Breaking News >> News >> The Tribune


ਫਿਰਕੂ ਹਿੰਸਾ: ਮੋਦੀ ਦੀ ਖਾਮੋਸ਼ੀ ਉਪਰ ਵਿਰੋਧੀ ਆਗੂਆਂ ਨੇ ਉਠਾਏ ਸਵਾਲ


Link [2022-04-17 07:34:04]



ਨਵੀਂ ਦਿੱਲੀ, 16 ਅਪਰੈਲ

ਦੇਸ਼ 'ਚ ਕੁਝ ਦਿਨ ਪਹਿਲਾਂ ਨਫ਼ਰਤੀ ਭਾਸ਼ਨਾਂ ਅਤੇ ਫਿਰਕੂ ਹਿੰਸਾ ਦੀਆਂ ਵਾਪਰੀਆਂ ਘਟਨਾਵਾਂ ਉਪਰ ਵਿਰੋਧੀ ਧਿਰਾਂ ਦੇ 13 ਆਗੂਆਂ ਨੇ ਚਿੰਤਾ ਪ੍ਰਗਟਾਉਂਦਿਆਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸਮੇਤ ਹੋਰ ਆਗੂਆਂ ਨੇ ਸਾਂਝੇ ਬਿਆਨ 'ਚ ਹੁਕਮਰਾਨ ਧਿਰ ਵੱਲੋਂ ਸਮਾਜ ਨੂੰ ਵੰਡਣ ਲਈ ਭੋਜਨ, ਪਹਿਰਾਵਾ, ਧਰਮ, ਤਿਉਹਾਰ ਅਤੇ ਭਾਸ਼ਾ ਨਾਲ ਸਬੰਧਤ ਮੁੱਦਿਆਂ ਦੀ ਵਰਤੋਂ ਕਰਨ 'ਤੇ ਵੀ ਚਿੰਤਾ ਜਤਾਈ। ਸਾਂਝੇ ਬਿਆਨ 'ਚ ਇਨ੍ਹਾਂ ਆਗੂਆਂ ਨੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਦੀ ਖਾਮੋਸ਼ੀ 'ਤੇ ਹੈਰਾਨ ਹਾਂ ਜੋ ਅਜਿਹੇ ਲੋਕਾਂ ਖ਼ਿਲਾਫ਼ ਕੁਝ ਵੀ ਬੋਲਣ 'ਚ ਨਾਕਾਮ ਰਹੇ ਹਨ ਜਿਨ੍ਹਾਂ ਦੇ ਸ਼ਬਦਾਂ ਅਤੇ ਕਾਰਿਆਂ ਨਾਲ ਕੱਟੜਤਾ ਫੈਲਾਉਣ ਤੇ ਸਮਾਜ ਨੂੰ ਭੜਕਾਉਣ ਦਾ ਕੰਮ ਹੋ ਰਿਹਾ ਹੈ। ਇਹ ਖਾਮੋਸ਼ੀ ਇਸ ਗੱਲ ਦੀ ਗਵਾਹੀ ਹੈ ਕਿ ਅਜਿਹੀ ਨਿੱਜੀ ਹਥਿਆਰਬੰਦ ਭੀੜ ਨੂੰ ਅਧਿਕਾਰਤ ਸਰਪ੍ਰਸਤੀ ਹਾਸਲ ਹੈ।'' ਇਕਜੁੱਟ ਹੋ ਕੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਆਪਣਾ ਸਾਂਝਾ ਅਹਿਦ ਦੁਹਰਾਉਂਦਿਆਂ ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ,''ਅਸੀਂ ਉਸ ਜ਼ਹਿਰੀਲੀ ਵਿਚਾਰਧਾਰਾ ਨਾਲ ਮੁਕਾਬਲਾ ਕਰਨ ਸਬੰਧੀ ਆਪਣੇ ਅਹਿਦ ਨੂੰ ਦੁਹਰਾਉਂਦੇ ਹਾਂ ਜੋ ਸਾਡੇ ਸਮਾਜ 'ਚ ਪਾੜੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।'' ਸਾਂਝੀ ਅਪੀਲ ਕਰਦਿਆਂ ਸਾਰੇ ਵਰਗਾਂ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਅਜਿਹੇ ਲੋਕਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦੇਣ ਜੋ ਫਿਰਕੂ ਵੰਡੀਆਂ ਨੂੰ ਹੋਰ ਫੈਲਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 10 ਅਪਰੈਲ ਨੂੰ ਰਾਮ ਨੌਮੀ ਮੌਕੇ ਮੁਲਕ ਦੇ ਕੁਝ ਹਿੱਸਿਆਂ 'ਚ ਫਿਰਕੂ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਕਿਹਾ ਕਿ ਨਫ਼ਰਤ ਫੈਲਾਉਣ ਲਈ ਸੋਸ਼ਲ ਮੀਡੀਆ ਅਤੇ ਹੋਰ ਆਡੀਓ-ਵਿਜ਼ੁਅਲ ਪਲੈਟਫਾਰਮਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਾਂਝੇ ਬਿਆਨ 'ਤੇ ਦਸਤਖ਼ਤ ਕਰਨ ਵਾਲਿਆਂ 'ਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ, ਆਰਜੇਡੀ ਆਗੂ ਤੇਜਸਵੀ ਯਾਦਵ, ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ, ਆਲ ਇੰਡੀਆ ਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਬਬ੍ਰਤ ਬਿਸਵਾਸ, ਆਰਐੱਸਪੀ ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ, ਸੀਪੀਆਈ (ਐੱਮਐੱਲ-ਲਿਬਰੇਸ਼ਨ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਸ਼ਾਮਲ ਹਨ। -ਪੀਟੀਆਈ

