World >> The Tribune


ਜੈਸ਼ੰਕਰ ਨੇ ਗੁਟੇਰੇਜ਼ ਨਾਲ ਯੂਕਰੇਨ ਸਮੇਤ ਹੋਰ ਮੁੱਦੇ ਵਿਚਾਰੇ


Link [2022-04-16 09:56:24]



ਸੰਯੁਕਤ ਰਾਸ਼ਟਰ, 15 ਅਪਰੈਲ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕਰਕੇ ਯੂਕਰੇਨ ਸੰਘਰਸ਼ ਦੇ ਦੁਨੀਆ ਭਰ 'ਤੇ ਪੈ ਰਹੇ ਅਸਰ ਦੇ ਨਾਲ ਅਫ਼ਗਾਨਿਸਤਾਨ ਅਤੇ ਮਿਆਂਮਾਰ ਦੇ ਹਾਲਾਤ ਬਾਰੇ ਵੀ ਵਿਚਾਰ ਵਟਾਂਦਾਰਾ ਕੀਤਾ। ਜੈਸ਼ੰਕਰ ਆਪਣਾ ਵਾਸ਼ਿੰਗਟਨ ਦਾ ਦੌਰਾ ਖ਼ਤਮ ਕਰਕੇ ਬੁੱਧਵਾਰ ਸ਼ਾਮ ਇਥੇ ਪਹੁੰਚੇ ਹਨ। ਉਨ੍ਹਾਂ ਟਵੀਟ ਕਰਕੇ ਦੱਸਿਆ ਕਿ ਖੁਰਾਕ ਅਤੇ ਊਰਜਾ ਸੁਰੱਖਿਆ ਕਾਰਨ ਵਿਕਾਸਸ਼ੀਲ ਮੁਲਕਾਂ 'ਤੇ ਮਾੜਾ ਅਸਰ ਪਵੇਗਾ।

'ਅਸੀਂ ਅਫ਼ਗਾਨਿਸਤਾਨ ਅਤੇ ਮਿਆਂਮਾਰ ਦੇ ਤਾਜ਼ਾ ਘਟਨਾਕ੍ਰਮ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਅਹਿਮ ਸਮਕਾਲੀ ਚੁਣੌਤੀਆਂ ਦੇ ਟਾਕਰੇ ਲਈ ਭਾਰਤ ਨਾਲ ਰਲ ਕੰਮ ਕਰਨ 'ਚ ਦਿਲਚਸਪੀ ਦਿਖਾਉਣ ਲਈ ਮੈਂ ਗੁਟੇਰੇਜ਼ ਦੀ ਸ਼ਲਾਘਾ ਕਰਦਾ ਹਾਂ।' ਤਾਲਿਬਾਨ ਨੇ ਪਿਛਲੇ ਸਾਲ 15 ਅਗਸਤ ਨੂੰ ਅਫ਼ਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਇਸ ਕਾਰਨ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਮੁਲਕ ਛੱਡ ਕੇ ਯੂਏਈ ਜਾਣਾ ਪਿਆ ਹੈ। ਜ਼ਿਕਰਯੋਗ ਹੈ ਕਿ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਇਡ ਜੇ ਆਸਟਿਨ ਨਾਲ 2+2 ਮੰਤਰੀ ਪੱਧਰ ਦੀ ਗੱਲਬਾਤ ਲਈ ਵਾਸ਼ਿੰਗਟਨ 'ਚ ਸਨ। -ਪੀਟੀਆਈ

ਲੋਕਤੰਤਰ ਅਤੇ ਆਜ਼ਾਦੀ ਨੂੰ ਮਜ਼ਬੂਤ ਕਰਨਾ ਹੀ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ: ਜੈਸ਼ੰਕਰ

ਨਿਊਯਾਰਕ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਡਾਕਟਰ ਬੀ ਆਰ ਅੰਬੇਦਕਰ ਦੀ 131ਵੀਂ ਜੈਅੰਤੀ 'ਤੇ ਕਿਹਾ ਕਿ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਲੋਕਤੰਤਰ ਅਤੇ ਆਜ਼ਾਦੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹੇਬ ਦੇ ਵਿਚਾਰਾਂ ਨੇ ਅਜਿਹੇ ਸਮੇਂ 'ਚ ਸਪੱਸ਼ਟਤਾ ਅਤੇ ਕਾਰਵਾਈ ਕਰਨ ਲਈ ਸੇਧ ਦੇਣ ਦਾ ਕੰਮ ਕੀਤਾ ਹੈ ਜਦੋਂ ਨਾ ਸਿਰਫ਼ ਭਾਰਤ ਸਗੋਂ ਦੁਨੀਆ ਮੁੜ ਤੋਂ ਲੋਕਤੰਤਰ ਦੇ ਗੁਣਾਂ 'ਤੇ ਚਰਚਾ ਕਰ ਰਹੀ ਹੈ। ਇਥੇ ਭਾਰਤੀ ਕੌਂਸੁਲੇਟ ਜਨਰਲ 'ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਆਜ਼ਾਦੀ ਨੂੰ ਮਜ਼ਬੂਤ ਕਰਨਾ ਅਜਿਹੇ ਸਮੇਂ 'ਤੇ ਹੋਰ ਵੀ ਅਹਿਮ ਹੋ ਜਾਂਦਾ ਹੈ ਜਦੋਂ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲ ਦਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਵਜੋਂ ਡਾਕਟਰ ਅੰਬੇਦਕਰ ਦੀ ਵਿਰਾਸਤ ਸਮਾਂ ਬੀਤਣ ਨਾਲ ਹੋਰ ਬੇਸ਼ਕੀਮਤੀ ਬਣਦੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ 'ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ



Most Read

2024-09-20 11:32:54