Breaking News >> News >> The Tribune


ਰਾਮ ਨੌਮੀ ਹਿੰਸਾ: ਗੁਜਰਾਤ ਦੇ ਖੰਭਾਤ ’ਚ ਚੱਲਿਆ ਬੁਲਡੋਜ਼ਰ


Link [2022-04-16 04:53:39]



ਅਹਿਮਦਾਬਾਦ, 15 ਅਪਰੈਲ

ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਖੰਭਾਤ ਕਸਬੇ 'ਚ ਰਾਮ ਨੌਮੀ ਵਾਲੇ ਦਿਨ ਹੋਈ ਫਿਰਕੂ ਹਿੰਸਾ ਤੋਂ ਬਾਅਦ ਸ਼ਕਰਪੁਰਾ ਇਲਾਕੇ 'ਚ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੇ ਅੱਜ ਉੱਥੇ ਬੁਲਡੋਜ਼ਰ ਚਲਵਾਇਆ ਹੈ। ਜ਼ਿਕਰਯੋਗ ਹੈ ਕਿ 10 ਅਪਰੈਲ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੌਰਾਨ ਸ਼ਕਰਪੁਰਾ ਇਲਾਕੇ 'ਚ ਹਮਲਾ ਹੋਇਆ ਸੀ। ਆਨੰਦ ਜ਼ਿਲ੍ਹੇ ਦੇ ਕੁਲੈਕਟਰ ਐਮਵਾਈ ਦਕਸ਼ਿਨੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ, ਲੱਕੜ ਤੇ ਕੰਕਰੀਟ ਦੀਆਂ ਨਾਜਾਇਜ਼ ਉਸਾਰੀਆਂ ਸਮੇਤ ਸੜਕਾਂ ਕਿਨਾਰੇ ਖੜ੍ਹੀਆਂ ਝਾੜੀਆਂ 'ਤੇ ਵੀ ਬੁਲਡੋਜ਼ਰ ਚਲਵਾਇਆ ਜਾ ਰਿਹਾ ਹੈ ਕਿਉਂਕਿ ਰਾਮ ਨੌਮੀ ਦੀ ਸ਼ੋਭਾ ਯਾਤਰਾ 'ਤੇ ਪਥਰਾਅ ਕਰਨ ਵਾਲੇ ਸ਼ਰਾਰਤੀ ਅਨਸਰ ਇਨ੍ਹਾਂ ਝਾੜੀਆਂ 'ਚ ਹੀ ਲੁਕੇ ਹੋਏ ਸਨ। ਉਨ੍ਹਾਂ ਕਿਹਾ, 'ਬਦਮਾਸ਼ਾਂ ਨੇ ਝਾੜੀਆਂ 'ਚ ਲੁਕ ਕੇ ਹੀ ਸ਼ੋਭਾ ਯਾਤਰਾ 'ਤੇ ਹਮਲਾ ਕੀਤਾ। ਇਸ ਲਈ ਅਸੀਂ ਸ਼ਕਰਪੁਰਾ 'ਚ ਸੜਕ ਕਿਨਾਰੇ ਉੱਗੀਆਂ ਝਾੜੀਆਂ ਤੇ ਸਰਕਾਰੀ ਜ਼ਮੀਨ 'ਤੇ ਗ਼ੈਰਕਾਨੂੰਨੀ ਕਬਜ਼ੇ ਹਟਾਉਣ ਦਾ ਫ਼ੈਸਲਾ ਕੀਤਾ ਹੈ। ਪੂਰਾ ਇਲਾਕਾ ਸਾਫ਼ ਹੋਣ ਤੱਕ ਇਹ ਮੁਹਿੰਮ ਜਾਰੀ ਰਹੇਗੀ।' ਸ਼ਕਰਪੁਰਾ 'ਚ 10 ਅਪਰੈਲ ਨੂੰ ਰਾਮ ਨੌਮੀ ਦੀ ਸ਼ੋਭਾ ਯਾਤਰਾ 'ਤੇ ਪਥਰਾਅ ਤੋਂ ਬਾਅਦ ਖੰਭਾਤ 'ਚ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ। ਆਨੰਦ ਦੇ ਐੱਸਪੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਖੰਭਾਤ ਕਸਬੇ 'ਚ ਹੋਈ ਹਿੰਸਾ ਕਸਬੇ 'ਚ ਮੁਸਲਮਾਨਾਂ ਦਾ ਪ੍ਰਭਾਵ ਕਾਇਮ ਕਰਨ ਲਈ 'ਸਲੀਪਰ ਮੋਡਿਊਲ' ਵੱਲੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ। -ਪੀਟੀਆਈ



Most Read

2024-11-10 20:51:08