Breaking News >> News >> The Tribune


ਰਾਮ ਨੌਮੀ ਹਿੰਸਾ: ਖਰਗੋਨ ਵਿੱਚ ਕਰਫਿਊ ਜਾਰੀ


Link [2022-04-14 09:58:52]



ਮੁੱਖ ਅੰਸ਼

ਅਧਿਕਾਰੀਆਂ ਵੱਲੋਂ ਪਰਿਵਾਰਾਂ ਦੇ ਪਰਵਾਸ ਤੋਂ ਇਨਕਾਰ ਦੰਗਾਕਾਰੀਆਂ ਕੋਲੋਂ ਹਰਜਾਨਾ ਵਸੂਲਣ ਲਈ ਟ੍ਰਿਬਿਊਨਲ ਬਣਾਇਆ

ਭੋਪਾਲ, 13 ਅਪਰੈਲ

ਮੱਧ ਪ੍ਰਦੇਸ਼ ਦੇ ਹਿੰਸਾ ਪ੍ਰਭਾਵਿਤ ਖਰਗੋਨ ਸ਼ਹਿਰ ਵਿੱਚ ਅੱਜ ਤੀਜੇ ਦਿਨ ਵੀ ਕਰਫਿਊ ਜਾਰੀ ਰਿਹਾ। ਅਧਿਕਾਰੀਆਂ ਨੇ 100 ਤੋਂ ਵੱਧ ਪਰਿਵਾਰਾਂ ਨੂੰ ਸ਼ਹਿਰ ਤੋਂ ਪਰਵਾਸ ਕਰਨ ਲਈ ਮਜਬੂਰ ਕਰਨ ਸਬੰਧੀ ਖ਼ਬਰਾਂ ਨੂੰ ਖਾਰਜ ਕੀਤਾ ਹੈ। ਉਧਰ, ਸੂਬਾ ਸਰਕਾਰ ਨੇ ਦੰਗਾਕਾਰੀਆਂ ਤੋਂ ਹਰਜਾਨਾ ਵਸੂਲਣ ਲਈ ਇਕ ਟ੍ਰਿਬਿਊਨਲ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਨੂੰ ਆਗਾਮੀ ਤਿਉਹਾਰਾਂ ਦੌਰਾਨ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ।

ਵਧੀਕ ਪੁਲੀਸ ਸੁਪਰਡੈਂਟ ਨੀਰਜ ਚੌਰਸੀਆ ਨੇ ਦੱਸਿਆ ਕਿ ਕਰਫਿਊ ਤੀਜੇ ਦਿਨ ਵੀ ਜਾਰੀ ਹੈ ਅਤੇ ਸਿਰਫ਼ ਮੈਡੀਕਲ ਐਮਰਜੈਂਸੀ ਵਾਲੇ ਹਾਲਾਤ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਭੋਪਾਲ ਵਿੱਚ ਮੌਲਵੀਆਂ ਵੱਲੋਂ ਸੂਬੇ ਦੇ ਡੀਜੀਪੀ ਨੂੰ ਇਕ ਮੰਗ ਪੱਤਰ ਸੌਂਪ ਕੇ ਦੋਸ਼ ਲਗਾਇਆ ਗਿਆ ਸੀ ਕਿ ਰਾਮ ਨੌਮੀ ਦੇ ਜਲੂਸ ਦੌਰਾਨ ਇਕ ਮਸਜਿਦ ਦੀ ਕੰਧ 'ਤੇ ਧਾਰਮਿਕ ਝੰਡੇ ਲਗਾਏ ਗਏ ਸਨ। ਇਸ ਸਬੰਧੀ ਪੁੱਛਣ 'ਤੇ ਸ੍ਰੀ ਚੌਰਸੀਆ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਖਰਗੋਨ ਦੀ ਨਹੀਂ ਹੈ। ਉੱਧਰ, ਸਬ-ਡਿਵੀਜ਼ਨਲ ਮੈਜਿਸਟਰੇਟ ਮਿਲਿੰਦ ਢੋਕੇ ਨੇ ਕਿਹਾ ਕਿ 100 ਤੋਂ ਵੱਧ ਪਰਿਵਾਰਾਂ ਨੂੰ ਪਰਵਾਸ ਕਰਨ ਲਈ ਮਜਬੂਰ ਕਰਨ ਸਬੰਧੀ ਖਬਰਾਂ ਸੱਚ ਨਹੀਂ ਹਨ। ਇਸੇ ਦੌਰਾਨ ਮੱਧ ਪ੍ਰਦੇਸ਼ ਸਰਕਾਰ ਨੇ ਫਿਰਕੂ ਹਿੰਸਾ ਵਿੱਚ ਸ਼ਾਮਲ ਲੋਕਾਂ ਕੋਲੋਂ ਨੁਕਸਾਨ ਦੀ ਵਸੂਲੀ ਕਰਨ ਲਈ ਦੋ ਮੈਂਬਰੀ ਟ੍ਰਿਬਿਊਨਲ ਦਾ ਗਠਨ ਕੀਤਾ ਹੈ। ਇਸੇ ਦੌਰਾਨ ਸਰਕਾਰ ਨੇ ਆਗਾਮੀ ਤਿਉਹਾਰਾਂ ਮੌਕੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। -ਪੀਟੀਆਈ

ਹਿੰਸਾ ਸਬੰਧੀ ਟਵੀਟ ਨੂੰ ਲੈ ਕੇ ਦਿਗਵਿਜੈ ਖ਼ਿਲਾਫ਼ ਪੰਜ ਐੱਫਆਈਆਰਜ਼ ਦਰਜ

ਭੋਪਾਲ: ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਹੋਈ ਫਿਰਕੂ ਹਿੰਸਾ 'ਤੇ ਟਿੱਪਣੀ ਕਰਦੇ ਹੋਏ ਦੂਜੇ ਸੂਬੇ ਦੀ ਇਕ ਮਸਜਿਦ ਦੀ ਤਸਵੀਰ ਟਵੀਟ ਕਰਨ ਦੇ ਮਾਮਲੇ ਵਿੱਚ ਕਥਿਤ ਤੌਰ 'ਤੇ ਕੱਟੜਵਾਦ ਨੂੰ ਸ਼ਹਿ ਦੇਣ ਦੇ ਦੋਸ਼ ਹੇਠ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਖ਼ਿਲਾਫ਼ ਮੰਗਲਵਾਰ ਨੂੰ ਸੂਬੇ ਦੇ ਪੰਜ ਸ਼ਹਿਰਾਂ ਵਿੱਚ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। -ਪੀਟੀਆਈ



Most Read

2024-09-21 03:27:29