World >> The Tribune


ਕਾਲੇ ਸਾਗਰ ਵਿੱਚ ਰੂਸ ਦਾ ਜੰਗੀ ਬੇੜਾ ਡੁੱਬਿਆ


Link [2022-04-16 09:56:24]



ਕੀਵ/ਮਾਸਕੋ, 15 ਅਪਰੈਲ

ਕਾਲੇ ਸਾਗਰ ਵਿੱਚ ਤਾਇਨਾਤ ਰੂਸੀ ਜੰਗੀ ਬੇੜਾ 'ਮੋਸਕਵਾ' ਤਬਾਹ ਹੋਣ ਤੋਂ ਇਕ ਦਿਨ ਮਗਰੋਂ ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨੀ ਰਾਜਧਾਨੀ 'ਤੇ ਹਮਲੇ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। ਰੂਸ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਰੂਸੀ ਰੱਖਿਆ ਅਧਿਕਾਰੀਆਂ ਨੇ ਯੂਕਰੇਨ 'ਤੇ ਰੂਸ ਨਾਲ ਲੱਗਦੀ ਸਰਹੱਦ 'ਤੇ ਬ੍ਰਿਯਾਂਸਕ ਤੇ ਬੈਲਗੋਰੋਡ ਖੇਤਰ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਦੱਸ ਦੇਈਏ ਕਿ ਯੂਕਰੇਨ ਨੇ ਰੂਸੀ ਫੌਜ ਦੇ ਜੰਗੀ ਬੇੜੇ 'ਤੇ ਮਿਜ਼ਾਈਲ ਹਮਲੇ ਕਰਨ ਦਾ ਦਾਅਵਾ ਕੀਤਾ ਸੀ, ਜਦੋਂਕਿ ਰੂਸ ਨੇ ਦਾਅਵਾ ਕੀਤਾ ਕਿ ਮੋਸਕਵਾ ਅੱਗ ਨਾਲ ਨੁਕਸਾਨਿਆ ਗਿਆ ਸੀ ਅਤੇ ਇਸ 'ਤੇ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ।

ਕਾਲੇ ਸਾਗਰ ਵਿੱਚ ਖੜ੍ਹਾ ਰੂਸ ਦਾ ਗਾਈਡਿਡ ਮਿਜ਼ਾਈਲ ਕਰੂਜ਼ਰ 'ਮੋਸਕਵਾ' ਨੁਕਸਾਨ ਪੁੱਜਣ ਤੋਂ ਇਕ ਦਿਨ ਮਗਰੋਂ ਅੱਜ ਡੁੱਬ ਗਿਆ। ਇਹ ਬੇੜਾ ਲੰਮੀ ਦੂਰੀ ਵਾਲੀਆਂ 16 ਕਰੂਜ਼ ਮਿਜ਼ਾਈਲਾਂ ਢੋਣ ਦੇ ਸਮਰੱਥ ਸੀ। ਬੇੜਾ ਤਬਾਹ ਹੋਣ ਨਾਲ ਕਾਲੇ ਸਾਗਰ ਤੋਂ ਰੂਸ ਦੀ ਹਮਲਾ ਕਰਨ ਦੀ ਸਮਰੱਥਾ ਨੂੰ ਢਾਹ ਲੱਗੀ ਹੈ। ਰੱਖਿਆ ਮਾਹਿਰ ਜੰਗੀ ਬੇੜਾ ਨੁਕਸਾਨੇ ਜਾਣ ਨੂੰ ਇਤਿਹਾਸਕ ਬੱਜਰ ਗ਼ਲਤੀ ਵਜੋਂ ਵੇਖਦਿਆਂ ਮਾਸਕੋ ਲਈ ਸੰਕੇਤਕ ਹਾਰ ਮੰਨ ਰਹੇ ਹਨ। ਉਧਰ ਅਮਰੀਕੀ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ 'ਤੇ ਕਿਹਾ ਕਿ 'ਮੋਸਕਵਾ' ਘਟਨਾ ਮਗਰੋਂ ਰੂਸੀ ਬੇੜੇ ਉੱਤਰੀ ਕਾਲੇ ਸਾਗਰ ਤੋਂ ਦੱਖਣ ਵੱਲ ਕੂਚ ਕਰ ਗਏ ਹਨ।

