World >> The Tribune


ਭਾਰਤ ’ਚ ਮਨੁੱਖੀ ਹੱਕਾਂ ਦੇ ਘਾਣ ’ਤੇ ਸਾਡੀ ਨਜ਼ਰ: ਬਲਿੰਕਨ


Link [2022-04-13 04:55:18]



ਵਾਸ਼ਿੰਗਟਨ, 12 ਅਪਰੈਲ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਵਿੱਚ ਹਾਲ ਹੀ ਵਿੱਚ 'ਵਾਪਰੀਆਂ ਘਟਨਾਵਾਂ' ਸਣੇ ਮਨੁੱਖੀ ਅਧਿਕਾਰਾਂ ਦੀਆਂ ਵਧ ਰਹੀਆਂ ਉਲੰਘਣਾਵਾਂ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਆਖਿਆ ਕਿ ਅਮਰੀਕਾ ਆਪਣੇ ਭਾਰਤੀ ਭਾਈਵਾਲਾਂ, ਜਿਨ੍ਹਾਂ ਨਾਲ ਉਹ ਜਮਹੂਰੀ ਕਦਰਾਂ ਕੀਮਤਾਂ ਸਾਂਝੀਆਂ ਕਰਦਾ ਹੈ, ਨਾਲ ਨਿਯਮਤ ਸੰਵਾਦ ਰਚਾਉਂਦਾ ਹੈ। ਬਲਿੰਕਨ ਨੇ ਇਹ ਟਿੱਪਣੀਆਂ ਰੱਖਿਆ ਮੰਤਰੀ ਲੌਇਡ ਅਸਟਿਨ ਅਤੇ ਭਾਰਤ ਦੇ ਆਪਣੇ ਹਮਰੁਤਬਾਵਾਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੰਤਰੀ ਪੱਧਰ ਦੀ '2+2' ਵਾਰਤਾ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ।

ਬਲਿੰਕਨ ਨੇ ਸ਼ੁਰੂਆਤੀ ਟਿੱਪਣੀਆਂ ਵਿੱਚ ਕਿਹਾ, ''ਅਸੀਂ ਭਾਰਤ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ਵਿੱਚ ਕੁਝ ਸਰਕਾਰੀ, ਪੁਲੀਸ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਵੀ ਸ਼ਾਮਲ ਹਨ।'' ਅਮਰੀਕੀ ਵਿਦੇਸ਼ ਮੰਤਰੀ ਨੇ ਹਾਲਾਂਕਿ ਇਨ੍ਹਾਂ (ਘਟਨਾਵਾਂ) ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। ਬਲਿੰਕਨ ਨੇ ਕਿਹਾ, ''ਅਸੀਂ ਮਨੁੱਖੀ ਹੱਕਾਂ ਦੀ ਸੁਰੱਖਿਆ ਸਣੇ ਹੋਰ ਕਈ ਜਮਹੂਰੀ ਕਦਰਾਂ ਕੀਮਤਾਂ ਸਾਂਝੀਆਂ ਕਰਦੇ ਹਾਂ। ਇਨ੍ਹਾਂ ਕਦਰਾਂ ਕੀਮਤਾਂ ਨੂੰ ਲੈ ਕੇ ਅਸੀਂ ਇਕ ਦੂਜੇ ਨਾਲ ਨਿਯਮਤ ਸੰਵਾਦ ਰਚਾਉਂਦੇ ਹਾਂ।'' ਦੱਸ ਦੇਈੲੇ ਕਿ ਮੁਲਕ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਕੀਤੀ ਨੁਕਤਾਚੀਨੀ ਨੂੰ ਭਾਰਤ ਨੇ ਪਹਿਲਾਂ ਵੀ ਖਾਰਜ ਕੀਤਾ ਹੈ। ਭਾਰਤ ਸਰਕਾਰ ਜ਼ੋਰ ਦੇ ਕੇ ਆਖਦੀ ਹੈ ਕਿ ਦੇਸ਼ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਮਜ਼ਬੂਤ ਤੇ ਸਥਾਪਤ ਪ੍ਰਬੰਧ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਵੀ ਵੱਖ ਵੱਖ ਕਾਨੂੰਨਾਂ ਤਹਿਤ ਲੋੜੀਂਦੀਆਂ ਵਿਵਸਥਾਵਾਂ ਮੌਜੂਦ ਹਨ। -ਪੀਟੀਆਈ

ਦੋਵਾਂ ਮੁਲਕਾਂ ਵੱਲੋਂ ਐਡਵਾਂਸ ਅਤੇ ਵਿਆਪਕ ਰੱਖਿਆ ਭਾਈਵਾਲੀ ਵਿਕਸਤ ਕਰਨ 'ਤੇ ਜ਼ੋਰ

ਵਾਸ਼ਿੰਗਟਨ: ਭਾਰਤ-ਯੂਐੱਸ 2+2 ਮੰਤਰੀ ਪੱਧਰ ਦੇ ਸੰਵਾਦ ਮਗਰੋਂ ਦੋਵਾਂ ਮੁਲਕਾਂ ਨੇ ਉੱਨਤ ਤੇ ਵਿਆਪਕ ਰੱਖਿਆ ਭਾਈਵਾਲੀ ਵਿਕਸਤ ਕਰਨ 'ਤੇ ਜ਼ੋਰ ਦਿੱਤਾ ਹੈ। ਭਾਰਤੀ ਵਫ਼ਦ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕੀਤੀ ਜਦੋਂਕਿ ਅਮਰੀਕਾ ਦੀ ਨੁਮਾਇੰਦਗੀ ਰੱਖਿਆ ਮੰਤਰੀ ਲੌਇਡ ਅਸਟਿਨ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕੀਤੀ। ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਦੁਵੱਲੇ, ਰੱਖਿਆ ਤੇ ਆਲਮੀ ਮੁੱਦਿਆਂ 'ਤੇ ਅਰਥਪੂਰਨ ਤੇ ਡੂੰਘੀ ਵਿਚਾਰ ਚਰਚਾ ਕੀਤੀ, ਜੋ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਗਤੀ ਦੇਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀ ਭਾਈਵਾਲੀ ਭਾਰਤ-ਪ੍ਰਸ਼ਾਂਤ ਖਿੱਤੇ ਤੇ ਹਿੰਦ ਮਹਾਸਾਗਰ ਵਿੱਚ ਸ਼ਾਂਤੀ, ਸਥਿਰਤਾ ਤੇ ਖ਼ੁਸ਼ਹਾਲੀ ਲਈ ਬਹੁਤ ਅਹਿਮ ਹੈ। -ਪੀਟੀਆਈ



Most Read

2024-09-20 13:49:10