Breaking News >> News >> The Tribune


ਹਿਮਾਚਲ: ਮੁਫ਼ਤ ਬਿਜਲੀ, ਪਾਣੀ ਤੇ ਬੱਸ ਕਿਰਾਏ ’ਚ ਛੋਟ ਦੇ ਐਲਾਨ


Link [2022-04-16 04:53:39]



ਸ਼ਿਮਲਾ, 15 ਅਪਰੈਲ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਹਿਮਾਚਲ ਰੋਡਵੇਜ਼ ਦੀਆਂ ਬੱਸਾਂ 'ਚ ਮਹਿਲਾਵਾਂ ਲਈ ਕਿਰਾਏ 'ਚ 50 ਫੀਸਦ ਛੋਟ, 125 ਯੂਨਿਟ ਤੱਕ ਬਿਜਲੀ ਮੁਫਤ ਕਰਨ ਅਤੇ ਦਿਹਾਤੀ ਇਲਾਕਿਆਂ 'ਚ ਪਾਣੀ ਬਿੱਲ ਖਤਮ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਚੰਬਾ 'ਚ ਹਿਮਾਚਲ ਪ੍ਰਦੇਸ਼ ਦੇ 75ਵੇਂ ਸਥਾਪਨਾ ਦਿਵਸ ਸਬੰਧੀ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਮਹਿਲਾਵਾਂ ਨਿਗਮ ਦੀਆਂ ਬੱਸਾਂ ਦੇ ਕਿਰਾਏ ਵਿੱਚ 50 ਫੀਸਦ ਛੋਟ ਮਿਲਣ ਨਾਲ ਕਰੀਬ 60 ਰੁਪਏ ਦੀ ਬੱਚਤ ਕਰਨਗੀਆਂ। ਉਨ੍ਹਾਂ ਕਿਹਾ 125 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਪਹਿਲੀ ਜੁਲਾਈ ਤੱਕ ਕੋਈ ਬਿਜਲੀ ਬਿੱਲ ਨਹੀਂ ਭਰਨਾ ਪਵੇਗਾ ਤੇ ਇਸ ਫ਼ੈਸਲੇ ਨਾਲ 11.5 ਲੱਖ ਖਪਤਕਾਰਾਂ ਨੂੰ 250 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਦਿਹਾਤੀ ਖੇਤਰਾਂ 'ਚ ਪਰਿਵਾਰਾਂ ਤੋਂ ਕੋਈ ਵੀ ਪਾਣੀ ਦਾ ਬਿੱਲ ਨਹੀਂ ਵਸੂਲਿਆ ਜਾਵੇਗਾ ਤੇ ਇਸ ਫ਼ੈਸਲੇ ਨਾਲ ਪੇਂਡੂ ਖੇਤਰ ਦੇ ਪਰਿਵਾਰਾਂ ਨੂੰ 30 ਕਰੋੜ ਰੁਪਏ ਦਾ ਵਿੱਤੀ ਲਾਭ ਹੋਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਚੰਬਾ ਦੇ ਮਿਨੀ ਸਕੱਤਰੇਤ ਤੇ ਹੋਲੀਉੱਤਰਲਾ ਦੇ ਵਿਕਾਸ ਕਾਰਜਾਂ ਲਈ ਪੰਜ ਕਰੋੜ ਰੁਪਏ ਦੇਣ ਦੇ ਨਾਲ-ਨਾਲ ਚੰਬਾ ਸ਼ਹਿਰ ਦੇ ਸੁੰਦਰੀਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ ਕਰੋਨਾ ਮਹਾਮਾਰੀ ਦੇ ਦੌਰ 'ਚ ਬਹੁਤ ਮੁਸ਼ਕਲ ਸਮਾਂ ਦੇਖਿਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਉਹ ਉਸ ਮੁਸ਼ਕਲ ਦੇ ਦੌਰ 'ਚੋਂ ਉੱਭਰ ਆਏ ਹਨ। ਉਨ੍ਹਾਂ ਕਿਹਾ ਕਿ ਸੂਬਾ ਲਗਾਤਾਰ ਵਿਕਾਸ ਦੇ ਰਾਹ 'ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ, 'ਇਹ ਸਭ ਕੁਝ ਕੇਂਦਰ ਸਰਕਾਰ ਦੀ ਮਦਦ ਨਾਲ ਸੰਭਵ ਹੋ ਸਕਿਆ ਕਿਉਂਕਿ ਪ੍ਰਧਾਨ ਮੰਤਰੀ ਦਾ ਹਿਮਾਚਲ ਪ੍ਰਦੇਸ਼ ਨਾਲ ਵਿਸ਼ੇਸ਼ ਲਗਾਓ ਹੈ।' ਉਨ੍ਹਾਂ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸੂਬੇ ਦੇ ਪਹਿਲੇ ਮੁੱਖ ਮੰਤਰੀ ਡਾ. ਯਸ਼ਵੰਤ ਸਿੰਘ ਪਰਮਾਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਤੇ ਸੂਬੇ ਦਾ ਵਿਕਾਸ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਕੰਮ ਕਰ ਰਹੀ ਹੈ। -ਪੀਟੀਆਈ

