World >> The Tribune


ਬੂਚਾ ਤੇ ਨੇੜਲੇ ਇਲਾਕਿਆਂ ’ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ


Link [2022-04-14 09:58:57]



ਕੀਵ, 13 ਅਪਰੈਲ

ਕੀਵ ਦੇ ਬਾਹਰਵਾਰ ਬੂਚਾ ਸਣੇ ਕੁਝ ਹੋਰਨਾਂ ਥਾਵਾਂ 'ਤੇ ਹੁਣ ਤੱਕ 720 ਤੋਂ ਵੱਧ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ ਜਦੋਂਕਿ 200 ਤੋਂ ਵੱਧ ਅਜੇ ਵੀ ਲਾਪਤਾ ਹਨ। ਮੇਅਰ ਐਨਾਟੋਲੀ ਫੈਡੋਰੁਕ ਨੇ ਕਿਹਾ ਕਿ ਰੂਸੀ ਫੌਜਾਂ ਦੇ ਇਥੋਂ ਹਿਜਰਤ ਕਰਨ ਮਗਰੋਂ ਇਕੱਲੇ ਬੂਚਾ 'ਚੋਂ 403 ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਹ ਗਿਣਤੀ ਵਧਣ ਦੇ ਆਸਾਰ ਹਨ। ਰਾਹਤ ਟੀਮਾਂ ਵੱਲੋਂ ਇਲਾਕੇ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹੈ। ਲਾਸ਼ਾਂ ਦੀ ਫੋਰੈਂਸਿਕ ਜਾਂਚ ਦਾ ਅਮਲ ਜਾਰੀ ਹੈ। ਉੱਤਰ-ਪੂਰਬ ਵਿੱਚ ਬ੍ਰੋਵੇਰੀ ਜ਼ਿਲ੍ਹੇ ਦੇ ਪਿੰਡ ਦੀ ਬੇਸਮੈਂਟ 'ਚੋਂ ਛੇ ਆਮ ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਹਨ। ਇਸ ਦੌਰਾਨ ਚਾਰ ਮੁਲਕਾਂ- ਪੋਲੈਂਡ, ਲਿਥੁਆਨੀਆ, ਲਾਤਵੀਆ ਤੇ ਐਸਟੋਨੀਆ ਦੇ ਰਾਸ਼ਟਰਪਤੀਆਂ ਨੇ ਅੱਜ ਜੰਗ ਦੇ ਝੰਬੇ ਯੂਕਰੇਨ ਦਾ ਦੌਰਾ ਕਰਕੇ ਯੂਕਰੇਨੀ ਸਦਰ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਚਾਰੇ ਆਗੂ ਰੇਲ ਗੱਡੀ ਦਾ ਸਫ਼ਰ ਕਰਕੇ ਕੀਵ ਪੁੱਜੇ। ਇਸ ਦੌਰਾਨ ਰੂਸ ਨੇ ਦਾਅਵਾ ਕੀਤਾ ਹੈ ਿਕ 1000 ਤੋਂ ਵੱਧ ਯੂਕਰੇਨੀ ਫ਼ੌਜੀਆਂ ਨੇ ਮਾਰੀਉਪੋਲ ਵਿੱਚ ਆਤਮਸਮਰਪਣ ਕੀਤਾ ਹੈ।

