Breaking News >> News >> The Tribune


ਦੰਗਾ ਪ੍ਰਭਾਵਿਤ ਖਰਗੋਨ ਵਿੱਚ ਕਰਫਿਊ ’ਚ ਦੋ ਘੰਟੇ ਦੀ ਢਿੱਲ


Link [2022-04-15 04:54:57]



ਖਰਗੋਨ, 14 ਅਪਰੈਲ

ਮੱਧ ਪ੍ਰਦੇਸ਼ ਦੇ ਹਿੰਸਾ ਪ੍ਰਭਾਵਿਤ ਖਰਗੋਨ ਸ਼ਹਿਰ ਵਿੱਚ ਵੀਰਵਾਰ ਨੂੰ ਕਰਫਿਊ ਵਿੱਚ ਦੋ ਘੰਟੇ ਦੀ ਢਿੱਲ ਦਿੰਦੇ ਹੋਏ ਸਿਰਫ਼ ਔਰਤਾਂ ਨੂੰ ਹੀ ਜ਼ਰੂਰੀ ਸਾਮਾਨ ਖਰੀਦਣ ਲਈ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਦੰਗਾ ਪ੍ਰਭਾਵਿਤ ਸ਼ਹਿਰ ਵਿੱਚ ਚਾਰ ਦਿਨਾਂ ਤੋਂ ਬਾਅਦ ਅੱਜ ਸਵੇਰੇ 10 ਵਜੇ ਤੋਂ ਕਰਫਿਊ ਵਿੱਚ ਢਿੱਲ ਦਿੱਤੀ ਗਈ। ਇਸ ਦੌਰਾਨ ਵੱਡੀ ਗਿਣਤੀ ਔਰਤਾਂ ਨੂੰ ਜਲਦੀ-ਜਲਦੀ ਨਾਲ ਖਰੀਦਦਾਰੀ ਕਰਦੇ ਹੋਏ ਦੇਖਿਆ ਗਿਆ।

ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 121 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਮ ਨੌਮੀ ਦੇ ਜਲੂਸ ਦੌਰਾਨ ਪਥਰਾਅ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਬਾਅਦ ਐਤਵਾਰ ਸ਼ਾਮ ਨੂੰ ਖਰਗੋਨ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ।

ਖਰਗੋਨ ਦੀ ਕੁਲੈਕਟਰ ਅਨੂਗ੍ਰਹਿ ਪੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਹਾਲਾਤ ਕਾਬੂ ਹੇਠ ਹਨ। ਸਵੇਰੇ 10 ਵਜੇ ਤੋਂ ਦਿੱਤੀ ਗਈ ਦੋ ਘੰਟੇ ਦੀ ਢਿੱਲ ਦੌਰਾਨ ਸਿਰਫ਼ ਔਰਤਾਂ ਨੂੰ ਹੀ ਜ਼ਰੂਰੀ ਸਾਮਾਨ ਖਰੀਦਣ ਲਈ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ।'' ਉਨ੍ਹਾਂ ਕਿਹਾ ਕਿ ਦੋ ਘੰਟੇ ਦੀ ਢਿੱਲ ਦੌਰਾਨ ਸਿਰਫ਼ ਦੁੱਧ, ਸਬਜ਼ੀ, ਮੈਡੀਕਲ ਅਤੇ ਰਾਸ਼ਨ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ।

ਇੰਸਪੈਕਟਰ ਜਨਰਲ (ਇੰਦੌਰ-ਦਿਹਾਤੀ ਖੇਤਰ) ਰਾਕੇਸ਼ ਗੁਪਤਾ ਨੇ ਦੱਸਿਆ ਕਿ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 121 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਚੋਂ 89 ਵਿਅਕਤੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਤੋਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਗਾਮੀ ਤਿਉਹਾਰਾਂ ਲਈ ਸਾਰੀਆਂ ਜ਼ਿਲ੍ਹਾ ਅਥਾਰਿਟੀਜ਼ ਨੂੰ ਚਿਤਾਵਨੀ ਜਾਰੀ ਕੀਤੀ ਹੈ।

