Breaking News >> News >> The Tribune


ਬੋਰਡ ਜਮਾਤਾਂ ਲਈ ਅਗਲੇ ਸਾਲ ਤੋਂ ਇਕ ਵਾਰ ਹੀ ਪ੍ਰੀਖਿਆ ਲੈਣ ਦੀ ਯੋਜਨਾ


Link [2022-04-16 04:53:39]



ਚੰਡੀਗੜ੍ਹ (ਸੁਖਵਿੰਦਰ ਪਾਲ ਸੋਢੀ): ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਤੋਂ ਇਕ ਵਾਰ ਹੀ ਲੈਣ ਦੀ ਯੋਜਨਾ ਹੈ। ਜੇਕਰ ਇਹ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ ਟਰਮ-1 ਤੇ ਟਰਮ-2 ਦੀਆਂ ਪ੍ਰੀਖਿਆਵਾਂ ਦੀ ਥਾਂ 'ਤੇ ਇਕ ਵਾਰ ਹੀ ਪ੍ਰੀਖਿਆ ਲਈ ਜਾਵੇਗੀ ਪਰ ਇਸ ਬਾਰੇ ਅੰਤਿਮ ਫੈਸਲਾ ਕਰੋਨਾ ਦੇ ਹਾਲਾਤ ਦੇਖ ਕੇ ਹੀ ਲਿਆ ਜਾਵੇਗਾ। ਸੀਬੀਐੱਸਈ ਨੇ ਕਰੋਨਾ ਮਹਾਮਾਰੀ ਕਾਰਨ ਸਾਲ 2021-22 ਵਿਚ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦੋ ਪੜਾਅ ਵਿਚ ਲੈਣ ਦਾ ਫੈਸਲਾ ਕੀਤਾ ਸੀ। ਇਹ ਫੈਸਲਾ ਇਸ ਕਰਕੇ ਲਿਆ ਗਿਆ ਸੀ ਤਾਂ ਜੋ ਕਰੋਨਾ ਮਹਾਮਾਰੀ ਜ਼ਿਆਦਾ ਫੈਲਣ ਕਾਰਨ ਜੇਕਰ ਵਿਦਿਆਰਥੀ ਦੋ ਟਰਮ ਦੀਆਂ ਪ੍ਰੀਖਿਆਵਾਂ ਦੀ ਥਾਂ 'ਤੇ ਇਕ ਟਰਮ ਦੀ ਪ੍ਰੀਖਿਆ ਹੀ ਦੇ ਸਕੇ ਤਾਂ ਉਨ੍ਹਾਂ ਦਾ ਨਤੀਜਾ ਇਕ ਟਰਮ ਦੇ ਆਧਾਰ 'ਤੇ ਹੀ ਐਲਾਨਿਆ ਜਾ ਸਕੇਗਾ। ਬੋਰਡ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਦੋ ਟਰਮਾਂ ਵਿਚ ਪ੍ਰੀਖਿਆਵਾਂ ਲੈਣ ਦਾ ਫੈਸਲਾ ਲੰਬੇ ਸਮੇਂ ਲਈ ਨਹੀਂ ਹੈ। ਹਾਲੇ ਸੀਬੀਐੱਸਈ ਨੇ 2022-23 ਅਕਾਦਮਿਕ ਸੈਸ਼ਨ 'ਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੋ ਟਰਮਾਂ ਵਿੱਚ ਵੰਡਣ ਜਾਂ ਪੁਰਾਣੇ ਢੰਗ ਦੇ ਆਧਾਰ 'ਤੇ ਸਾਲ ਵਿਚ ਇਕ ਵਾਰ ਹੀ ਪ੍ਰੀਖਿਆ ਲੈਣ ਬਾਰੇ ਫ਼ੈਸਲਾ ਲੈਣਾ ਹੈ। ਮੁਹਾਲੀ ਸੀਬੀਐੱਸਈ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਵੀ ਇਹੀ ਸੁਣਿਆ ਹੈ ਕਿ ਅਗਲੇ ਸਾਲ ਤੋਂ ਬੋਰਡ ਪ੍ਰੀਖਿਆਵਾਂ ਲਈ ਪੁਰਾਣਾ ਪੈਟਰਨ ਬਹਾਲ ਕਰ ਦਿੱਤਾ ਜਾਵੇਗਾ ਪਰ ਦਿੱਲੀ ਤੇ ਹੋਰ ਥਾਵਾਂ 'ਤੇ ਪਿਛਲੇ ਹਫਤੇ ਤੋਂ ਕਰੋਨਾ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ, ਇਸ ਕਰ ਕੇ ਹਾਲੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਅਗਲੇ ਵਰ੍ਹੇ ਤੋਂ ਪੁਰਾਣਾ ਸਿਸਟਮ ਬਹਾਲ ਹੋ ਜਾਵੇਗਾ। ਉਨ੍ਹਾਂ ਦਿੱਲੀ ਦੇ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲ ਕੀਤੀ ਹੈ ਜਿਨ੍ਹਾਂ ਅਗਲੇ ਹਫ਼ਤੇ ਤਕ ਫੈਸਲਾ ਆਉਣ ਬਾਰੇ ਦੱਸਿਆ ਹੈ।

ਕਰੋਨਾ ਦੇ ਵਧ ਰਹੇ ਕੇਸਾਂ ਕਾਰਨ ਨਵੀਂ ਯੋਜਨਾ ਹੋ ਸਕਦੀ ਹੈ ਪ੍ਰਭਾਵਿਤ

ਦਿੱਲੀ ਵਿਚ ਵਿਦਿਆਰਥੀਆਂ ਦੇ ਕਰੋਨਾ ਪਾਜ਼ੇਟਿਵ ਮਿਲਣ 'ਤੇ ਕਈ ਸਕੂਲ ਬੰਦ ਹੋਣ ਕਾਰਨ ਇਹ ਯੋਜਨਾ ਹਾਲ ਦੀ ਘੜੀ ਲਟਕ ਸਕਦੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਕਰੋਨਾ ਦਾ ਖਤਰਾ ਜ਼ਿਆਦਾ ਨਹੀਂ ਹੈ ਪਰ ਇਸ ਨਾਲ ਕਈ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਬੋਰਡ ਜਮਾਤਾਂ ਦੀ ਟਰਮ-1 ਦੀ ਪ੍ਰੀਖਿਆ ਪਿਛਲੇ ਸਾਲ ਨਵੰਬਰ-ਦਸੰਬਰ ਵਿੱਚ ਹੋਈ ਸੀ ਅਤੇ ਟਰਮ-2 ਦੀਆਂ ਬੋਰਡ ਪ੍ਰੀਖਿਆਵਾਂ 26 ਅਪਰੈਲ ਤੋਂ ਸ਼ੁਰੂ ਹੋਣ ਵਾਲੀਆਂ ਹਨ।



Most Read

2024-09-21 00:47:42