ਯੂਕਰੇਨੀ ਸਦਰ ਵਲਾਦੀਮੀਰ ਜ਼ੇਲੈਂਸਕੀ ਨੇ ਅਪੀਲ ਕੀਤੀ ਹੈ ਕਿ ਉਹ ਰੂਸ ਵੱਲੋਂ ਮਾਰੀਉਪੋਲ ਵਿੱਚ ਕਥਿਤ ਜ਼ਹਿਰੀਲਾ ਪਦਾਰਥ ਵਰਤਣ ਦਾ ਵਿਰੋਧ ਕਰੇ। ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਵੱਲੋਂ ਯੂਕਰੇਨ ਵਿੱਚ ਫਾਸਫੋਰਸ ਮਿਊਨੀਸ਼ਨਜ਼ ਦੀ ਵਰਤੋਂ ਕੀਤੀ ਜਾ ਰਹੀ ਹੈ, ਆਲਮੀ ਆਗੂਆਂ ਨੂੰ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਫਾਸਫੋਰਸ ਮਿਊਨੀਸ਼ਨਜ਼ ਕਰਕੇ ਬਹੁਤ ਜ਼ਿਆਦਾ ਸਾੜ ਪੈਂਦਾ ਹੈ, ਪਰ ਇਸ ਨੂੰ ਰਸਾਇਣਕ ਹਥਿਆਰਾਂ ਦੇ ਵਰਗ ਵਿੱਚ ਨਹੀਂ ਰੱਖਿਆ ਗਿਆ। ਜ਼ੇਲੈਂਸਕੀ ਨੇ ਕਿਹਾ ਕਿ ਮਾਹਿਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਮਾਰੀਉਪੋਲ ਵਿੱਚ ਕਿਹੜਾ ਪਦਾਰਥ ਵਰਤਿਆ ਗਿਆ ਹੈ। ਉਧਰ ਅਮਰੀਕੀ ਕਾਂਗਰਸ ਦੇ ਮੈਂਬਰਾਂ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਤੇ ਉਸ ਦੇ ਭਾਈਵਾਲ ਰੂਸ-ਯੂਕਰੇਨ ਜੰਗ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੌਰਾਨ ਮਾਰੂ ਰਸਾਇਣਕ ਹਥਿਆਰਾਂ ਬਾਰੇ ਕੌਮਾਂਤਰੀ ਨਿਗਰਾਨ ਨੇ ਕਿਹਾ ਕਿ ਉਹ ਮਾਰੀਉਪੋਲ ਵਿੱਚ ਰਸਾਇਣਕ ਹਥਿਆਰ ਵਰਤੇ ਜਾਣ ਦੀਆਂ ਅਪੁਸ਼ਟ ਰਿਪੋਰਟਾਂ ਤੋਂ ਫਿਕਰਮੰਦ ਹੈ ਤੇ ਯੂਕਰੇਨ ਦੇ ਹਾਲਾਤ 'ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। -ੲੇਪੀ

