World >> The Tribune


ਪਾਕਿਸਤਾਨ ਕੌਮੀ ਅਸੈਂਬਲੀ ਦੇ ਨਵੇਂ ਆਗੂ ਦੀ ਚੋਣ ਅੱਜ


Link [2022-04-11 08:14:02]



ਮੁੱਖ ਅੰਸ਼

ਪੀਟੀਆਈ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ 'ਚ ਉਤਾਰਿਆ ਕੌਮੀ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ

ਇਸਲਾਮਾਬਾਦ, 10 ਅਪਰੈਲ

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੂੰ ਸੱਤਾ ਤੋਂ ਬਾਹਰ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਨਵਾਂ ਆਗੂ ਚੁਣਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਕੌਮੀ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰ ਦਿੱਤੀ ਹੈ। ਮੁਲਕ ਦੀ ਸਾਂਝੀ ਵਿਰੋਧੀ ਧਿਰ, ਜੋ ਸੋਸ਼ਲਿਸਟ, ਲਿਬਰਲ ਤੇ ਕੱਟੜਵਾਦੀ ਧਾਰਮਿਕ ਪਾਰਟੀਆਂ ਦਾ ਗੱਠਜੋੜ ਹੈ, ਨੇ 70 ਸਾਲਾ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ ਜਦੋਂਕਿ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਉਨ੍ਹਾਂ ਦੇ ਮੁਕਾਬਲੇ ਵਿੱਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਮਰਾਨ ਖ਼ਾਨ ਦੇ ਜਾਨਸ਼ੀਨ ਦੀ ਚੋਣ ਸੋਮਵਾਰ ਨੂੰ ਕੌਮੀ ਅਸੈਂਬਲੀ ਵਿੱਚ ਹੋਵੇਗੀ। ਇਸ ਦੌਰਾਨ ਕੌਮੀ ਅਸੈਂਬਲੀ ਸਕੱਤਰੇਤ ਨੇ ਪੀਟੀਆਈ ਵੱਲੋਂ ਦਾਇਰ ਇਤਰਾਜ਼ਾਂ ਨੂੰ ਖਾਰਜ ਕਰਦਿਆਂ ਸ਼ਾਹਬਾਜ਼ ਤੇ ਉਸ ਦੇ ਰਵਾਇਤੀ ਵਿਰੋਧੀ ਕੁਰੈਸ਼ੀ ਨੂੰ ਭਲਕੇ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਚੋਣ ਅਮਲ ਪੂਰਾ ਕਰਨ ਲਈ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਨਵਾਂ ਪ੍ਰਧਾਨ ਮੰਤਰੀ ਬਣਨ ਲਈ ਉਮੀਦਵਾਰ ਨੂੰ 342 ਮੈਂਬਰੀ ਅਸੈਂਬਲੀ ਵਿੱਚ 172 ਵੋਟਾਂ ਲੋੜੀਂਦੀਆਂ ਹਨ। ਦੇਸ਼ ਦੇ ਮੌਜੂਦਾ ਸਿਆਸੀ ਘਟਨਾਕ੍ਰਮ ਨੂੰ ਵੇਖਦਿਆਂ ਸ਼ਾਹਬਾਜ਼ ਸ਼ਰੀਫ਼ ਦੇ ਸਦਨ ਦਾ ਨਵਾਂ ਆਗੂ ਚੁਣੇ ਜਾਣ ਦੇ ਆਸਾਰ ਹਨ। ਹਾਲਾਂਕਿ ਸ਼ਰੀਫ਼ ਲਈ ਗੱਠਜੋੜ ਦੇ ਮੈਂਬਰਾਂ, ਜਿਨ੍ਹਾਂ ਵਿੱਚ ਚਾਰ ਆਜ਼ਾਦ ਉਮੀਦਵਾਰ ਵੀ ਹਨ, ਨੂੰ ਸੰਭਾਲ ਕੇ ਰੱਖਣਾ ਤੇ ਨਾਲ ਤੋਰਨਾ ਅਸਲ ਚੁਣੌਤੀ ਹੋਵੇਗੀ। ਮੌਜੂਦਾ ਕੌਮੀ ਅਸੈਂਬਲੀ ਦੀ ਮਿਆਦ ਅਗਲੇ ਸਾਲ ਅਗਸਤ ਵਿੱਚ ਖ਼ਤਮ ਹੋਣੀ ਹੈ।

ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਕੌਮੀ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ 'ਸੰਵਿਧਾਨ ਲਈ' ਖੜ੍ਹਨ ਵਾਲਿਆਂ ਦਾ 'ਵਿਸ਼ੇਸ਼ ਧੰਨਵਾਦ' ਕੀਤਾ। ਉਨ੍ਹਾਂ ਕਿਹਾ, ''ਮੈਂ ਬੀਤੇ ਦੀ ਕੜਵਾਹਟ ਵਿੱਚ ਨਹੀਂ ਪੈਣਾ ਚਾਹੁੰਦਾ। ਅਸੀਂ ਉਸ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਾਂ। ਅਸੀਂ ਕੋਈ ਬਦਲਾ ਨਹੀਂ ਲਵਾਂਗੇ ਤੇ ਨਾ ਹੀ ਕੋਈ ਅਨਿਆਂ ਕਰਾਂਗੇ। ਅਸੀਂ ਬੇਵਜ੍ਹਾ ਲੋਕਾਂ ਨੂੰ ਜੇਲ੍ਹ ਵੀ ਨਹੀਂ ਭੇਜਾਂਗੇ, ਜੋ ਕੁਝ ਹੋਵੇਗਾ ਉਹ ਕਾਨੂੰਨ ਤੇ ਨਿਆਂਇਕ ਪ੍ਰਕਿਰਿਆ ਤਹਿਤ ਹੋਵੇਗਾ।'' ਸਾਬਕਾ ਰਾਸ਼ਟਰਪਤੀ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਕੋ-ਚੇਅਰ ਆਸਿਫ਼ ਅਲੀ ਜ਼ਰਦਾਰੀ ਨੇ ਸਾਂਝੀ ਵਿਰੋਧੀ ਧਿਰ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ਾਹਬਾਜ਼ ਦੇ ਨਾਂ ਦੀ ਤਜਵੀਜ਼ ਰੱਖੀ। ਪੀਐੱਮਐੱਲ-ਐੱਨ ਦੇ ਸੀਨੀਅਰ ਆਗੂਆਂ ਖ਼ਵਾਜਾ ਆਸਿਫ਼ ਤੇ ਰਾਣਾ ਤਨਵੀਰ ਨੇ ਸ਼ਾਹਬਾਜ਼ ਦੇ ਨਾਂ ਦੀ ਤਾਈਦ ਕੀਤੀ। ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕੀਤੇ ਜਾਣ ਦੇ ਆਸਾਰ ਹਨ। ਉਧਰ ਮੀਡੀਆ ਰਿਪੋਰਟਾਂ ਮੁਤਾਬਕ ਬੇਵਿਸਾਹੀ ਮਤੇ ਦਾ ਸਾਹਮਣਾ ਕਰਨ ਦਰਮਿਆਨ ਇਮਰਾਨ ਖ਼ਾਨ ਨੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਨ੍ਹਾਂ ਦੀ ਥਾਂ ਕਿਸੇ ਅਜਿਹੇ ਸ਼ਖ਼ਸ ਨੂੰ ਲਾਇਜਾ ਜਾ ਸਕੇ, ਜੋ ਉਨ੍ਹਾਂ ਦੇ 'ਵਿਦੇਸ਼ੀ ਸਾਜ਼ਿਸ਼' ਦੇ ਵਿਚਾਰ ਨਾਲ ਹਮਦਰਦੀ ਰੱਖਣ ਦੇ ਨਾਲ ਇਸ ਦੀ ਹਮਾਇਤ ਕਰਦਾ ਹੋਵੇ। ਬੀਬੀਸੀ ਉਰਦੂ ਦੀ ਰਿਪੋਰਟ ਮੁਤਾਬਕ ਸ਼ਨਿੱਚਰਵਾਰ ਰਾਤ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਹਿਸ਼ 'ਤੇ 'ਦੋ ਬਿਨ-ਬੁਲਾੲੇ ਮਹਿਮਾਨ' ਪੁੱਜੇ ਸਨ, ਜਿਨ੍ਹਾਂ ਖ਼ਾਨ ਨਾਲ ਪੌਣਾ ਘੰਟੇ ਦੇ ਕਰੀਬ ਇਕੱਲਿਆਂ ਵਿੱਚ ਮੀਟਿੰਗ ਕੀਤੀ। ਰਿਪੋਰਟ ਮੁਤਾਬਕ ਇਸ ਮੀਟਿੰਗ ਬਾਰੇ ਭਾਵੇਂ ਕੋਈ ਵੇਰਵੇ ਨਹੀਂ ਦਿੱਤੇ ਗਏ, ਪਰ ਮੀਟਿੰਗ ਦੋਸਤਾਨਾ ਮਾਹੌਲ ਵਿੱਚ ਨਹੀਂ ਹੋਈ। ਰਿਪੋਰਟ ਵਿੱਚ ਕਿਹਾ ਗਿਆ, ''ਪ੍ਰਧਾਨ ਮੰਤਰੀ ਨੇ ਘੰਟਾ ਕੁ ਪਹਿਲਾਂ ਉਨ੍ਹਾਂ ਨੂੰ ਮਿਲਣ ਲਈ ਆ ਰਹੇ ਉੱਚ ਅਧਿਕਾਰੀਆਂ 'ਚੋਂ ਇਕ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ। ਇਮਰਾਨ ਨੂੰ ਹੈਲੀਕਾਪਟਰ ਦੀ ਉਡੀਕ ਸੀ, ਪਰ ਜਿਹੜਾ ਮਹਿਮਾਨ ਇਸ 'ਤੇ ਆਇਆ, ਉਹ ਉਨ੍ਹਾਂ ਦੀ ਉਮੀਦ ਤੇ ਅਨੁਮਾਨਾਂ ਤੋਂ ਪਰੇ ਸੀ।'' ਖਾਨ ਨੂੰ ਉਮੀਦ ਸੀ ਕਿ ਹੈਲੀਕਾਪਟਰ 'ਨਵੇਂ ਨਿਯੁਕਤ ਕੀਤੇ ਅਧਿਕਾਰੀ' ਨੂੰ ਲੈ ਕੇ ਆਏਗਾ, ਜਿਸ ਦੇ ਆਉਂਦੇ ਸਾਰ ਸਮੁੱਚਾ ਸਿਆਸੀ ਘੜਮੱਸ ਮੁੱਕ ਜਾਵੇਗਾ। ਇਮਰਾਨ ਦੀ 'ਬਦਲਾਅ' ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ ਕਿਉਂਕਿ ਰੱਖਿਆ ਮੰਤਰਾਲੇ ਨੇ ਨਵੀਂ ਨਿਯੁਕਤੀ ਬਾਰੇ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਹੀ ਨਹੀਂ ਕੀਤਾ।

