World >> The Tribune


ਰੂਸ ਵੱਲੋਂ ਯੂਕਰੇਨ ਦੀ ਹਵਾਈ ਰੱਖਿਆ ਪ੍ਰਣਾਲੀ ਤਬਾਹ


Link [2022-04-13 01:41:07]



ਕੀਵ, 11 ਅਪਰੈਲ

ਰੂਸ ਨੇ ਯੂਕਰੇਨ 'ਚ ਹਵਾਈ ਰੱਖਿਆ ਪ੍ਰਣਾਲੀਆਂ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਯੂਕਰੇਨ ਦੇ ਅਸਮਾਨ 'ਤੇ ਕਬਜ਼ਾ ਨਾ ਹੋਣ ਕਾਰਨ ਰੂਸ ਨੂੰ ਕੀਵ ਸਮੇਤ ਹੋਰ ਅਹਿਮ ਸ਼ਹਿਰਾਂ 'ਤੇ ਕਬਜ਼ੇ 'ਚ ਦਿੱਕਤ ਆ ਰਹੀ ਹੈ। ਰੂਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਫ਼ੌਜ ਨੇ ਦਨਿਪਰੋ ਦੇ ਦੱਖਣ 'ਚ ਤਾਇਨਤ ਚਾਰ ਐੱਸ-300 ਹਵਾਈ ਰੱਖਿਆ ਮਿਜ਼ਾਈਲ ਲਾਂਚਰਾਂ ਨੂੰ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਕੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰੀਬ 25 ਯੂਕਰੇਨੀ ਫ਼ੌਜੀ ਵੀ ਹਮਲੇ 'ਚ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਮਾਈਕੋਲੇਵ ਅਤੇ ਖਾਰਕੀਵ ਖ਼ਿੱਤਿਆਂ 'ਚ ਅਜਿਹੀਆਂ ਪ੍ਰਣਾਲੀਆਂ ਨੂੰ ਤਬਾਹ ਕੀਤਾ ਗਿਆ ਸੀ। ਕੋਨਾਸ਼ੇਨਕੋਵ ਨੇ ਕਿਹਾ ਕਿ ਯੂਕਰੇਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਯੂਰਪੀ ਮੁਲਕ ਤੋਂ ਮਿਲੀਆਂ ਹਨ। ਪਿਛਲੇ ਹਫ਼ਤੇ ਸਲੋਵਾਕੀਆ ਨੇ ਕਿਹਾ ਸੀ ਕਿ ਉਸ ਨੇ ਸੋਵੀਅਤ ਡਿਜ਼ਾਈਨਡ ਐੱਸ-300 ਮਿਜ਼ਾਈਲ ਲਾਂਚਰ ਯੂਕਰੇਨ ਨੂੰ ਸੌਂਪੇ ਹਨ ਪਰ ਸਲੋਵਾਕੀਆ ਨੇ ਕਿਹਾ ਕਿ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਉਸ ਦੀਆਂ ਪ੍ਰਣਾਲੀਆਂ 'ਤੇ ਹਮਲਾ ਹੋਇਆ ਹੈ। ਰੂਸੀ ਫ਼ੌਜ ਨੂੰ ਕਈ ਹਿੱਸਿਆਂ 'ਚ ਮਿਲ ਰਹੀ ਟੱਕਰ ਮਗਰੋਂ ਉਨ੍ਹਾਂ ਹੁਣ ਸ਼ਹਿਰਾਂ 'ਤੇ ਗੋਲੇ ਵਰ੍ਹਾ ਕੇ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਉਧਰ ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੱਲੋਂ ਪੱਛਮੀ ਮੁਲਕਾਂ ਤੋਂ ਲਗਾਤਾਰ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਆਸਟਰੀਅਨ ਚਾਂਸਲਰ ਕਾਰਲ ਨੇਹਾਮਰ ਵੱਲੋਂ ਮਾਸਕੋ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕੀਵ 'ਚ ਜ਼ੇਲੈਂਸਕੀ ਨਾਲ ਵੀ ਮੁਲਾਕਾਤ ਕੀਤੀ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਯੂਕਰੇਨ ਨੇ ਪਹਿਲਾਂ ਹੀ ਰੂਸੀ ਫ਼ੌਜਾਂ ਨੂੰ ਦੋਨੇਤਸਕ ਅਤੇ ਲੁਹਾਂਸਕ ਖ਼ਿੱਤਿਆਂ 'ਚ ਮਾਤ ਦੇ ਦਿੱਤੀ ਹੈ। ਇਸ ਦੌਰਾਨ ਚੇਚਨ ਆਗੂ ਰਮਜ਼ਾਨ ਕਾਦੀਰੋਵ ਨੇ ਟੈਲੀਗ੍ਰਾਮ ਚੈਨਲ 'ਤੇ ਵੀਡੀਓ ਪੋਸਟ ਕਰਕੇ ਕਿਹਾ ਕਿ ਰੂਸੀ ਫ਼ੌਜ ਮਾਰਿਓਪੋਲ, ਕੀਵ ਅਤੇ ਹੋਰ ਸ਼ਹਿਰਾਂ 'ਤੇ ਮੁੜ ਤੋਂ ਹਮਲੇ ਕਰੇਗੀ। ਵਾਸ਼ਿੰਗਟਨ 'ਚ ਅਮਰੀਕਾ ਦੇ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਰੂਸ ਨੇ ਹਮਲੇ ਦੀ ਅਗਵਾਈ ਲਈ ਆਪਣੇ ਸਭ ਤੋਂ ਜ਼ਿਆਦਾ ਤਜਰਬੇਕਾਰ ਫ਼ੌਜ ਮੁਖੀ ਜਨਰਲ ਅਲੈਗਜ਼ੈਂਡਰ ਦਵੋਰਨਿਕੋਵ (60) ਨੂੰ ਨਿਯੁਕਤ ਕੀਤਾ ਹੈ। ਦਵੋਰਨਿਕੋਵ ਨੂੰ ਸੀਰੀਆ 'ਚ ਰੂਸੀ ਫ਼ੌਜ ਦੀ ਕਮਾਨ ਸੰਭਾਲੀ ਸੀ ਜਿਸ ਨੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਨੂੰ ਹਮਾਇਤ ਦਿੰਦਿਆਂ ਉਥੇ ਜ਼ੁਲਮ ਕੀਤੇ ਸਨ। -ਏਪੀ