ਇਸੇ ਦੌਰਾਨ ਭੋਪਾਲ ਸ਼ਹਿਰ ਦੇ ਕਾਜ਼ੀ ਸਈਦ ਮੁਸ਼ਤਾਕ ਅਲੀ ਨਦਵੀ ਨੇ ਸਾਰੀਆਂ ਮਸਜਿਦਾਂ ਵਿੱਚ ਸੀਸੀਟੀਵੀ ਲਗਾਉਣ ਲਈ ਕਿਹਾ ਹੈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਭੋਪਾਲ ਵਿਚਲੀਆਂ ਮਸਜਿਦਾਂ 'ਚ ਸੀਸੀਟੀਵੀ ਲਗਾਉਣੇ ਸ਼ੁਰੂ ਕਰ ਚੁੱਕੇ ਹਾਂ। ਮੈਂ ਸਾਰੇ ਮੌਲਵੀਦਆਂ ਨੂੰ ਸੂਬੇ ਭਰ ਦੀਆਂ ਮਸਜਿਦਾਂ 'ਚ ਸੀਸੀਟੀਵੀ ਕੈਮਰੇ ਲਗਾਉਣ ਦੀ ਅਪੀਲ ਕੀਤੀ ਹੈ। ਇਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੱਥਰਬਾਜ਼ਾਂ ਦੀ ਪਛਾਣ ਹੋ ਸਕੇਗੀ।'' -ਪੀਟੀਆਈ

ਸਰਕਾਰ ਕੋਲ ਬਿਨਾਂ ਜਾਂਚ ਘਰਾਂ ਨੂੰ ਢਾਹੁਣ ਦਾ ਕੋਈ ਅਧਿਕਾਰ ਨਹੀਂ: ਗਹਿਲੋਤ

ਜੈਪੁਰ: ਕਥਿਤ ਦੰਗਾਕਾਰੀਆਂ ਦੇ ਘਰਾਂ ਨੂੰ ਢਾਹੁਣ ਦੇ ਮਾਮਲੇ ਵਿੱਚ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਬਿਨਾ ਜਾਂਚ ਤੋਂ ਅਜਿਹਾ ਕਰਨ ਦਾ ਕਿਸੇ ਕੋਲ ਅਧਿਕਾਰ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਵਿਧਾਨ ਦੇ ਖ਼ਿਲਾਫ਼ ਜਾ ਕੇ ਅਜਿਹੇ ਕੰਮ ਕਰਨ ਵਾਲਿਆਂ ਨੂੰ ਬਰਦਾਸ਼ਤ ਨਾ ਕੀਤਾ ਜਾਵੇ। ਉਹ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਸਬੰਧੀ ਇਕ ਸਮਾਰੋਹ ਦੌਰਾਨ ਬੋਲ ਰਹੇ ਸਨ। ਉਨ੍ਹਾਂ ਕਿਹਾ, ''ਜੇਕਰ ਸ਼ਾਸਕ ਹੀ ਬੁਲਡੋਜ਼ਰ ਚਲਾਉਣ ਲੱਗੇ ਤਾਂ ਦੇਸ਼ ਦਾ ਸੰਵਿਧਾਨ ਕਿੱਥੇ ਰਿਹਾ।'' -ਪੀਟੀਆਈ

ਦਿਗਵਿਜੈ ਸਿੰਘ ਖ਼ਿਲਾਫ਼ ਚਾਰ ਹੋਰ ਕੇਸ ਦਰਜ

ਭੋਪਾਲ: ਮੱਧ ਪ੍ਰਦੇਸ਼ ਦੇ ਖਰਗੋਨ ਕਸਬੇ ਵਿੱਚ ਹਾਲ ਹੀ 'ਚ ਹੋਈ ਹਿੰਸਾ ਬਾਰੇ ਕਥਿਤ ਤੌਰ 'ਤੇ ਇਕ ਗ਼ਲਤ ਟਵੀਟ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਖ਼ਿਲਾਫ਼ ਚਾਰ ਹੋਰ ਕੇਸ ਦਰਜ ਕੀਤੇ ਗਏ ਹਨ। ਇਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਸਬੰਧ ਵਿੱਚ ਵੱਖ ਵੱਖ ਸਮੂਹਾਂ ਵਿਚਾਲੇ ਨਫਰਤ ਵਧਾਉਣ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ ਨੌਂ ਹੋ ਗਈ ਹੈ।'' -ਪੀਟੀਆਈ

ਦੰਗਾਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ: ਚੌਹਾਨ

ਭੁਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਦੰਗਿਆਂ ਵਿੱਚ ਸ਼ਾਮਲ ਕਿਸੇ ਵਿਅਕਤੀ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਹਾਲ ਹੀ ਵਿੱਚ ਖਰਗੋਨ 'ਚ ਹੋਈ ਹਿੰਸਾ 'ਚ ਸ਼ਾਮਲ ਵਿਅਕਤੀਆਂ ਦੇ ਗੈਰ-ਕਾਨੂੰਨ ਢਾਂਚਿਆਂ ਨੂੰ ਢਾਹੇ ਜਾਣ ਸਬੰਧੀ ਕਾਰਵਾਈ ਨੂੰ ਵਾਜਬ ਠਹਿਰਾਇਆ। ਉਨ੍ਹਾਂ ਕਿਹਾ ਕਿ ਗ਼ਲਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ। -ਪੀਟੀਆਈ



Most Read

2024-09-21 03:42:06