World >> The Tribune


ਅਮਰੀਕਾ: ਦੋ ਸਿੱਖਾਂ ’ਤੇ ਹਮਲਾ


Link [2022-04-14 09:58:57]



ਨਿਊਯਾਰਕ, 13 ਅਪਰੈਲ

ਬੀਤੇ 10 ਦਿਨਾਂ ਤੋਂ ਘੱਟ ਸਮੇਂ 'ਚ ਹਮਲੇ ਦੀ ਦੂਜੀ ਘਟਨਾ 'ਚ ਦੋ ਸਿੱਖਾਂ ਨੂੰ ਇਥੇ ਕੁਈਨਜ਼ ਖੇਤਰ 'ਚ ਹਮਲਾ ਕਰਕੇ ਲੁੱਟ ਲਿਆ ਗਿਆ। ਜ਼ਿਕਰਯੋਗ ਹੈ ਕਿ ਇਲਾਕੇ ਨੇੜੇ 3 ਅਪਰੈਲ ਨੂੰ ਬਜ਼ੁਰਗ ਨਿਰਮਲ ਸਿੰਘ ਨੂੰ ਬਿਨਾਂ ਕਿਸੇ ਗੱਲ ਤੋਂ ਕੁੱਟਿਆ ਗਿਆ ਸੀ। ਨਿਊਯਾਰਕ 'ਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਟਵੀਟ ਕਰਕੇ ਕਿਹਾ ਕਿ ਰਿਚਮੰਡ ਹਿੱਲਜ਼ 'ਚ ਦੋ ਸਿੱਖਾਂ 'ਤੇ ਹਮਲਾ ਨਿੰਦਣਯੋਗ ਹੈ। ਉਨ੍ਹਾਂ ਕਿਹਾ,''ਅਸੀਂ ਇਸ ਮਾਮਲੇ 'ਚ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲੀਸ ਵਿਭਾਗ ਕੋਲ ਪਹੁੰਚ ਕੀਤੀ ਹੈ।'' ਉਨ੍ਹਾਂ ਮੁਤਾਬਕ ਘਟਨਾ ਦੇ ਸਬੰਧ 'ਚ ਪੁਲੀਸ ਨੇ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਕੌਂਸੁਲੇਟ ਨੇ ਕਿਹਾ ਕਿ ਉਹ ਸਿੱਖਾਂ ਦੇ ਸੰਪਰਕ 'ਚ ਹਨ ਅਤੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹਨ। 'ਦਿ ਸਿੱਖ ਕੁਲੀਸ਼ਨ' ਨੇ ਵੀ ਸਿੱਖਾਂ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਸਿੱਖਾਂ 'ਤੇ ਹਮਲਾ ਮੰਗਲਵਾਰ ਨੂੰ ਹੋਇਆ ਜਦੋਂ ਉਸੇ ਦਿਨ ਇਕ ਅਸ਼ਵੇਤ ਵਿਅਕਤੀ ਨੇ ਬਰੁਕਲਿਨ ਸਬਵੇਅ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 16 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਸਿੱਖਾਂ 'ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕੁਈਨਜ਼ ਬੋਰੋਅ ਦੇ ਮੁਖੀ ਡੋਨੋਵੈਨ ਰਿਚਰਡਜ਼ ਨੇ ਕਿਹਾ ਕਿ ਰਿਚਮੰਡ ਹਿੱਲ ਇਲਾਕੇ 'ਚ ਇਹ ਇਕ ਹੋਰ ਮੁਸ਼ਕਲ ਦਿਨ ਹੈ ਕਿਉਂਕਿ ਨਿਰਮਲ ਸਿੰਘ 'ਤੇ ਹਮਲੇ ਤੋਂ ਬਾਅਦ ਹੁਣ ਦੋ ਸਿੱਖਾਂ 'ਤੇ ਹਮਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓ ਫੁਟੇਜ 'ਚ ਦਿਖਾਇਆ ਗਿਆ ਹੈ ਕਿ ਦੋ ਸਿੱਖਾਂ ਨੂੰ ਸਥਾਨਕ ਲੋਕਾਂ ਅਤੇ ਪੁਲੀਸ ਮੁਲਾਜ਼ਮਾਂ ਨੇ ਘੇਰਾ ਪਾਇਆ ਹੋਇਆ ਹੈ। ਇਕ ਜ਼ਖ਼ਮੀ ਸਿੱਖ ਸੜਕ ਦੇ ਕੰਢੇ 'ਤੇ ਬੈਠਾ ਹੈ ਜਦਕਿ ਦੂਜਾ ਆਪਣੀ ਅੱਖ 'ਤੇ ਕੱਪੜਾ ਰੱਖ ਕੇ ਉਸ ਦੇ ਨੇੜੇ ਖੜ੍ਹਾ ਹੈ। ਦੋਵੇਂ ਸਿੱਖਾਂ ਦੀਆਂ ਦਸਤਾਰਾਂ ਉਤਰੀਆਂ ਹੋਈਆਂ ਹਨ। ਨਿਊਯਾਰਕ ਸਟੇਟ ਦਫ਼ਤਰ ਲਈ ਪਹਿਲੀ ਵਾਰ ਚੁਣੀ ਗਈ ਪੰਜਾਬੀ ਅਮਰੀਕਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਦੋਵੇਂ ਹਮਲਿਆਂ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤੀ ਅਪਰਾਧਾਂ 'ਚ 200 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ।

ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਨਿਊਯਾਰਕ ਅਸੈਂਬਲੀ 'ਚ ਅਪਰੈਲ ਨੂੰ ਪੰਜਾਬੀ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਸਿੱਖ ਕੁਲੀਸ਼ਨ ਮੁਤਾਬਕ ਬਜ਼ੁਰਗ ਨਿਰਮਲ ਸਿੰਘ ਦੇ ਇਲਾਜ ਮਗਰੋਂ ਉਹ ਭਾਰਤ ਪਰਤ ਗਿਆ ਹੈ। ਉਸ ਦੇ ਪੁੱਤਰ ਮਨਜੀਤ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਹਮਲਾਵਰਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੀਟੀਆਈ

ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਤੋਂ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

ਅੰਮ੍ਰਿਤਸਰ (ਟਨਸ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ 'ਚ ਦੋ ਸਿੱਖਾਂ ਉਪਰ ਹੋਏ ਹਮਲੇ 'ਤੇ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਨਿਊਯਾਰਕ ਦੇ ਰਿਚਮੰਡ ਹਿਲ ਵਿਖੇ ਇਕ ਬਜ਼ੁਰਗ ਸਿੱਖ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੋ ਹਰ ਕੁਦਰਤੀ ਆਫ਼ਤ ਵੇਲੇ ਮਨੁੱਖਤਾ ਦੀ ਭਲਾਈ ਲਈ ਮੋਹਰੀ ਭੂਮਿਕਾ ਨਿਭਾਉਂਦੀ ਹੈ।



Most Read

2024-09-20 11:41:19