ਜ਼ੇਲੈਂਸਕੀ ਨੇ ਦੱਖਣੀ ਕੋਰੀਆ ਤੋਂ ਹਥਿਆਰ ਮੰਗੇ

ਸਿਓਲ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੱਖਣੀ ਕੋਰੀਆ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਕ ਨੂੰ ਹਥਿਆਰ ਸਪਲਾਈ ਕਰੇ ਤਾਂ ਜੋ ਰੂਸੀ ਫ਼ੌਜ ਦਾ ਟਾਕਰਾ ਕੀਤਾ ਜਾ ਸਕੇ। ਦੱਖਣੀ ਕੋਰੀਆ ਦੇ ਸੰਸਦ ਮੈਂਬਰਾਂ ਨੂੰ ਵੀਡੀਓ ਰਾਹੀਂ ਬੇਨਤੀ ਉਸ ਸਮੇਂ ਆਈ ਹੈ ਜਦੋਂ ਸਿਓਲ ਦੇ ਰੱਖਿਆ ਮੰਤਰਾਲੇ ਨੇ ਯੂਕਰੇਨੀ ਅਪੀਲ ਨੂੰ ਏਅਰਕ੍ਰਾਫਟ ਵਿਰੋਧੀ ਹਥਿਆਰ ਦੇਣ ਤੋਂ ਮਨਾ ਕਰ ਦਿੱਤਾ ਸੀ। ਜ਼ੇਲੈਂਸਕੀ ਨੇ ਕਿਹਾ ਕਿ ਜੇਕਰ ਟੈਂਕ, ਜਹਾਜ਼ ਅਤੇ ਹੋਰ ਸਾਜ਼ੋ-ਸਾਮਾਨ ਮਿਲ ਗਿਆ ਤਾਂ ਨਾ ਸਿਰਫ਼ ਆਮ ਲੋਕਾਂ ਦੀ ਜਾਨ ਬਚੇਗੀ ਸਗੋਂ ਰੂਸ ਵੱਲੋਂ ਹੋਰ ਮੁਲਕਾਂ 'ਤੇ ਹਮਲੇ ਨੂੰ ਵੀ ਰੋਕਿਆ ਜਾ ਸਕੇਗਾ। ਜ਼ੇਲੈਂਸਕੀ ਨੇ ਦੱਖਣੀ ਕੋਰੀਆ ਵੱਲੋਂ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। -ਏਪੀ

ਅਮਰੀਕਾ ਦੇ ਦਾਬੇ ਨੂੰ ਖ਼ਤਮ ਕਰਨ ਲਈ ਯੂਕਰੇਨ 'ਤੇ ਹਮਲਾ ਕੀਤਾ: ਲਾਵਰੋਵ

ਮਾਸਕੋ: ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਅਮਰੀਕਾ ਦੇ ਪੂਰੀ ਦੁਨੀਆ 'ਤੇ ਦਾਬੇ ਨੂੰ ਖ਼ਤਮ ਕਰਨ ਲਈ ਰੂਸ ਨੇ ਯੂਕਰੇਨ 'ਤੇ ਹਮਲਾ ਕੀਤਾ ਹੈ। ਰੂਸੀ ਟੀਵੀ ਆਰਟੀ ਨੂੰ ਦਿੱਤੀ ਇੰਟਰਵਿਊ 'ਚ ਲਾਵਰੋਵ ਨੇ ਦਾਅਵਾ ਕੀਤਾ ਕਿ ਅਮਰੀਕਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਅਤੇ ਆਰਜ਼ੀ ਨੇਮ ਥੋਪ ਕੇ ਆਪਣੀ ਚੜ੍ਹਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਨੀਤੀ ਦੇ ਮੁਖੀ ਜੋਸਪ ਬੋਰੈੱਲ ਵੱਲੋਂ ਯੂਕਰੇਨ ਨੂੰ ਹੋਰ ਫ਼ੌਜੀ ਸਹਾਇਤਾ ਦੇਣ ਦੀ ਪੇਸ਼ਕਸ਼ ਦੀ ਕਰੜੀ ਆਲੋਚਨਾ ਕੀਤੀ। -ਆਈਏਐਨਐਸ



Most Read

2024-09-20 13:32:50