ਬੀਬੀਸੀ ਨੇ ਇਸ 'ਅਣਸੱਦੇ ਮਹਿਮਾਨ' ਦੀ ਪਛਾਣ ਨਹੀਂ ਦੱਸੀ, ਪਰ ਰਿਪੋਰਟ 'ਚ ਵਰਤੇ ਸ਼ਬਦਾਂ, ਤਰੀਕੇ ਤੇ ਲਹਿਜੇ ਨੂੰ ਵੇਖਦਿਆਂ ਇਹ ਲੱਗਦਾ ਹੈ ਕਿ ਉਹ ਜਨਰਲ ਬਾਜਵਾ ਤੇ ਆਈਐੱਸਆਈ ਮੁਖੀ ਲੈਫਟੀਨੈਂਟ ਨਦੀਮ ਅਹਿਮਦ ਅੰਜੁਮ ਹੋ ਸਕਦੇ ਸਨ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਸਿਜ਼ ਪਬਲਿਕ ਰਿਲੇਸ਼ਨਜ਼ ਨੇ ਬੀਬੀਸੀ ਉਰਦੂ ਦੇ ਮਜਮੂਨ ਨੂੰ ਖਾਰਜ ਕਰਦਿਆਂ ਇਸ ਨੂੰ 'ਪੂਰੀ ਤਰ੍ਹਾਂ ਬੇਬੁਨਿਆਦ ਤੇ ਝੂਠ' ਕਰਾਰ ਦਿੱਤਾ ਹੈ। -ਪੀਟੀਆਈ

