World >> The Tribune


ਰੂਸ ਨੇ ਬੋਰਿਸ ਤੇ ਭਾਰਤੀ ਮੂਲ ਦੇ ਬਰਤਾਨਵੀ ਮੰਤਰੀਆਂ ਉੱਤੇ ਰੋਕਾਂ ਲਾਈਆਂ


Link [2022-04-17 04:54:16]



ਲੰਡਨ/ਕੀਵ/ਮਾਸਕੋ, 16 ਅਪਰੈਲ

ਰੂਸ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਭਾਰਤੀ ਮੂਲ ਦੇ ਦੋ ਬਰਤਾਨਵੀ ਮੰਤਰੀਆਂ ਰਿਸ਼ੀ ਸੁਨਾਕ ਤੇ ਪ੍ਰੀਤੀ ਪਟੇਲ ਉਤੇ ਪਾਬੰਦੀਆਂ ਲਾ ਦਿੱਤੀਆਂ ਹਨ। ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਕਦਮ ਯੂਕੇ ਵੱਲੋਂ ਉਨ੍ਹਾਂ ਉਤੇ ਲਗਾਤਾਰ ਲਾਈਆਂ ਪਾਬੰਦੀਆਂ ਮਗਰੋਂ ਚੁੱਕਿਆ ਗਿਆ ਹੈ। ਰੂਸ ਨੇ ਯੂਕੇ ਦੀ ਕਾਰਵਾਈ ਨੂੰ ਦੁਸ਼ਮਣੀ ਪੈਦਾ ਕਰਨ ਵਾਲਾ ਕਰਾਰ ਦਿੱਤਾ। ਮਾਸਕੋ ਤੋਂ ਜਿਹੜੀ 'ਸਟੌਪ ਲਿਸਟ' ਜਾਰੀ ਕੀਤੀ ਗਈ ਹੈ, ਉਸ ਵਿਚ 13 ਬਰਤਾਨਵੀ ਸਿਆਸਤਦਾਨਾਂ ਦੇ ਨਾਂ ਹਨ। ਉਪ ਪ੍ਰਧਾਨ ਮੰਤਰੀ ਡੌਮੀਨਿਕ ਰਾਬ, ਵਿਦੇਸ਼ ਮੰਤਰੀ ਲਿਜ਼ ਟਰੱਸ ਤੇ ਰੱਖਿਆ ਮੰਤਰੀ ਬੈੱਨ ਵਾਲੈੱਸ 'ਤੇ ਵੀ ਰੂਸ ਨੇ ਰੋਕਾਂ ਲਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਉਤੇ ਹਮਲੇ ਮਗਰੋਂ ਪੱਛਮੀ ਦੇਸ਼ਾਂ ਨੇ ਰੂਸ ਨੂੰ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਦੁਆਲੇ ਮਿਜ਼ਾਈਲ ਤੇ ਹੋਰ ਹਮਲਿਆਂ ਵਿਚ ਹੁਣ ਤੱਕ 900 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਨੇ ਕੀਵ ਉਤੇ ਹੋਰ ਮਿਜ਼ਾਈਲ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ।

ਪੁਲੀਸ ਨੇ ਕਿਹਾ ਕਿ ਜ਼ਿਆਦਾਤਰ ਨਾਗਰਿਕਾਂ ਨੂੰ ਗੋਲੀ ਮਾਰੀ ਗਈ ਹੈ। ਰੂਸੀ ਫੌਜਾਂ ਪੂਰਬੀ ਯੂਕਰੇਨ ਨੂੰ ਵੀ ਘੇਰਾ ਪਾ ਰਹੀਆਂ ਹਨ। ਮਾਰਿਉਪੋਲ ਤੇ ਖਾਰਕੀਵ ਸ਼ਹਿਰਾਂ 'ਤੇ ਵੀ ਰੂਸ ਨੇ ਮੁੜ ਹਮਲੇ ਕੀਤੇ ਹਨ। ਇੱਥੇ ਇਕ ਬੱਚੇ ਸਣੇ ਕਈ ਲੋਕ ਮਾਰੇ ਗਏ ਹਨ। ਬੁਕਾ ਤੇ ਹੋਰ ਸ਼ਹਿਰਾਂ ਵਿਚ ਮਲਬੇ ਹੇਠੋਂ ਲਾਸ਼ਾਂ ਮਿਲ ਰਹੀਆਂ ਹਨ। ਕੀਵ ਦੇ ਮੇਅਰ ਨੇ ਕਿਹਾ ਕਿ ਸ਼ਹਿਰ ਵਿਚ ਅੱਜ 'ਧਮਾਕਿਆਂ' ਦੀ ਆਵਾਜ਼ ਸੁਣੀ ਗਈ ਹੈ। ਇਸੇ ਦੌਰਾਨ ਯੂਕਰੇਨ ਆਪਣੇ ਚੋਟੀ ਦੇ ਅਧਿਕਾਰੀਆਂ ਨੂੰ ਹਮਲੇ ਉਤੇ ਵਿਚਾਰ-ਚਰਚਾ ਲਈ ਵਾਸ਼ਿੰਗਟਨ ਭੇਜ ਰਿਹਾ ਹੈ। ਰੂਸ ਨੇ ਵੀ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਆਪਣੇ ਐੱਸ-400 ਮਿਜ਼ਾਈਲ ਸਿਸਟਮ ਨਾਲ ਇਕ ਐਮਆਈ-8 ਯੂਕਰੇਨੀ ਹੈਲੀਕੌਪਟਰ ਨੂੰ ਡੇਗ ਲਿਆ ਹੈ। ਜਦਕਿ ਯੂਕਰੇਨੀ ਬਲਾਂ ਨੇ ਦੱਸਿਆ ਕਿ ਜੰਗ ਵਿਚ ਹੁਣ ਤੱਕ ਰੂਸ ਦੇ 145 ਹੈਲੀਕਾਪਟਰਾਂ ਤੇ 2000 ਜੰਗੀ ਵਾਹਨਾਂ ਨੂੰ ਤਬਾਹ ਕੀਤਾ ਗਿਆ ਹੈ। ਰੂਸੀ ਜੰਗੀ ਬੇੜਾ ਤਬਾਹ ਹੋਣ ਮਗਰੋਂ ਰੂਸ ਨੂੰ ਵੱਡਾ ਝਟਕਾ ਲੱਗਿਆ ਹੈ। ਉਸ ਨੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਉਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। -ਪੀਟੀਆਈ/ਏਪੀ

ਰੂਸ ਤੋਂ ਤੇਲ ਖ਼ਰੀਦਣਾ ਬੰਦ ਕੀਤਾ ਜਾਵੇ: ਜ਼ੇਲੈਂਸਕੀ

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਦੋਸ਼ ਲਾਇਆ ਹੈ ਕਿ ਰੂਸ ਦੀ ਸੈਨਾ ਖੇਰਸਨ ਤੇ ਜ਼ਪੋਰੀਜ਼ਜ਼ੀਆ ਸ਼ਹਿਰਾਂ ਦੇ ਕਈ ਹਿੱਸਿਆਂ ਉਤੇ ਕਬਜ਼ੇ ਕਰ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਰੂਸ ਉਤੇ ਲਾਈਆਂ ਗਈਆਂ ਪਾਬੰਦੀਆਂ ਉਸ ਨੂੰ ਰੋਕਣ ਲਈ ਕਾਫੀ ਨਹੀਂ ਹਨ। ਉਨ੍ਹਾਂ ਸੱਦਾ ਦਿੱਤਾ ਕਿ ਰੂਸ ਤੋਂ ਤੇਲ ਖ਼ਰੀਦਣਾ ਬੰਦ ਕੀਤਾ ਜਾਵੇ।



Most Read

2024-09-20 11:44:25