Breaking News >> News >> The Tribune


‘ਧਰਮ ਸਭਾ ਵਿੱਚ ਕੋਈ ਨਫ਼ਰਤੀ ਭਾਸ਼ਣ ਨਹੀਂ ਦਿੱਤਾ ਗਿਆ’


Link [2022-04-15 16:14:57]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 14 ਅਪਰੈਲ

ਦਿੱਲੀ ਪੁਲੀਸ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰ ਕੇ ਕਿਹਾ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਇੱਥੇ ਹੋਏ ਇੱਕ ਸਮਾਗਮ ਦੌਰਾਨ ਕਿਸੇ ਵੀ ਭਾਈਚਾਰੇ ਵਿਰੁੱਧ ਕੋਈ ਨਫ਼ਰਤੀ ਭਾਸ਼ਣ ਨਹੀਂ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਿੱਚ ਦਿੱਲੀ 'ਚ ਹੋਏ ਸਮਾਗਮ ਦੌਰਾਨ ਕਥਿਤ ਤੌਰ 'ਤੇ ਨਫ਼ਰਤੀ ਭਾਸ਼ਣ ਦੇਣ ਵਾਲਿਆਂ ਵਿਰੁੱਧ ਜਾਂਚ ਤੇ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕਰਦੀ ਪਟਨਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਅੰਜਨਾ ਪ੍ਰਕਾਸ਼ ਅਤੇ ਪੱਤਰਕਾਰ ਕੁਰਬਾਨ ਅਲੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਹੈ।

ਸੁਪਰੀਮ ਕੋਰਟ ਵਿੱਚ ਦਾਇਰ ਇਸ ਜਵਾਬੀ ਹਲਫ਼ਨਾਮੇ ਵਿੱਚ ਦਿੱਲੀ ਪੁਲੀਸ ਨੇ ਕਿਹਾ ਹੈ ਕਿ ਪਟੀਸ਼ਨਰਾਂ ਨੇ ਘਟਨਾ ਦੇ ਸਬੰਧ ਵਿੱਚ ਕਾਰਵਾਈ ਕਰਨ ਲਈ ਉਨ੍ਹਾਂ ਤੱਕ ਪਹੁੰਚ ਨਾ ਕਰ ਕੇ ਸਿੱਧੇ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਅਤੇ ਅਜਿਹੀ ਪ੍ਰਥਾ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 17 ਤੋਂ 19 ਦਸੰਬਰ, 2021 ਵਿਚਾਲੇ ਦਿੱਲੀ ਤੇ ਹਰਿਦੁਆਰ ਵਿੱਚ ਹੋਏ ਦੋ ਵੱਖ-ਵੱਖ ਸਮਾਗਮਾਂ ਦੌਰਾਨ ਨਫ਼ਰਤੀ ਭਾਸ਼ਣ ਦਿੱਤੇ ਗਏ ਸਨ, ਜਿਨ੍ਹਾਂ ਰਾਹੀਂ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਖੁੱਲ੍ਹੇਆਮ ਸੱਦਾ ਦਿੱਤਾ ਗਿਆ ਸੀ।

ਉਧਰ, ਦਿੱਲੀ ਪੁਲੀਸ ਨੇ ਅਦਾਲਤ 'ਚ ਦਾਇਰ ਕੀਤੇੇ ਆਪਣੇ ਹਲਫ਼ਨਾਮੇ ਵਿਚ ਕਿਹਾ ਹੈ ਕਿ ਇਸੇ ਵਿਸ਼ੇ 'ਤੇ ਹਿੰਦੂ ਯੁਵਾ ਵਾਹਿਨੀ ਵੱਲੋਂ ਇੱਥੇ ਹੋਏ ਇਕ ਸਮਾਗਮ ਵਿੱਚ ਨਫ਼ਰਤੀ ਭਾਸ਼ਣ ਦੇਣ ਦੇ ਦੋਸ਼ ਲਗਾਉਂਦਿਆਂ ਕੁਝ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਪਰ ਡੂੰਘੀ ਜਾਂਚ ਤੋਂ ਬਾਅਦ ਅਤੇ ਵੀਡੀਓ ਦਾ ਮੁਲਾਂਕਣ ਕਰਨ ਤੋਂ ਬਾਅਦ ਪੁਲੀਸ ਨੂੰ ਸਬੰਧਤ ਵੀਡੀਓ ਵਿੱਚ ਕੋਈ ਨਫ਼ਰਤੀ ਭਾਸ਼ਣ ਨਹੀਂ ਮਿਲਿਆ। ਪੁਲੀਸ ਅਨੁਸਾਰ ਦਿੱਲੀ ਕਾਂਡ ਦੀ ਵੀਡੀਓ ਕਲਿੱਪ ਵਿੱਚ ਕਿਸੇ ਵਿਸ਼ੇਸ਼ ਵਰਗ/ਭਾਈਚਾਰੇ ਵਿਰੁੱਧ ਕੋਈ ਭੜਕਾਊ ਸ਼ਬਦ ਨਹੀਂ ਹੈ। ਹਲਫਨਾਮੇ ਰਾਹੀਂ ਮੰਗ ਕੀਤੀ ਗਈ ਹੈ ਕਿ ਇਸ ਮਗਰੋਂ ਸਾਰੀਆਂ ਸ਼ਿਕਾਇਤਾਂ ਬੰਦ ਕਰ ਦਿੱਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ ਇਸ ਪਟੀਸ਼ਨ 'ਤੇ ਅਗਲੀ ਸੁਣਵਾਈ 22 ਅਪਰੈਲ ਤੈਅ ਕੀਤੀ ਹੈ।



Most Read

2024-09-21 03:39:37