ਸਰਕਾਰ ਬਦਲਣ ਨਾਲ ਭਾਰਤ-ਪਾਕਿ ਆਗੂਆਂ ਨੂੰ ਟੁੱਟੀ ਗੰਢਣ ਦਾ ਮੌਕਾ ਮਿਲੇਗਾ

ਇਸਲਾਮਾਬਾਦ/ਲਾਹੌਰ: ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਹਕੂਮਤ ਬਦਲਣ ਨਾਲ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਨੂੰ ਟੁੱਟੇ ਹੋੲੇ ਦੁਵੱਲੇ ਰਿਸ਼ਤਿਆਂ ਨੂੰ ਮੁੜ ਗੰਢਣ ਦਾ ਮੌਕਾ ਮਿਲ ਸਕਦਾ ਹੈ। ਪੀਐੱਮਐੱਲ-ਐੱਨ ਦੇ ਕਾਨੂੰਨਘਾੜੇ ਤੇ ਸ਼ਾਹਬਾਜ਼ ਸ਼ਰੀਫ਼ ਦੇ ਨਜ਼ਦੀਕੀ ਸਮੀਉੱਲ੍ਹਾ ਖ਼ਾਨ ਨੇ ਕਿਹਾ ਕਿ ਉਨ੍ਹਾਂ ਦੇ ਆਗੂ ਵੱਲੋਂ ਭਾਰਤ ਲਈ ਨਵੀਂ ਨੀਤੀ ਘੜੀ ਜਾ ਸਕਦੀ ਹੈ। ਖ਼ਾਨ ਨੇ ਕਿਹਾ, ''ਪਾਕਿਸਤਾਨ ਸ਼ਾਹਬਾਜ਼ ਦੀ ਅਗਵਾਈ ਵਿੱਚ ਭਾਰਤ ਲਈ ਨਵੀਂ ਨੀਤੀ ਲੈ ਕੇ ਆੲੇਗਾ। ਬੁਨਿਆਦੀ ਤੌਰ 'ਤੇ ਇਮਰਾਨ ਖ਼ਾਨ ਹਕੂਮਤ ਦੀ ਅੱਵਲ ਤਾਂ ਭਾਰਤ ਲਈ ਕੋਈ ਨੀਤੀ ਨਹੀਂ ਸੀ ਅਤੇ ਜੇ ਕੋਈ ਸੀ, ਤਾਂ ਉਹ ਬਹੁਤ ਕਮਜ਼ੋਰ ਸੀ ਜਿਸ ਕਰਕੇ ਭਾਰਤ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰੁਤਬਾ ਮਨਸੂਖ਼ ਕਰਨ ਵਿੱਚ ਸਫ਼ਲ ਰਿਹਾ ਤੇ ਖ਼ਾਨ ਮਜਬੂਰ ਹੋ ਕੇ ਸਭ ਕੁਝ ਵੇਖਦਾ ਰਿਹਾ।'' ਉੱਘੇ ਸਿਆਸੀ ਸਮੀਖਿਅਕ ਡਾ.ਹਾਸਨ ਅਸਕਰੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਸਾਰੇ ਕੰਮ ਛੱਡ ਕੇ 2014 ਤੋਂ ਬੰਦ ਪਿਆ ਸੰਵਾਦ ਮੁੜ ਸ਼ੁਰੂ ਕਰਨਾ ਚਾਹੀਦਾ ਹੈ। -ਪੀਟੀਆਈ