ਨਫ਼ਰਤ, ਕੱਟੜਵਾਦ ਤੇ ਅਸਹਿਣਸ਼ੀਲਤਾ ਦੀ ਲਪੇਟ 'ਚ ਹੈ ਭਾਰਤ: ਸੋਨੀਆ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਦੇਸ਼ ਨੂੰ ਨਫ਼ਰਤ, ਕੱਟੜਵਾਦ ਤੇ ਅਸਹਿਣਸ਼ੀਲਤਾ ਨੇ 'ਘੇਰ' ਲਿਆ ਹੈ, ਤੇ ਜੇ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਸਮਾਜ ਨੂੰ ਐਨਾ ਨੁਕਸਾਨ ਪਹੁੰਚਾ ਦੇਣਗੇ ਕਿ ਸਥਿਤੀ ਸੰਭਾਲਣੀ ਔਖੀ ਹੋ ਜਾਵੇਗੀ। 'ਦਿ ਇੰਡੀਅਨ ਐਕਸਪ੍ਰੈੱਸ' ਲਈ ਲਿਖੇ ਇਕ ਲੇਖ 'ਚ ਸੋਨੀਆ ਗਾਂਧੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਹ ਸਭ ਜਾਰੀ ਰਹਿਣ ਦੀ ਇਜਾਜ਼ਤ ਨਾ ਦੇਣ ਤੇ ਬੇਨਤੀ ਕੀਤੀ ਕਿ ਉਹ 'ਨਫ਼ਰਤ ਦੀ ਇਸ ਭੜਕ ਰਹੀ ਅੱਗ ਤੇ ਸੁਨਾਮੀ ਨੂੰ ਰੋਕਣ' ਜੋ ਕਿ 'ਉਸ ਸਭ ਨੂੰ ਮਿਟਾ ਦੇਵੇਗੀ ਜਿਸ ਨੂੰ ਕਈ ਪੀੜ੍ਹੀਆਂ ਨੇ ਘਾਲਣਾ ਘਾਲ ਕੇ ਉਸਾਰਿਆ ਹੈ।' ਉਨ੍ਹਾਂ ਕਿਹਾ, 'ਅਸੀਂ ਲੋਕ ਸਿਰਫ਼ ਖੜ੍ਹ ਕੇ ਇਹ ਸਭ ਹੁੰਦਾ ਦੇਖ ਨਹੀਂ ਸਕਦੇ ਕਿਉਂਕਿ ਫ਼ਰਜ਼ੀ ਰਾਸ਼ਟਰਵਾਦ ਦੇ ਨਾਂ ਉਤੇ ਸ਼ਾਂਤੀ ਤੇ ਬਹੁਲਵਾਦ ਦੀ ਬਲੀ ਲਈ ਜਾ ਰਹੀ ਹੈ।' ਸੋਨੀਆ ਨੇ ਲੇਖ ਵਿਚ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਦੀ 'ਗੀਤਾਂਜਲੀ' ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਇਸ ਵਿਚਲੇ ਸ਼ਬਦ ਅੱਜ ਹੋਰ ਵੀ ਵੱਧ ਢੁੱਕਵੇਂ ਹਨ ਤੇ ਇਨ੍ਹਾਂ ਦੀ ਗੂੰਜ ਵਧੀ ਹੋਈ ਹੈ। ਜ਼ਿਕਰਯੋਗ ਹੈ ਕਿ ਕਰੀਬ ਇਕ ਸਦੀ ਪਹਿਲਾਂ ਰਚੀ ਗਈ 'ਗੀਤਾਂਜਲੀ' ਵਿਚ ਕਵੀ ਟੈਗੋਰ ਦੀ ਪ੍ਰਾਰਥਨਾ ਦੇ ਉਹ ਸ਼ਬਦ ਬਹੁਤ ਪ੍ਰਸਿੱਧ ਹੋਏ ਹਨ ਜਿਨ੍ਹਾਂ ਵਿਚ ਉਨ੍ਹਾਂ, 'ਮਨ ਦੇ ਭੈਅ ਤੋਂ ਮੁਕਤ ਹੋਣ ਦੀ ਗੱਲ ਕੀਤੀ ਸੀ।' ਸੋਨੀਆ ਨੇ ਨਾਲ ਹੀ ਕਿਹਾ ਕਿ ਇਤਿਹਾਸ- ਚਾਹੇ ਉਹ ਪੁਰਾਤਨ ਹੈ ਜਾਂ ਸਮਕਾਲੀ- ਨੂੰ ਲਗਾਤਾਰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਬਦਲਾਖੋਰੀ ਤੇ ਪੱਖਪਾਤ ਵਿਚੋਂ ਉਪਜਣ ਵਾਲੇ ਵੈਰ-ਵਿਰੋਧ ਨੂੰ ਹਵਾ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹਿਜਾਬ ਉਤੇ ਵਿਵਾਦ ਦੇ ਨਾਲ-ਨਾਲ, ਰਾਮ ਨੌਮੀ ਮੌਕੇ ਹਿੰਸਾ ਹੋਈ ਸੀ। ਇਸ ਤੋਂ ਇਲਾਵਾ ਜੇਐਨਯੂ ਦੇ ਹੋਸਟਲ ਵਿਚ ਮਾਸਾਹਾਰੀ ਭੋਜਨ ਪਰੋਸਣ ਉਤੇ ਵੀ ਵਿਵਾਦ ਹੋਇਆ ਸੀ। ਸੋਨੀਆ ਨੇ ਦੋਸ਼ ਲਾਇਆ ਕਿ, 'ਦੇਸ਼ ਦਾ ਭਵਿੱਖ ਰੌਸ਼ਨ ਕਰਨ ਹਿੱਤ ਤੇ ਨੌਜਵਾਨਾਂ ਦੀ ਮੁਹਾਰਤ ਦਾ ਬਿਹਤਰ ਇਸਤੇਮਾਲ ਕਰਨ ਦੀ ਬਜਾਏ, ਇਕ ਕਾਲਪਨਿਕ ਅਤੀਤ ਦੇ ਨਾਂ ਉਤੇ ਵਰਤਮਾਨ ਨੂੰ ਨਵਾਂ ਰੂਪ ਦੇਣ ਦੇ ਯਤਨਾਂ ਵਿਚ ਸਮਾਂ ਤੇ ਅਨਮੋਲ ਸੰਪਤੀ ਦੋਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ।' ਪ੍ਰਧਾਨ ਮੰਤਰੀ ਮੋਦੀ ਉਤੇ ਨਿਸ਼ਾਨਾ ਸੇਧਦਿਆਂ ਸੋਨੀਆ ਨੇ ਕਿਹਾ, 'ਭਾਰਤ ਦੀ ਵਿੰਭਿਨਤਾ ਨੂੰ ਸਵੀਕਾਰ ਕਰਨ ਬਾਰੇ ਉਹ ਗੱਲਾਂ ਤਾਂ ਬਹੁਤ ਕਰ ਰਹੇ ਹਨ। ਪਰ ਕੌੜਾ ਸੱਚ ਇਹ ਹੈ ਕਿ ਜਿਸ ਵਿਭਿੰਨਤਾ ਨੇ ਸਦੀਆਂ ਤੋਂ ਸਾਡੇ ਸਮਾਜ ਨੂੰ ਪਰਿਭਾਸ਼ਤ ਕੀਤਾ ਹੈ, ਉਸ ਦਾ ਇਸਤੇਮਾਲ ਉਨ੍ਹਾਂ ਦੇ ਰਾਜ ਵਿਚ ਸਾਨੂੰ ਵੰਡਣ ਲਈ ਕੀਤਾ ਜਾ ਰਿਹਾ ਹੈ। ਕਾਂਗਰਸ ਮੁਖੀ ਨੇ ਦੋਸ਼ ਲਾਇਆ ਕਿ ਨਫ਼ਰਤ ਦਾ ਵਧਦਾ ਰੌਲਾ, ਹਮਲਾਵਰ ਹੋਣ ਲਈ ਸ਼ਰੇਆਮ ਭੜਕਾਉਣਾ ਤੇ ਇੱਥੋਂ ਤੱਕ ਕਿ ਘੱਟਗਿਣਤੀਆਂ ਦੇ ਖ਼ਿਲਾਫ਼ ਅਪਰਾਧ ਸਾਡੇ ਸਮਾਜ ਦੀ ਮਿਲੀ-ਜੁਲੀ, ਉਦਾਰ ਰਵਾਇਤਾਂ ਤੋਂ ਕੋਹਾਂ ਦੂਰ ਹਨ। ਸੋਨੀਆ ਨੇ ਦੋਸ਼ ਲਾਇਆ ਕਿ ਸੱਤਾ ਵਿਚ ਬੈਠੇ ਲੋਕਾਂ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਹਰ ਤਰ੍ਹਾਂ ਨਾਲ ਦਬਾਉਣ ਦੀ ਕੋਸ਼ਿਸ਼ ਹੋ ਰਿਹਾ ਹੈ। ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਖ਼ਿਲਾਫ਼ ਸਰਕਾਰੀ ਮਸ਼ੀਨਰੀ ਦੀ ਪੂਰੀ ਤਾਕਤ ਵਰਤੀ ਜਾ ਰਹੀ ਹੈ। ਗਾਂਧੀ ਨੇ ਕਿਹਾ, 'ਡਰ, ਧੋਖਾ ਤੇ ਧਮਕਾਉਣਾ ਇਸ ਸਰਕਾਰ ਦੀਆਂ ਨੀਂਹਾਂ ਬਣ ਚੁੱਕੀਆਂ ਹਨ।' -ਪੀਟੀਆਈ

