Breaking News >> News >> The Tribune


ਜੇਐੱਨਯੂ ’ਚ ਲੱਗੇ ਭਗਵਾ ਪੋਸਟਰ ਤੇ ਝੰਡੇ ਪੁਲੀਸ ਨੇ ਲਾਹੇ


Link [2022-04-16 04:53:39]



ਮਨਧੀਰ ਿਸੰਘ ਦਿਓਲ

ਨਵੀਂ ਦਿੱਲੀ, 15 ਅਪਰੈਲ

ਰਾਮ ਨੌਮੀ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਦੋ ਵਿਦਿਆਰਥੀ ਧਿਰਾਂ ਦਰਮਿਆਨ ਭੜਕੀ ਹਿੰਸਾ ਦੇ ਵਿਰੋਧ ਵਿੱਚ ਹਿੰਦੂ ਸੈਨਾ ਦੇ ਮੈਂਬਰਾਂ ਨੇ ਯੂਨੀਵਰਸਿਟੀ ਕੈਂਪਸ ਨੇੜੇ ਭਗਵਾ ਝੰਡੇ ਅਤੇ 'ਭਗਵਾ ਜੇਐੱਨਯੂ' ਵਾਲੇ ਬੈਨਰ ਲਗਾਏ। ਪੁਲੀਸ ਨੇ ਜਿਵੇਂ ਹੀ ਝੰਡੇ ਤੇ ਬੈਨਰ ਵੇਖੇ, ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਤੇ ਅੱਜ ਸਵੇਰੇ ਉਨ੍ਹਾਂ ਨੂੰ ਹਟਾ ਦਿੱਤਾ। ਡੀਸੀਪੀ (ਦੱਖਣ-ਪੱਛਮੀ) ਮਨੋਜ ਸੀ. ਨੇ ਕਿਹਾ, ''ਅੱਜ (ਸ਼ੁੱਕਰਵਾਰ) ਸਵੇਰੇ ਸਾਡੇ ਧਿਆਨ ਵਿੱਚ ਆਇਆ ਕਿ ਜੇਐੱਨਯੂ ਦੇ ਨਾਲ ਲੱਗਦੇ ਖੇਤਰਾਂ ਵਿੱਚ ਕੁਝ ਝੰਡੇ ਤੇ ਬੈਨਰ ਲਗਾਏ ਗਏ ਹਨ। ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਇਨ੍ਹਾਂ ਨੂੰ ਤੁਰੰਤ ਹਟਾ ਦਿੱਤਾ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।'' ਦੱਸ ਦੇਈੲੇ ਕਿ ਲੰਘੇ ਐਤਵਾਰ ਨੂੰ ਜੇਐੱਨਯੂ ਕੈਂਪਸ ਵਿੱਚ ਦੋ ਵਿਦਿਆਰਥੀ ਧਿਰਾਂ ਵਿਚਾਲੇ ਹਿੰਸਾ ਭੜਕ ਗਈ ਸੀ। ਖੱਬੇ ਪੱਖੀ ਵਿਦਿਆਰਥੀਆਂ ਨੇ ਏਬੀਵੀਪੀ ਮੈਂਬਰਾਂ 'ਤੇ ਕਾਵੇਰੀ ਹੋਸਟਲ ਵਿੱਚ ਮਾਸਾਹਾਰੀ ਭੋਜਨ ਪਕਾਏ ਜਾਣ ਤੇ ਪਰੋਸਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਉਧਰ ਏਬੀਵੀਪੀ ਨੇ ਖੱਬੇਪੱਖੀ ਵਿਦਿਆਰਥੀਆਂ 'ਤੇ ਉਸੇ ਹੋਸਟਲ ਵਿੱਚ ਰਾਮਨੌਮੀ ਲਈ ਕੀਤੇ ਗਏ ਹਵਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਿਸ਼ਨੂੰ ਗੁਪਤਾ ਨੇ ਕਿਹਾ, "ਜੇਐਨਯੂ ਕੈਂਪਸ ਦੇ ਅੰਦਰ ਭਗਵਾ ਤੇ ਹਿੰਦੂਤਵ ਦਾ ਲਗਾਤਾਰ ਅਪਮਾਨ ਕੀਤਾ ਜਾ ਰਿਹਾ ਹੈ। ਇਹ ਮੰਦਭਾਗਾ ਅਤੇ ਗਲਤ ਹੈ। ਅਸੀਂ ਇਹ ਰਾਮ ਨੌਮੀ ਮੌਕੇ ਵੀ ਦੇਖਿਆ ਸੀ। ਇਹ ਲੋਕ ਭਗਵੇ ਨੂੰ ਨਫ਼ਰਤ ਕਿਉਂ ਕਰਦੇ ਹਨ? ਭਗਵਾ ਸਾਡੀ ਸੰਸਕ੍ਰਿਤੀ ਹੈ, ਇਹ ਸਿਰਫ਼ ਜੇਐੱਨਯੂ ਵਿੱਚ ਹੀ ਨਹੀਂ ਪੂਰੇ ਦੇਸ਼ ਵਿੱਚ ਸਾਡੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਹਿੰਦੂਤਵ ਸਾਡਾ ਸੱਭਿਆਚਾਰ ਹੈ। ਦੇਸ਼ ਦੇ ਲੋਕਾਂ ਨੂੰ ਭਗਵੇਂ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਤੋਂ ਪ੍ਰੇਸ਼ਾਨ ਲੋਕ ਦੇਸ਼ ਵਿਰੋਧੀ ਹਨ। ਜੇਕਰ ਕਿਸੇ ਨੂੰ ਭਾਰਤ ਦੀ ਸੰਸਕ੍ਰਿਤੀ ਨਾਲ ਕੋਈ ਸਮੱਸਿਆ ਹੈ ਤਾਂ ਉਹ ਦੇਸ਼ ਛੱਡ ਸਕਦਾ ਹੈ।''