ਇਮਰਾਨ ਦੇ ਨੇੜਲੇ ਸਾਥੀ ਦੇ ਟਿਕਾਣੇ 'ਤੇ ਛਾਪੇ

ਲਾਹੌਰ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਦੇ ਕੁਝ ਘੰਟਿਆਂ ਅੰਦਰ ਹੀ ਉਨ੍ਹਾਂ ਦੇ ਨੇੜਲੇ ਸਾਥੀ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ ਤੇ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਏ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਡਿਜੀਟਲ ਮੀਡੀਆ ਟੀਮ ਵਿੱਚ 2019 ਤੋਂ ਫੋਕਲ ਪਰਸਨ ਵਜੋਂ ਕੰਮ ਕਰਦੇ ਡਾ. ਅਰਸਲਾਨ ਖ਼ਾਲਿਦ ਦੇ ਘਰ 'ਤੇ ਛਾਪੇ ਮਾਰੇ ਗਏ ਤੇ ਉਨ੍ਹਾਂ ਪਰਿਵਾਰਕ ਜੀਆਂ ਦੇ ਸਾਰੇ ਫੋਨ ਕਬਜ਼ੇ ਵਿੱਚ ਲੈ ਲੲੇ।'' ਇਕ ਹੋਰ ਟਵੀਟ ਵਿੱਚ ਪਾਰਟੀ ਨੇ ਕਿਹਾ, ''ਉਨ੍ਹਾਂ (ਖ਼ਾਲਿਦ) ਕਦੇ ਵੀ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ ਤੇ ਨਾ ਹੀ ਕਿਸੇ ਸੰਸਥਾ ਨੂੰ ਨਿਸ਼ਾਨਾ ਬਣਾਇਆ ਹੈ।'' ਪਾਰਟੀ ਨੇ ਸੰਘੀ ਜਾਂਚ ਏਜੰਸੀ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਖ਼ਾਲਿਦ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਤੋਂ ਗਰੈਜੂੲੇਟ ਤੇ ਉਦਯੋਗਪਤੀ ਹੈ।