ਭਾਜਪਾ-ਆਰਐੱਸਐੱਸ ਵੱਲੋਂ ਫੈਲਾਈ ਨਫ਼ਰਤ ਦਾ ਖ਼ਮਿਆਜ਼ਾ ਭੁਗਤ ਰਿਹੈ ਹਰ ਭਾਰਤੀ: ਰਾਹੁਲ

ਸੋਨੀਆ ਗਾਂਧੀ ਦੇ ਲੇਖ ਨੂੰ ਟਵਿੱਟਰ ਉਤੇ ਸ਼ੇਅਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, 'ਭਾਜਪਾ-ਆਰਐੱਸਐੱਸ ਵੱਲੋਂ ਪੈਦਾ ਕੀਤੀ ਜਾ ਰਹੀ ਨਫ਼ਰਤ ਦਾ ਖ਼ਮਿਆਜ਼ਾ ਹਰ ਭਾਰਤੀ ਭੁਗਤ ਰਿਹਾ ਹੈ। ਭਾਰਤ ਦਾ ਅਸਲ ਸਭਿਆਚਾਰ ਸਾਂਝੇ ਜਸ਼ਨ, ਭਾਈਚਾਰਾ ਤੇ ਰਲ-ਮਿਲ ਕੇ ਰਹਿਣਾ ਹੈ। ਆਓ ਇਸ ਦੀ ਰਾਖੀ ਦਾ ਅਹਿਦ ਕਰੀਏ।' ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਵੀ ਲੇਖ ਨੂੰ ਟਵੀਟ ਕਰਦਿਆਂ ਭਾਜਪਾ ਨੂੰ ਨਿਸ਼ਾਨਾ ਬਣਾਇਆ ਤੇ ਨਫ਼ਰਤ ਪੈਦਾ ਕਰਨ ਦਾ ਦੋਸ਼ ਲਾਇਆ।

'ਭਾਰਤੀਆਂ ਨੂੰ ਭਾਰਤੀਆਂ ਦੇ ਹੀ ਵਿਰੁੱਧ ਖੜ੍ਹਾ ਕੀਤਾ ਜਾ ਰਿਹੈ'

ਸੋਨੀਆ ਗਾਂਧੀ ਨੇ ਆਪਣੇ ਲੇਖ ਵਿਚ ਸਵਾਲ ਕੀਤਾ ਹੈ ਕਿ 'ਕੀ ਭਾਰਤ ਪੱਕੇ ਤੌਰ 'ਤੇ ਧਰੁਵੀਕਰਨ ਦੀ ਹਾਲਤ ਵਿਚ ਹੀ ਰਹੇਗਾ?' ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਸਪੱਸ਼ਟ ਤੌਰ 'ਤੇ ਇਹੀ ਚਾਹੁੰਦੀ ਹੈ ਕਿ ਦੇਸ਼ ਦੇ ਨਾਗਰਿਕ ਇਸੇ ਵਾਤਾਵਰਨ ਨੂੰ ਹੀ ਆਪਣੇ ਹਿੱਤ ਵਿਚ ਮੰਨ ਕੇ ਚੱਲਣ। ਸੋਨੀਆ ਨੇ ਦਾਅਵਾ ਕੀਤਾ, 'ਭਾਵੇਂ ਕੱਪੜੇ ਹੋਣ ਜਾਂ ਫਿਰ ਭੋਜਨ, ਵਿਸ਼ਵਾਸ, ਤਿਉਹਾਰ ਜਾਂ ਭਾਸ਼ਾਵਾਂ, ਭਾਰਤੀਆਂ ਨੂੰ ਭਾਰਤੀਆਂ ਦੇ ਹੀ ਵਿਰੁੱਧ ਖੜ੍ਹਾ ਕੀਤਾ ਜਾ ਰਿਹਾ ਹੈ, ਵਿਵਾਦ ਖੜ੍ਹਾ ਕਰਨ ਵਾਲੀਆਂ ਤਾਕਤਾਂ ਨੂੰ ਸਿੱਧੇ ਤੌਰ ਉਤੇ ਜਾਂ ਲੁਕਵੇਂ ਰੂਪ 'ਚ ਹਰ ਤਰ੍ਹਾਂ ਦੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ।



Most Read

2024-09-21 00:38:36