Breaking News >> News >> The Tribune


ਕੇਰਲਾ ਵਿੱਚ ਸੰਘ ਆਗੂ ਦੀ ਹੱਤਿਆ


Link [2022-04-17 07:34:04]



ਪਲੱਕੜ, 16 ਅਪਰੈਲ

ਕੇਰਲਾ ਦੇ ਪਲੱਕੜ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਇਕ ਹੋਰ ਸਿਆਸੀ ਆਗੂ ਦੀ ਹੱਤਿਆ ਹੋ ਗਈ ਹੈ। ਪੁਲੀਸ ਮੁਤਾਬਕ ਅੱਜ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਆਰਐੱਸਐੱਸ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲੀਸ ਨੂੰ ਸ਼ੱਕ ਹੈ ਕਿ ਪੀਐੱਫਆਈ ਆਗੂ ਦੀ ਬੀਤੇ ਦਿਨੀਂ ਹੋਈ ਹੱਤਿਆ ਦੇ ਬਦਲੇ 'ਚ ਇਹ ਕਾਰਵਾਈ ਕੀਤੀ ਗਈ ਹੈ। ਸੰਘ ਦੇ ਸਾਬਕਾ ਜ਼ਿਲ੍ਹਾ ਆਗੂ ਅਤੇ ਅਹੁਦੇਦਾਰ ਐੱਸ ਕੇ ਸ੍ਰੀਨਿਵਾਸਨ (45) 'ਤੇ ਮੇਲਾਮੂਰੀ ਨੇੜੇ ਉਸ ਦੀ ਦੁਕਾਨ 'ਤੇ ਛੇ ਵਿਅਕਤੀਆਂ ਨੇ ਹਮਲਾ ਕੀਤਾ। ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਨੇ ਹੁਕਮਰਾਨ ਖੱਬੇ ਪੱਖੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਹੈ ਕਿ ਸੂਬੇ 'ਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ 20 ਅਪਰੈਲ ਤੱਕ ਪਾਬੰਦੀਆਂ ਲਗਾ ਦਿੱਤੀਆਂ ਹਨ। ਏਡੀਜੀਪੀ (ਅਮਨ ਕਾਨੂੰਨ) ਵਿਜੈ ਸਖਰੇ ਪਲੱਕੜ 'ਚ ਰਹਿ ਕੇ ਜਾਂਚ ਕਰਨਗੇ। ਸੰਘ ਆਗੂ ਦੀ ਹੱਤਿਆ ਮਗਰੋਂ ਸਥਾਨਕ ਲੋਕਾਂ ਨੇ ਆਪਣੀਆਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ। ਸੀਸੀਟੀਵੀ ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਤਿੰਨ ਮੋਟਰ ਸਾਈਕਲਾਂ 'ਤੇ ਹਮਲਾਵਰ ਦੁਕਾਨ 'ਤੇ ਪਹੁੰਚੇ ਜਿਨ੍ਹਾਂ 'ਚੋਂ ਤਿੰਨ ਨੇ ਸ੍ਰੀਨਿਵਾਸਨ 'ਤੇ ਹਮਲਾ ਕੀਤਾ। ਪੁਲੀਸ ਨੇ ਚਿਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ 'ਤੇ ਫਿਰਕੂ ਤਣਾਅ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੀਪੀਐੱਮ ਦੇ ਯੂਥ ਵਿੰਗ ਡੀਵਾਈਐੱਫਆਈ ਨੇ ਕਿਹਾ ਹੈ ਕਿ ਇਹ ਸੰਘ-ਐੱਸਡੀਪੀਆਈ ਦੀ ਯੋਜਨਾ ਦਾ ਹਿੱਸਾ ਹੈ ਤਾਂ ਜੋ ਸੂਬੇ 'ਚ ਫਿਰਕੂ ਅਸ਼ਾਂਤੀ ਫੈਲਾਈ ਜਾ ਸਕੇ। ਕੇਂਦਰੀ ਮੰਤਰੀ ਵੀ ਮੁਰਲੀਧਰਨ ਨੇ ਇਕ ਬਿਆਨ 'ਚ ਕਿਹਾ ਕਿ ਸੰਘ ਆਗੂ ਦੀ ਹੱਤਿਆ ਕੇਰਲਾ 'ਚ ਵਿਗੜ ਰਹੇ ਹਾਲਾਤ ਦੀ ਇਹ ਮਿਸਾਲ ਹੈ। -ਪੀਟੀਆਈ



Most Read

2024-09-21 00:38:53