Sport >> The Tribune


ਰੋਨਾਲਡੋ ਨੇ ਪ੍ਰਸ਼ੰਸਕ ਦਾ ਫੋਨ ਸੁੱਟਣ ਮਗਰੋਂ ਮੁਆਫ਼ੀ ਮੰਗੀ


Link [2022-04-11 09:33:45]



ਮੈਨਚੈਸਟਰ: ਮਾਨਚੈਸਟਰ ਯੂਨਾਈਟਿਡ ਦੇ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਇੱਕ ਪ੍ਰਸ਼ੰਸਕ ਦੇ ਹੱਥ ਵਿੱਚੋਂ ਫੋਨ ਫੜ ਕੇ ਸੁੱਟਣ ਦੀ ਘਟਨਾ ਲਈ ਮੁਆਫ਼ੀ ਮੰਗੀ ਹੈ। ਹਾਲਾਂਕਿ ਰੋਨਾਲਡੋ ਵੱਲੋਂ ਟੀਮ ਨੂੰ ਐਵਰਟਨ ਕਲੱਬ ਤੋਂ ਮਿਲੀ 1-0 ਦੀ ਹਾਰ ਮਗਰੋਂ ਮੈਦਾਨ 'ਚੋਂ ਨਿਕਲਦੇ ਸਮੇਂ ਪ੍ਰਸ਼ੰਸਕ ਦੇ ਹੱਥੋਂ ਫੋਨ ਖੋਹ ਕੇ ਸੁੱਟਣ ਦੇ ਮਾਮਲੇ ਦੀ ਜਾਂਚ ਸਥਾਨਕ ਪੁਲੀਸ ਵੱਲੋਂ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਫੁਟੇਜ ਮੁਤਾਬਕ ਸ਼ਨਿਚਰਵਾਰ ਨੂੰ ਪ੍ਰੀਮੀਅਰ ਲੀਗ ਮੈਚ ਵਿੱਚ ਟੀਮ ਦੀ ਹਾਰ ਮਗਰੋਂ ਜਦੋਂ ਰੋਨਾਲਡੋ ਗੁਡੀਸਨ ਪਾਰਕ ਵਿਚੋਂ ਨਿਕਲ ਰਿਹਾ ਸੀ ਤਾਂ ਉਸ ਨੇ ਇੱਕ ਸਮਰਥਕ ਦੇ ਹੱਥ ਵਿੱਚੋਂ ਫੋਨ ਫੜ ਕੇ ਸੁੱਟ ਦਿੱਤਾ। ਬਾਅਦ ਵਿੱਚ ਪੁਰਤਗਾਲ ਦੇ ਇਸ ਖਿਡਾਰੀ ਨੇ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗ ਲਈ ਹੈ। ਇੰਸਟਾਗ੍ਰਾਮ 'ਤੇ ਇੱਕ ਪੋੋਸਟ ਵਿੱਚ ਰੋਨਾਲਡੋ ਨੇ ਕਿਹਾ, ''ਮੈਂ ਆਪਣੇ ਗੁੱਸੇ ਲਈ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਅਤੇ ਜੇਕਰ ਸੰਭਵ ਹੋਵੇ ਤਾਂ ਮੈਂ ਇਸ ਸਮਰਥਕ ਨੂੰ ਨਿਰਪੱਖ ਖੇਡ ਅਤੇ ਖੇਡ ਭਾਵਨਾ ਤਹਿਤ ਓਲਡ ਟਰੈਫਰਡ ਵਿੱਚ ਇੱਕ ਮੈਚ ਦੇਖਣ ਲਈ ਸੱਦਾ ਦੇਣਾ ਚਾਹੁੰਦਾ ਹਾਂ।'' ਉਸ ਨੇ ਕਿਹਾ, ''ਅਸੀਂ ਜਿਸ ਤਰ੍ਹਾਂ ਦੀ ਮੁਸ਼ਕਲ ਘੜੀ ਦਾ ਸਾਹਮਣਾ ਕਰ ਰਹੇ ਹਾਂ, ਅਜਿਹੇ ਵਿੱਚ ਭਾਵਨਾਵਾਂ ਨਾਲ ਨਜਿੱਠਣਾ ਸੌਖਾ ਨਹੀਂ ਹੁੰਦਾ।'' ਰੋਨਾਲਡੋ ਮੁਤਾਬਕ, ''ਫਿਰ ਵੀ, ਸਾਨੂੰ ਹਮੇਸ਼ਾ ਸਨਮਾਨਜਨਕ, ਸੰਜਮੀ ਅਤੇ ਨੌਜਵਾਨਾਂ ਲਈ ਮਿਸਾਲ ਪੇਸ਼ ਕਰਨ ਵਾਲਾ ਹੋਣਾ ਚਾਹੀਦਾ ਹੈ, ਜਿਹੜੇ ਇਹ ਖੂਬਸੂਰਤ ਖੇਡ ਨੂੰ ਪਸੰਦ ਕਰਦੇ ਹਨ।'' ਦੂਜੇ ਪਾਸੇ ਪੁਲੀਸ ਨੇ ਇਸ ਮਾਮਲੇ ਵਿੱਚ ਪੀੜਤ ਜਾਂ ਮੈਦਾਨ ਲੋਕਾਂ ਨੂੰ ਗਵਾਹੀ ਦੇਣ ਦੀ ਅਪੀਲ ਕੀਤੀ ਹੈ ਅਤੇ ਉਸ ਵੱਲੋਂ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ। -ਏਪੀ



Most Read

2024-09-19 16:26:45