ਯੂਕਰੇਨ ਿਵੱਚ ਨਸਲਕੁਸ਼ੀ ਕਰ ਰਿਹੈ ਰੂਸ: ਬਾਇਡਨ

ਡੇਸ ਮੋਇਨਸ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਰੂਸ ਵੱਲੋਂ ਯੂਕਰੇਨ 'ਤੇ ਥੋਪੀ ਗਈ ਜੰਗ 'ਨਰਸੰਘਾਰ' ਦੇ ਤੁਲ ਹੈ। ਉਨ੍ਹਾਂ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ 'ਤੇ ਦੋਸ਼ ਲਾਇਆ ਕਿ ਉਹ ਯੂਕਰੇਨ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ 'ਚ ਹੈ। ਵਾਸ਼ਿੰਗਟਨ ਪਰਤਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੁਣ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਪੂਤਿਨ ਯੂਕਰੇਨ ਦੀ ਹੋਂਦ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬਾਇਡਨ ਨੇ ਕਿਹਾ ਕਿ ਹੁਣ ਵਕੀਲਾਂ ਨੇ ਰੂਸ ਦੇ ਰਵੱਈਏ ਬਾਰੇ ਫ਼ੈਸਲਾ ਲੈਣਾ ਹੈ। ਬਾਇਡਨ ਦੇ ਬਿਆਨ ਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਅਮਰੀਕਾ ਵੱਲੋਂ ਦਿੱਤੀ ਗਈ ਸਹਾਇਤਾ ਲਈ ਉਨ੍ਹਾਂ ਦੇ ਧੰਨਵਾਦੀ ਹਨ। ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਵਧੀਕੀਆਂ ਨੂੰ ਰੋਕਣ ਲਈ ਯੂਕਰੇਨ ਨੂੰ ਹੋਰ ਭਾਰੀ ਹਥਿਆਰਾਂ ਦੀ ਫੌਰੀ ਲੋੜ ਹੈ। ਬਾਇਡਨ ਮੁਤਾਬਕ ਉਨ੍ਹਾਂ ਰੂਸ ਵੱਲੋਂ ਯੂਕਰੇਨ 'ਚ ਕੀਤੇ ਜਾ ਰਹੀ ਕਾਰਵਾਈ ਨੂੰ ਨਸਲਕੁਸ਼ੀ ਕਿਹਾ ਹੈ। ਇਸ ਤੋਂ ਪਹਿਲਾਂ ਮੇਨਲੋ 'ਚ ਹੋਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਕਾਰਨ ਬਿਜਲੀ ਅਤੇ ਊਰਜਾ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਉਂਜ ਬਾਇਡਨ ਨੇ ਰੂਸ ਖ਼ਿਲਾਫ਼ ਹੋਰ ਪਾਬੰਦੀਆਂ ਜਾਂ ਯੂਕਰੇਨ ਨੂੰ ਹੋਰ ਸਹਾਇਤਾ ਦੇਣ ਦਾ ਜ਼ਿਕਰ ਨਹੀਂ ਕੀਤਾ। ਹਫ਼ਤਾ ਕੁ ਪਹਿਲਾਂ ਬਾਇਡਨ ਨੇ ਕਿਹਾ ਸੀ ਕਿ ਉਹ ਰੂਸ ਦੀ ਕਾਰਵਾਈ ਨੂੰ ਨਸਲਕੁਸ਼ੀ ਨਹੀਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਨਵੇਂ ਡਰਾਉਣੇ ਤੱਥ ਸਾਹਮਣੇ ਆ ਰਹੇ ਹਨ ਕਿ ਰੂਸ ਨੇ ਯੂਕਰੇਨੀਆਂ ਨਾਲ ਕੀ ਕਾਰਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕੁਝ ਸਮਾਂ ਪਹਿਲਾਂ ਪੋਲੈਂਡ ਦੇ ਦੌਰੇ 'ਤੇ ਪੂਤਿਨ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਿਕ ਊਸ ਨੂੰ ਰੂਸ ਦਾ ਰਾਸ਼ਟਰਪਤੀ ਨਹੀਂ ਹੋਣਾ ਚਾਹੀਦਾ ਹੈ। -ਏਪੀ