ਸੰਘੀ ਜਾਂਚ ਏਜੰਸੀ ਦਾ ਤਫ਼ਤੀਸ਼ੀ ਅਧਿਕਾਰੀ ਛੁੱਟੀ 'ਤੇ ਗਿਆ

ਲਾਹੌਰ: ਪਾਕਿਸਤਾਨ ਦੀ ਸਿਖਰਲੀ ਤਫ਼ਤੀਸ਼ੀ ੲੇਜੰਸੀ ਦਾ ਅਧਿਕਾਰੀ ਮੁਹੰਮਦ ਰਿਜ਼ਵਾਨ, ਜੋ ਮੁਲਕ ਦੀ ਸਾਂਝੀ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਖਿਲਾਫ਼ 14 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਕਰ ਰਿਹਾ ਸੀ, ਭਲਕੇ 11 ਅਪਰੈਲ ਤੋਂ ਅਣਮਿੱਥੀ ਛੁੱਟੀ 'ਤੇ ਚਲਾ ਗਿਆ ਹੈ। ਰਿਜ਼ਵਾਨ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ, ਜਦੋਂ ਸ਼ਾਹਬਾਜ਼ ਤੇ ਉਸ ਦੇ ਪੁੱਤਰ ਹਮਜ਼ਾ ਨੇ ਸੋਮਵਾਰ ਨੂੰ ਵਿਸ਼ੇਸ਼ ਕੋਰਟ ਵਿੱਚ ਪੇਸ਼ ਹੋਣਾ ਹੈ ਤੇ ਸਰਕਾਰੀ ਧਿਰ ਵੱਲੋਂ ਉਨ੍ਹਾਂ ਉੱਤੇ ਦੋਸ਼ ਲਾੲੇ ਜਾਣੇ ਹਨ। ਐੱਫਆਈਏ ਦੀ ਵਿਸ਼ੇਸ਼ ਕੋਰਟ ਨੇ ਪਿਛਲੇ ਹਫ਼ਤੇ ਸ਼ਾਹਬਾਜ਼ ਤੇ ਹਮਜ਼ਾ ਨੂੰ ਸੰਮਨ ਜਾਰੀ ਕਰਕੇ 11 ਅਪਰੈਲ ਨੂੰ ਪੇਸ਼ ਹੋਣ ਲਈ ਕਿਹਾ ਸੀ। ਸੰਸਦ ਵਿੱਚ ਭਲਕੇ ਕੌਮੀ ਅਸੈਂਬਲੀ ਦੇ ਆਗੂ ਦੀ ਚੋਣ ਦੇ ਮੱਦੇਨਜ਼ਰ ਸ਼ਰੀਫ਼ ਵੱਲੋਂ ਪੇਸ਼ੀ ਤੋਂ ਛੋਟ ਮੰਗੀ ਜਾ ਸਕਦੀ ਹੈ। -ਪੀਟੀਆਈ

