨੂੰ 96,176 ਜਦਕਿ ਭਾਜਪਾ ਦੇ ਸੱਤਿਆਜੀਤ ਕਦਮ ਨੂੰ 77,426 ਵੋਟਾਂ ਮਿਲੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਯਸ੍ਰੀ ਜਾਧਵ 18750 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਦਸੰਬਰ 2021 'ਚ ਕਾਂਗਰਸ ਵਿਧਾਇਕ ਚੰਦਰਕਾਂਤ ਜਾਧਵ ਦੀ ਕਰੋਨਾ ਕਾਰਨ ਮੌਤ ਹੋਣ ਕਾਰਨ ਇਸ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋਈ ਹੈ। ਪਾਰਟੀ ਨੇ ਸ੍ਰੀ ਜਾਧਵ ਦੀ ਪਤਨੀ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਨਾਨਾ ਪਟੋਲੇ ਨੇ ਪਾਰਟੀ ਦੀ ਜਿੱਤ ਨੂੰ ਪ੍ਰਗਤੀਸ਼ੀਲ ਵਿਚਾਰਾਂ ਦੀ ਜਿੱਤ ਕਰਾਰ ਦਿੱਤਾ ਹੈ।ਬਿਹਾਰ 'ਚ ਬੋਚਾਹਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਉਮੀਦਵਾਰ ਅਮਰ ਪਾਸਵਾਨ ਨੇ ਭਾਜਪਾ ਉਮੀਦਵਾਰ ਬੇਬੀ ਕੁਮਾਰੀ ਨੂੰ 35 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਕੇ ਜਿੱਤੀ। ਇਸ ਨਤੀਜੇ ਨੂੰ ਸੂਬੇ 'ਚ ਐੱਨਡੀਏ ਗੱਠਜੋੜ ਲਈ ਝਟਕਾ ਦੱਸਿਆ ਜਾ ਰਿਹਾ ਹੈ। ਪਹਿਲੀ ਵਾਰ ਚੋਣ ਲੜਨ ਵਾਲੇ ਪਾਸਵਾਨ (33) ਨੂੰ 82,116 ਜਦਕਿ ਬੇਬੀ ਕੁਮਾਰੀ ਨੂੰ ਸਿਰਫ਼ 45,353 ਵੋਟਾਂ ਮਿਲੀਆਂ। ਅਮਰ ਪਾਸਵਾਨ ਦੇ ਪਿਤਾ ਮੁਸਾਫਰ ਪਾਸਵਾਨ ਦਾ ਦੇਹਾਂਤ ਹੋ ਜਾਣ ਕਾਰਨ ਇੱਥੇ ਜ਼ਿਮਨੀ ਚੋਣ ਹੋਈ ਹੈ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਖੈਰਾਗੜ੍ਹ ਵਿਧਾਨ ਸੀਟ ਦੀ ਜ਼ਿਮਨੀ ਚੋਣ ਕਾਂਗਰਸ ਉਮੀਦਵਾਰ ਯਸ਼ੋਦਾ ਵਰਮਾ ਨੇ 20,176 ਵੋਟਾਂ ਨਾਲ ਜਿੱਤੀ ਹੈ। ਉਨ੍ਹਾਂ ਨੂੰ ਕੁੱਲ 87,879 ਜਦਕਿ ਨੇੜਲੇ ਵਿਰੋਧੀ ਭਾਜਪਾ ਉਮੀਦਵਾਰ ਕੋਮਲ ਜੰਘੇਲ ਨੂੰ 67,703 ਵੋਟਾਂ ਹਾਸਲ ਹੋਈਆਂ। ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਵਿਧਾਇਕ ਦੇਵਵਰੱਤ ਸਿੰਘ ਦੀ ਨਵੰਬਰ 2021 'ਚ ਮੌਤ ਹੋਣ ਮਗਰੋਂ ਇਹ ਜ਼ਿਮਨੀ ਚੋਣ ਹੋਈ ਹੈ। -ਪੀਟੀਆਈ

