Breaking News >> News >> The Tribune


ਭਾਜਪਾ ਦੀ ਬੋਲੀ ਬੋਲ ਰਿਹੈ ਰਾਜ ਠਾਕਰੇ: ਸ਼ਰਦ ਪਵਾਰ


Link [2022-04-14 09:58:52]



ਮੁੰਬਈ, 13 ਅਪਰੈਲ

ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਪ੍ਰਧਾਨ ਰਾਜ ਠਾਕਰੇ ਵੱਲੋਂ ਇਕਸਾਰ ਸਿਵਲ ਕੋਡ ਦੀ ਵਕਾਲਤ ਕਰਨ ਤੇ ਦੇਸ਼ ਵਿੱਚ ਵਧਦੀ ਆਬਾਦੀ ਨੂੰ ਕਾਬੂ ਹੇਠ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤੇ ਜਾਣ ਤੋਂ ਇਕ ਦਿਨ ਮਗਰੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ (ਠਾਕਰੇ) ਕਥਿਤ ਭਾਜਪਾ ਦੀ ਬੋਲੀ ਬੋਲ ਰਿਹਾ ਹੈ। ਰਾਜ ਠਾਕਰੇ ਵੱਲੋਂ 3 ਮਈ ਤੱਕ ਮਸਜਿਦਾਂ 'ਚੋ ਲਾਊਡਸਪੀਕਰ ਹਟਾਉਣ ਦੀ ਦਿੱਤੀ ਚਿਤਾਵਨੀ ਬਾਰੇ ਪਵਾਰ ਨੇ ਕਿਹਾ ਕਿ 'ਸੂਬਾ ਸਰਕਾਰ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰੇਗੀ।' ਐੱਨਸੀਪੀ ਆਗੂ ਨੇ ਹਾਲਾਂਕਿ ਇਸ ਮਾਮਲੇ 'ਤੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। ਪਵਾਰ ਨੇ ਰਾਜ ਠਾਕਰੇ ਨੇ ਇਸ ਦੋਸ਼ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ (ਪਵਾਰ) ਨਾਸਤਿਕ ਹਨ।

ਐਨਸੀਪੀ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਮੰਦਿਰਾਂ ਵਿੱਚ ਜਾਂਦਾ ਹਾਂ, ਪਰ ਵਿਖਾਵੇ ਵਿੱਚ ਯਕੀਨ ਨਹੀਂ ਕਰਦਾ।'' ਪਵਾਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਵਿੱਚ ਸਮਾਜਿਕ ਏਕਤਾ ਵਿੱਚ ਅੜਿੱਕਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਫਿਰਕੂ ਵਿਚਾਰਧਾਰਾ ਦਾ ਪ੍ਰਚਾਰ ਪਾਸਾਰ ਕੀਤਾ ਜਾ ਰਿਹੈ। ਰਾਜ ਠਾਕਰੇ ਨੇ ਮੰਗਲਵਾਰ ਰਾਤ ਨੂੰ ਐਮਐਨਐਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇਕਰ ਸ਼ਿਵ ਸੈਨਾ ਦੀ ਅਗਵਾਈ ਵਾਲੀ ਸਰਕਾਰ ਨੇ ਮਸਜਿਦਾਂ ਵਿੱਚ ਉੱਚੀ ਆਵਾਜ਼ ਵਿੱਚ ਵਜਦੇ ਲਾਊਡਸਪੀਕਰ 3 ਮਈ ਤੱਕ ਨਾ ਹਟਾਏ ਤਾਂ ਐਮਐਨਐਸ ਵਰਕਰ ਮਸਜਿਦਾਂ ਅੱਗੇ ਹਨੂਮਾਨ ਚਾਲੀਸਾ ਪੜ੍ਹਨਗੇ। ਪਵਾਰ ਨੇ ਕਿਹਾ, ''ਜ਼ਾਹਿਰਾ ਤੌਰ 'ਤੇ ਸਾਨੂੰ ਉਨ੍ਹਾਂ (ਰਾਜ ਠਾਕਰੇ) ਦੀ ਤਕਰੀਰ ਵਿੱਚ ਉਹੀ ਕੁਝ ਸੁਣਨ ਨੂੰ ਮਿਲ ਰਹੈ, ਜਿਵੇਂ ਭਾਜਪਾ ਨੇ ਉਨ੍ਹਾਂ ਨੂੰ ਸੇਧ ਦਿੱਤੀ ਹੈ।'' ਪਵਾਰ ਨੇ ਕਿਹਾ ਕਿ ਐਮਐਨਐਸ ਮੁਖੀ ਨੇ ਭਾਜਪਾ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ, ਪਰ ਸ਼ਿਵ ਸੈਨਾ ਦੀ ਅਗਵਾਈ ਵਾਲੇ ਤਿੰਨ ਧਿਰੀ ਮਹਾ ਵਿਕਾਸ ਅਗਾੜੀ ਸਰਕਾਰ ਦੇ ਅਹਿਮ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਨਿਸ਼ਾਨਾ ਬਣਾਇਆ ਹੈ। -ਪੀਟੀਆਈ



Most Read

2024-09-21 03:37:39