ਫੌਜੀ ਕਾਰਵਾਈ ਮਨੋਰਥ ਪੂਰਾ ਹੋਣ ਤੱਕ ਜਾਰੀ ਰਹੇਗੀ: ਪੂਤਿਨ

ਮਾਸਕੋ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਫੌਜੀ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂਕਿ ਤੱਕ ਇਸ ਦਾ ਅਸਲ ਮਨੋਰਥ ਪੂਰਾ ਨਹੀਂ ਹੋ ਜਾਂਦਾ। ਪੂਤਿਨ ਨੇ ਕਿਹਾ ਕਿ ਹੁਣ ਤੱਕ ਸਭ ਕੁਝ ਯੋਜਨਾ ਮੁਤਾਬਕ ਹੋ ਰਿਹੈ। ਉਨ੍ਹਾਂ ਕਿਹਾ ਕਿ ਰੂਸੀ ਫੌਜਾਂ ਤੇਜ਼ ਚਾਲੇ ਨਹੀਂ ਤੁਰ ਰਹੀਆਂ ਕਿਉਂਕਿ ਰੂਸ ਘੱਟ ਤੋਂ ਘੱਟ ਨੁਕਸਾਨ ਦਾ ਹਾਮੀ ਹੈ। ਪੂਤਿਨ ਨੇ ਕਿਹਾ ਕਿ ਪੱਛਮੀ ਦੇਸ਼ ਉਨ੍ਹਾਂ ਦੇ ਮੁਲਕ ਉੱਤੇ ਜਿੰਨੀਆਂ ਪਾਬੰਦੀਆਂ ਲਾਉਣਗੇ, ਰੂਸ ਓਨਾ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਰੂਸ ਨੂੰ ਨਹੀਂ ਬਲਕਿ ਪੱਛਮ ਨੂੰ ਅਸਥਿਰਤਾ ਦਾ ਸਾਹਮਣਾ ਕਰਨਾ ਪਏਗਾ। ਰੂਸ ਦੇ ਪੂਰਬ ਵਿੱਚ ਵੋਸਟੋਚਨੀ ਪੁਲਾੜ ਲਾਂਚ ਕੇਂਦਰ ਦੀ ਫੇਰੀ ਦੌਰਾਨ ਪੂਤਿਨ ਨੇ ਕਿਹਾ, ''ਰੂਸੀ ਲੋਕਾਂ ਨੇ ਮੁਸ਼ਕਲ ਹਾਲਾਤ ਵਿੱਚ ਹਮੇਸ਼ਾ ਆਪਣੇ ਏਕੇ ਨੂੰ ਮਜ਼ਬੂਤ ਕੀਤਾ ਹੈ।'' ਰੂਸੀ ਸਦਰ ਨੇ ਯੂਰੋਪੀ ਆਗੂਆਂ ਨੂੰ ਵਾਸ਼ਿੰਗਟਨ ਦੀ ਕਠਪੁਤਲੀ ਦਸਦਿਆਂ ਕਿਹਾ ਕਿ ਉਹ ਅਜਿਹੀਆਂ ਨੀਤੀਆਂ ਨੂੰ ਅੰਜਾਮ ਦੇ ਰਹੇ ਹਨ ਜੋ ਉਨ੍ਹਾਂ ਦੇ ਮੁਲਕ ਲਈ ਘਾਤਕ ਹਨ। -ਏਪੀ

ਪੂਤਿਨ ਦੇ ਕਰੀਬੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ

ਕੀਵ: ਯੂਕਰੇਨੀ ਅਧਿਕਾਰੀਆਂ ਨੇ ਰੂਸ ਪੱਖੀ ਵਿਰੋਧੀ ਪਾਰਟੀਆਂ ਦੇ ਭਗੌੜੇ ਆਗੂ ਵਿਕਟਰ ਮੈਦਵੇਦਚੁਕ ਨੂੰ ਵਿਸ਼ੇਸ਼ ਅਪਰੇਸ਼ਨ ਦੌਰਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੈਦਵੇਦਚੁਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਕਰੀਬੀ ਦੱਸਿਆ ਜਾਂਦਾ ਹੈ। ਯੂਕਰੇਨ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੇਰ ਰਾਤ ਇਕ ਵੀਡੀਓ ਸੰਬੋਧਨ ਵਿੱਚ ਰੂਸ ਅੱਗੇ ਤਜਵੀਜ਼ ਰੱਖੀ ਕਿ ਉਹ ਮੈਦਵੇਦਚੁਕ ਦੀ ਰਿਹਾਈ ਲਈ ਰੂਸੀ ਜੇਲ੍ਹਾਂ ਵਿਚ ਬੰਦ ਯੂਕਰੇਨੀਆਂ ਨੂੰ ਛੱਡਣ ਦਾ ਸੌਦਾ ਕਰ ਸਕਦਾ ਹੈ। ਯੂਕਰੇਨ ਦੀ ਕੌਮੀ ਸੁਰੱਖਿਆ ਏਜੰਸੀ ਦੇ ਮੁਖੀ ਇਵਾਨ ਬਾਕਾਨੋਵ ਨੇ ਮੈਦਵੇਦਚੁਕ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਕੀਤੀ ਹੈ।



Most Read

2024-09-20 11:57:27