ਰੂਸੀ ਅਧਿਕਾਰੀਆਂ ਮੁਤਾਬਕ ਬ੍ਰਿਯਾਂਸਕ ਖਿੱਤੇ ਦੇ ਪਿੰਡ ਕਲੀਮੋਵੋ ਵਿੱਚ ਕੀਤੇ ਹਮਲੇ ਦੌਰਾਨ 100 ਦੇ ਕਰੀਬ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਫੌਜਾਂ ਨੇ ਯੂਕਰੇਨ ਦੇ ਚਰਨੀਹੀਵ ਖੇਤਰ ਵਿਚ ਯੂਕਰੇਨੀ ਐੱਮਆਈ-8 ਹੈਲੀਕਾਪਟਰ ਹੇਠਾਂ ਸੁੱਟ ਲਿਆ ਹੈ, ਜੇ ਬ੍ਰਿਯਾਂਸਕ ਖੇਤਰ ਵਿੱਚ ਕੀਤੇ ਹਮਲਿਆਂ 'ਚ ਸ਼ਾਮਲ ਸੀ। ਇਸ ਦੌਰਾਨ ਇਕ ਹੋਰ ਸਰਹੱਦੀ ਖੇਤਰ ਬੈਲਗੋਰੋਡ ਵਿੱਚ ਵੀ ਯੂਕਰੇਨ ਵੱਲੋਂ ਹਮਲੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਯੂਕਰੇਨ ਤੇ ਰੂਸ ਨੇ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੀ ਜੰਗ ਦਰਮਿਆਨ ਅੱਜ ਚੌਥੀ ਵਾਰ ਇਕ ਦੂਜੇ ਦੇ ਜੰਗੀ ਕੈਦੀ ਮੋੜੇ। ਯੂਕਰੇਨ ਦੇ ਡਿਪਟੀ ਪ੍ਰਧਾਨ ਮੰਤਰੀ ਇਰਨਾ ਵੇਰੇਸ਼ਚੁਕ ਨੇ ਕਿਹਾ ਕਿ ਯੂਕਰੇਨ ਦੇ ਜੰਗੀ ਕੈਦੀਆਂ, ਜਿਨ੍ਹਾਂ ਵਿੱਚ 8 ਸਿਵਲੀਅਨ ਵੀ ਸਨ, ਨੂੰ ਅੱਜ ਰੂਸੀ ਫੌਜ ਨੇ ਰਿਹਾਅ ਕਰ ਦਿੱਤਾ। ਉਧਰ ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਵੀਰਵਾਰ ਰਾਤ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂੁਕਰੇਨੀਆਂ ਨੂੰ ਫ਼ਖ਼ਰ ਹੋਣਾ ਚਾਹੀਦਾ ਹੈ ਕਿ ਰੂਸੀ ਹਮਲਿਆਂ ਦੇ ਬਾਵਜੂਦ ਉਨ੍ਹਾਂ ਨੇ 50 ਦਿਨ ਕੱਢ ਲਏ ਹਨ। ਇਸ ਦੌਰਾਨ ਮਾਰੀਓਪੋਲ ਦੇ ਮੇਅਰ ਨੇ ਦਾਅਵਾ ਕੀਤਾ ਕਿ ਇਸ ਹਫ਼ਤੇ ਦੌਰਾਨ 10 ਹਜ਼ਾਰ ਤੋਂ ਵੱਧ ਸਿਵਲੀਅਨ ਮਾਰੇ ਗਏ ਹਨ ਤੇ ਮੌਤਾਂ ਦਾ ਅੰਕੜਾ 20 ਹਜ਼ਾਰ ਨੂੰ ਪਾਰ ਕਰ ਸਕਦਾ ਹੈ। -ਏਪੀ/ਆਈਏਐੱਨਐੱਸ

ਰੂਸ ਨੇ ਯੂਕਰੇਨ 'ਤੇ ਮਨੁੱਖੀ ਲਾਂਘਾ ਨਾ ਖੋਲ੍ਹਣ ਦੇ ਦੋਸ਼ ਲਾਏ

ਮਾਸਕੋ: ਰੂਸ ਨੇ ਯੂਕਰੇਨ 'ਤੇ ਮਨੁੱਖੀ ਲਾਂਘਾ ਨਾ ਖੋਲ੍ਹਣ ਦੇ ਮੁੜ ਦੋਸ਼ ਲਾਏ ਹਨ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ ਅਜੇ ਵੀ 11 ਮੁਲਕਾਂ ਦੇ 6224 ਵਿਦੇਸ਼ੀ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਬੰਧਕ ਬਣਾਇਆ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਨੇ 14 ਅਪਰੈਲ ਤੋਂ ਰੂਸ ਵਾਲੇ ਪਾਸੇ ਜ਼ੈਪੋਰੇਜ਼ਾਏ ਤੇ ਦੋਨੇਤਸਕ ਵਿੱਚ 10 ਲਾਂਘੇ ਖੋਲ੍ਹਣ ਦਾ ਐਲਾਨ ਕੀਤਾ ਸੀ, ਪਰ ਅਜੇ ਤੱਕ ਇਸ 'ਤੇ ਅਮਲ ਨਹੀਂ ਕੀਤਾ। -ਆਈੲੇਐੱਨਐੱਸ



Most Read

2024-09-20 12:03:14