ਪੁਲੀਸ ਦੀ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦਿਆਂ ਗੁਪਤਾ ਨੇ ਕਿਹਾ ਕਿ ਝੰਡੇ ਉਤਾਰ ਕੇ ਪੁਲੀਸ ਨੇ ਸੰਵਿਧਾਨ ਦਾ ਨਿਰਾਦਰ ਕੀਤਾ ਹੈ। "ਪੁਲੀਸ ਨੂੰ ਵੀ ਭਗਵੇਂ ਝੰਡੇ ਉਤਾਰਨ ਦੀ ਇੰਨੀ ਕਾਹਲ ਨਹੀਂ ਹੋਣੀ ਚਾਹੀਦੀ। ਭਗਵਾ ਦਹਿਸ਼ਤ ਦਾ ਪ੍ਰਤੀਕ ਨਹੀਂ ਹੈ ਕਿ ਪੁਲੀਸ ਇੰਨੀ ਕਾਹਲੀ ਦਿਖਾ ਰਹੀ ਹੈ। ਭਗਵੇਂ ਤੇ ਹਿੰਦੂਤਵ ਦੀ ਰੱਖਿਆ ਕਰਨਾ ਕਾਨੂੰਨ ਦਾ ਅਧਿਕਾਰ ਹੈ। ਇੱਕ ਵੀਡੀਓ ਕਲਿੱਪ ਵਿੱਚ ਹਿੰਦੂ ਸੈਨਾ ਦੇ ਉਪ ਪ੍ਰਧਾਨ ਸੁਰਜੀਤ ਯਾਦਵ ਨੇ ਕਿਹਾ, ''ਜੇਐੱਨਯੂ ਵਿੱਚ ਭਗਵਾ ਵਿਰੋਧੀਆਂ ਵੱਲੋਂ ਨਿਯਮਿਤ ਤੌਰ 'ਤੇ ਭਗਵਾ ਦਾ ਅਪਮਾਨ ਕੀਤਾ ਜਾਂਦਾ ਹੈ। ਹਿੰਦੂ ਸੈਨਾ ਉਨ੍ਹਾਂ ਨੂੰ ਆਪਣੇ ਤਰੀਕੇ ਸੁਧਾਰਨ ਦੀ ਚੇਤਾਵਨੀ ਦੇ ਰਹੀ ਹੈ। ਕੇਸਰ ਦਾ ਅਪਮਾਨ ਕਰਨ ਦੀ ਕੋਸ਼ਿਸ਼ ਨਾ ਕਰੋ।''

ਬਦਲਾਖੋਰੀ ਲਈ ਭਾਜਪਾ ਦਾ ਬੁਲਡੋਜ਼ਰ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜਾ: ਮਹਿਬੂਬਾ

ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਸੰਵਿਧਾਨ ਨੂੰ ਮਧੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬਦਲਾਖੋਰੀ ਲਈ ਭਾਜਪਾ ਦਾ ਬੁਲਡੋਜ਼ਰ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵਾ ਪਾਰਟੀ ਦੇ ਆਗੂ ਮੁਸਲਮਾਨਾਂ ਤੋਂ ਉਨ੍ਹਾਂ ਦੇ ਘਰ ਤੇ ਰੋਜ਼ੀ-ਰੋਟੀ ਖੋਹਣ ਲਈ ਇਕ-ਦੂਜੇ ਨੂੰ ਵੀ ਪਿੱਛੇ ਛੱਡਣ ਲੱਗੇ ਹਨ। ਸਾਬਕਾ ਮੁੱਖ ਮੰਤਰੀ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਰਾਮਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ 'ਤੇ ਪੱਥਰਬਾਜ਼ੀ ਕਰਨ ਵਾਲੇ ਲੋਕਾਂ ਦੀਆਂ 50 'ਗੈਰਕਾਨੂੰਨੀ' ਉਸਾਰੀਆਂ ਢਾਹੁਣ ਦੇ ਹਵਾਲੇ ਨਾਲ ਬੋਲ ਰਹੇ ਸਨ। ਦੱਸ ਦੇਈੲੇ ਕਿ ਖਰਗੋਨ ਹਿੰਸਾ ਮਗਰੋਂ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਕਿਹਾ ਸੀ ਕਿ ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਪੁੱਜੇ ਨੁਕਸਾਨ ਦੀ ਭਰਪਾਈ ਦੰਗਾਕਾਰੀਆਂ ਤੋਂ ਕੀਤੀ ਜਾਵੇਗੀ। ਮੁਫ਼ਤੀ ਨੇ ਲੜੀਵਾਰ ਕੀਤੇ ਟਵੀਟਾਂ ਵਿੱਚ ਕਿਹਾ, ''ਭਾਜਪਾ ਜਿਸ ਬਦਲਾਖੋਰੀ ਨਾਲ ਭਾਜਪਾ ਦੇ ਸੰਵਿਧਾਨ ਨੂੰ (ਬੁਲਡੋਜ਼ਰ ਹੇਠ) ਮਧੋਲ ਰਹੀ ਹੈ, ਉਹ ਹੁਣ ਘੱਟ ਗਿਣਤੀਆਂ ਦੇ ਘਰਾਂ ਤੱਕ ਪੁੱਜ ਗਿਆ ਹੈ। ਭਾਜਪਾ ਆਗੂ ਮੁਸਲਮਾਨਾਂ ਤੋਂ ਹਰੇਕ ਚੀਜ਼, ਫਿਰ ਚਾਹੇ ਉਹ ਘਰ, ਰੋਜ਼ੀ-ਰੋਟੀ ਤੇ ਸਨਮਾਨ ਹੀ ਹੋਵੇ, ਖੋਹਣ ਵਿੱਚ ਇਕ ਦੂਜੇ ਨੂੰ ਮਾਤ ਪਾ ਰਹੇ ਹਨ।'' ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਹੁਗਿਣਤੀ ਭਾਈਚਾਰੇ ਵੱਲੋਂ ਧਾਰੀ 'ਖਾਮੋਸ਼ੀ' ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਮੁਫ਼ਤੀ ਨੇ ਕਿਹਾ, ''ਕਸ਼ਮੀਰੀ ਮੁਸਲਮਾਨ ਹੋਣ ਕਰਕੇ, ਸਾਡੇ 'ਤੇ ਅਕਸਰ ਇਹ ਦੋਸ਼ ਲੱਗਦਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਜਬਰੀ ਹਿਜਰਤ ਲਈ ਮਜਬੂਰ ਕਰਨ ਮੌਕੇ ਅਸੀਂ ਮੂਕ ਦਰਸ਼ਕ ਬਣੇ ਰਹੇ। ਪਰ ਅੱਜ ਦੇ ਭਾਰਤ ਵਿੱਚ ਜਦੋਂ ਭਾਜਪਾ ਵੱਲੋਂ ਭਾਰਤ ਦੇ ਵਿਚਾਰ/ਸੰਕਲਪ ਨੂੰ ਤਬਾਹ ਕੀਤਾ ਜਾ ਰਿਹੈ, ਬਹੁਗਿਣਤੀ ਭਾਈਚਾਰੇ ਵੱਲੋਂ ਧਾਰੀ ਅਪਰਾਧਿਕ ਚੁੱਪ ਸ਼ੱਕੀ ਤੇ ਵੱਡੀ ਚਿੰਤਾ ਦਾ ਵਿਸ਼ਾ ਹੈ।'' -ਪੀਟੀਆਈ



Most Read

2024-09-21 00:47:01