ਕੇਜਰੀਵਾਲ ਸਰਕਾਰ ਦੇ ਮਾਡਲ ਦੀ ਨਕਲ ਕੀਤੀ: ਸਿਸੋਦੀਆ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਅੱਜ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ ਵਿਚਲੀ ਭਾਜਪਾ ਸਰਕਾਰ ਅਰਵਿੰਦ ਕੇਜਰੀਵਾਲ ਸਰਕਾਰ ਦੇ ਪ੍ਰਸ਼ਾਸਨ ਦੀ ਨਕਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੂਬੇ 'ਚ ਮੁਫ਼ਤ ਬਿਜਲੀ ਤੇ ਪਾਣੀ ਦੇਣ ਤੋਂ ਇਲਾਵਾ ਮਹਿਲਾਵਾਂ ਨੂੰ ਬੱਸ ਕਿਰਾਏ ਵਿੱਚ 50 ਫੀਸਦ ਤੱਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। 'ਆਪ' ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਇਹ ਐਲਾਨ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਗਵਾਂ ਪਾਰਟੀ ਨੇ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਉਹ ਮੁਫ਼ਤ ਬਿਜਲੀ ਵਰਗੀ ਕਿਸੇ ਵੀ ਮੁਫ਼ਤ ਸਹੂਲਤ ਦੇ ਖ਼ਿਲਾਫ਼ ਹੈ। ਸਿਸੋਦੀਆ ਨੇ ਦਾਅਵਾ ਕੀਤਾ ਕਿ ਹਿਮਾਚਲ ਪ੍ਰਦੇਸ਼ 'ਚ ਸੱਤਾ 'ਚ ਵਾਪਸੀ ਤੋਂ ਬਾਅਦ ਭਾਜਪਾ ਆਪਣੇ ਉਹ ਸਾਰੇ ਐਲਾਨ ਵਾਪਸ ਲੈ ਲਵੇਗੀ ਜੋ ਮੁੱਖ ਮੰਤਰੀ ਨੇ ਕੀਤੇ ਹਨ। ਉਨ੍ਹਾਂ ਇਸ ਪਹਾੜੀ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੇ ਜਾਲ ਵਿੱਚ ਨਾ ਫਸਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ 'ਚ 'ਆਪ' ਨੂੰ ਵੋਟ ਪਾਉਣ। ਜ਼ਿਕਰਯੋਗ ਹੈ ਅੱਜ ਚੰਬਾ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ 125 ਯੂਨਿਟ ਤੱਕ ਮੁਫ਼ਤ ਬਿਜਲੀ ਦੇਵੇਗੀ ਅਤੇ ਦਿਹਾਤੀ ਖੇਤਰ 'ਚ ਪਾਣੀ ਦੇ ਬਿੱਲ ਮੁਆਫ਼ ਕਰੇਗੀ। ਉਨ੍ਹਾਂ ਮਹਿਲਾਵਾਂ ਲਈ ਬੱਸਾਂ ਦਾ ਕਿਰਾਇਆ 50 ਫੀਸਦ ਤੱਕ ਘਟਾਉਣ ਦਾ ਵੀ ਐਲਾਨ ਕੀਤਾ। -ਪੀਟੀਆਈ



Most Read

2024-09-21 00:49:29