ਫਿਰ ਸੁਰਖੀਆਂ 'ਚ ਆਏ ਸ਼ਤਰੂਘਨ ਸਿਨਹਾ

ਕੋਲਕਾਤਾ: ਆਪਣੇ ਪਿੱਤਰੀ ਰਾਜ ਬਿਹਾਰ 'ਚ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਕਰੀਬ ਤਿੰਨ ਸਾਲ ਬਾਅਦ ਸ਼ਤਰੂਘਨ ਸਿਨਹਾ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਉਪ ਚੋਣ ਜਿੱਤ ਕੇ ਇੱਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਅਦਾਕਾਰ ਤੋਂ ਨੇਤਾ ਬਣੇ ਸਿਨਹਾ ਨੇ ਟੀਐੱਮਸੀ ਦੀ ਟਿਕਟ 'ਤੇ ਜਿੱਤ ਦਰਜ ਕਰਨ ਦੇ ਨਾਲ ਹੀ ਵਿਰੋਧੀ ਧਿਰ ਭਾਜਪਾ ਵੱਲੋਂ ਲਾੲੇ ਗਏ 'ਬਾਹਰੀ' ਦੇ ਟੈਗ ਨੂੰ ਵੀ ਤੋੜ ਦਿੱਤਾ ਹੈ। ਖਾਸ ਗੱਲ ਇਹ ਵੀ ਰਹੀ ਕਿ ਟੀਐੱਮਸੀ ਨੇ ਪਹਿਲੀ ਵਾਰ ਇਸ ਸੀਟ ਤੋਂ ਜਿੱਤ ਦਰਜ ਕੀਤੀ ਹੈ। ਆਸਨਸੋਲ ਉੱਪ ਚੋਣ ਜਿੱਤਣ ਨਾਲ ਜਿੱਥੇ 2019 ਦੀਆਂ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਮਗਰੋਂ ਸ੍ਰੀ ਸਿਨਹਾ ਲਈ ਸਿਆਸੀ ਠਹਿਰਾਓ ਤੋਂ ਅੱਗੇ ਵਧਣ ਦਾ ਰਾਹ ਸਾਫ਼ ਹੋ ਗਿਆ ਉੱਥੇ ਹੀ ਇਹ ਜਿੱਤ ਟੀਐਮਸੀ ਨੂੰ ਵੀ ਬੰਗਾਲੀ ਉਪ-ਰਾਸ਼ਟਰਵਾਦ ਦੇ ਤਗ਼ਮੇ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਸ੍ਰੀ ਸਿਨਹਾ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਕਿਸੇ ਵੀ ਹੋਰ ਬੰਗਾਲੀ ਜਿੰਨਾਂ ਹੀ ਬੰਗਾਲੀ ਹਾਂ। ਮੈਂ ਇੱਕ ਬਾਹਰੀ ਵਿਅਕਤੀ ਨਹੀਂ ਹਾਂ। ਮੈਂ ਹਮੇਸ਼ਾ ਬੰਗਾਲੀ ਭਾਸ਼ਾ ਤੇ ਸੱਭਿਆਚਾਰ ਦਾ ਸਨਮਾਨ ਕੀਤਾ ਹੈ। ਅੱਜ ਦਾ ਨਤੀਜਾ ਇਸ ਦਾ ਸਬੂਤ ਹੈ। ਮੈਂ ਲੋਕਾਂ ਦੇ ਵਿਕਾਸ ਲਈ ਕੰਮ ਕਰਾਂਗਾ।' ਜ਼ਿਕਰਯੋਗ ਹੈ ਕਿ ਫਿਲਮਾਂ 'ਚ ਦਮਦਾਰ ਡਾਇਲਾਗ ਬੋਲਣ ਕਾਰਨ 'ਸ਼ੌਟਗੰਨ' ਦੇ ਨਾਂ ਨਾ ਮਸ਼ਹੂਰ ਅਦਾਕਾਰ ਸ਼ਤਰੂਘਨ ਸਿਨਹਾ ਕਾਂਗਰਸ 'ਚ ਸੰਖੇਪ ਪਾਰੀ ਖੇਡਣ ਮਗਰੋਂ ਟੀਐਮਸੀ 'ਚ ਸ਼ਾਮਲ ਹੋਏ ਸਨ ਜਦਕਿ ਇਸ ਤੋਂ ਪਹਿਲਾਂ ਉਹ ਕਰੀਬ ਚਾਰ ਦਹਾਕੇ ਤੱਕ ਭਾਜਪਾ ਨਾਲ ਜੁੜੇ ਰਹੇ। -ਪੀਟੀਆਈ



Most Read

2024-09-21 00:50:19