ਸ਼ਾਹਬਾਜ਼ ਨੇ ਚੋਣ ਲੜੀ ਤਾਂ ਪੀਟੀਆਈ ਸੰਸਦ ਮੈਂਬਰ ਅਸਤੀਫ਼ੇ ਦੇਣਗੇ: ਚੌਧਰੀ

ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਅੱਜ ਐਲਾਨ ਕੀਤਾ ਕਿ ਜੇਕਰ ਵਿਰੋਧੀ ਧਿਰ ਦੇ ਉਮੀਦਵਾਰ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੀ ਚੋਣ ਲੜੀ ਤਾਂ ਉਨ੍ਹਾਂ ਦੇ ਕਾਨੂੰਨਸਾਜ਼ (ਸੰਸਦ ਮੈਂਬਰ) ਅਸਤੀਫ਼ੇ ਦੇਣਗੇ। ਸੀਨੀਅਰ ਪਾਰਟੀ ਆਗੂ ਤੇ ਸਾਬਕਾ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਹ ਐਲਾਨ ਅੱਜ ਇਥੇ ਇਮਰਾਨ ਖ਼ਾਨ ਦੀ ਅਗਵਾਈ ਵਿੱਚ ਪੀਟੀਆਈ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਚੌਧਰੀ ਨੇ ਦੱਸਿਆ ਮੀਟਿੰਗ ਵਿੱਚ ਲਏ ਫੈਸਲੇ ਮੁਤਾਬਕ 'ਜੇਕਰ ਸ਼ਾਹਬਾਜ਼ ਸ਼ਰੀਫ਼ ਦੇ ਨਾਮਜ਼ਦਗੀ ਪੱਤਰਾਂ ਨਾਲ ਜੁੜੇ ਸਾਡੇ ਇਤਰਾਜ਼ਾਂ ਨੂੰ ਮੁਖਾਤਿਬ ਨਾ ਹੋਇਆ ਗਿਆ ਤਾਂ ਅਸੀਂ ਭਲਕੇ ਅਸਤੀਫ਼ੇ ਦੇਵਾਂਗੇ।'' ਚੌਧਰੀ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਮੈਦਾਨ ਵਿੱਚ ਉਤਾਰਨ ਦੀ ਗੱਲ ਕਰਦਿਆਂ ਕਿਹਾ ਕਿ ਸ਼ਾਹਬਾਜ਼ ਠੀਕ ਉਸ ਦਿਨ ਪ੍ਰਧਾਨ ਮੰਤਰੀ ਦੀ ਚੋਣ ਲੜੇਗਾ, ਜਿਸ ਦਿਨ ਉਸ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ। ਚੌਧਰੀ ਨੇ ਕਿਹਾ, ''ਪਾਕਿਸਤਾਨ ਲਈ ਇਸ ਤੋਂ ਵੱਧ ਅਪਮਾਨਜਨਕ ਹੋਰ ਕੀ ਹੋ ਸਕਦਾ ਹੈ ਕਿ ਵਿਦੇਸ਼ੀ ਤਾਕਤਾਂ ਵੱਲੋਂ ਚੁਣੀ ਹੋਈ ਸਰਕਾਰ ਇਸ 'ਤੇ ਥੋਪੀ ਜਾ ਰਹੀ ਹੈ ਤੇ ਸ਼ਾਹਬਾਜ਼ ਜਿਹੇ ਵਿਅਕਤੀ ਨੂੰ ਇਸ ਦਾ ਮੁਖੀ ਬਣਾਇਆ ਜਾ ਰਿਹੈ।'' ਦੱਸ ਦੇਈਏ ਕਿ ਸੰਘੀ ਜਾਂਚ ਏਜੰਸੀ ਦੀ ਵਿਸ਼ੇਸ਼ ਕੋਰਟ ਨੇ ਸ਼ਾਹਬਾਜ਼ ਤੇ ਉਸ ਦੇ ਪੁੱਤਰ ਹਮਜ਼ਾ ਨੂੰ 14 ਅਰਬ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ 11 ਅਪਰੈਲ ਨੂੰ ਅਪਰਾਧੀ ਠਹਿਰਾਉਣ ਦਾ ਐਲਾਨ ਕੀਤਾ ਹੋਇਆ ਹੈ। ਚੌਧਰੀ ਨੇ ਬੇਭਰੋਸਗੀ ਮਤੇ ਨੂੰ ਸਾਜ਼ਿਸ਼ ਦੱਸਦੇ ਹੋਏ ਕਿਹਾ, ''ਅਸੀਂ ਮੰਨਦੇ ਹਾਂ ਕਿ ਇਹ ਪਾਕਿਸਤਾਨ ਦੇ ਲੋਕਾਂ ਦੇ ਮੂੰਹ 'ਤੇ ਚਪੇੜ ਹੈ। ਪੂਰਾ ਮੁਲਕ ਇਮਰਾਨ ਖ਼ਾਨ ਲੀਡਰਸ਼ਿਪ ਤੇ ਪੀਟੀਆਈ ਤੋਂ ਉਮੀਦ ਕਰਦਾ ਹੈ ਕਿ ਉਹ ਇਸ ਵਿਦੇਸ਼ ਸਾਜ਼ਿਸ਼ ਦੇ ਵਿਰੋਧ 'ਚ ਸੜਕਾਂ 'ਤੇ ਉਤਰਨਗੇ।'' ਉਧਰ ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੱਤਾ 'ਚੋਂ ਬਾਹਰ ਕੀਤੇ ਜਾਣ ਮਗਰੋਂ ਪਾਕਿਸਤਾਨ ਦਾ 'ਆਜ਼ਾਦੀ ਸੰਘਰਸ਼' ਮੁੜ ਸ਼ੁਰੂ ਹੋ ਗਿਆ ਹੈ। ਖ਼ਾਨ ਨੇ ਟਵੀਟ ਕੀਤਾ ਕਿ ਮੁਲਕ 1947 ਵਿੱਚ ਆਜ਼ਾਦ ਹੋਇਆ ਸੀ, ਪਰ ਸਰਕਾਰ ਤਬਦੀਲੀ ਪਿੱਛੇ ਵਿਦੇਸ਼ੀ ਸਾਜ਼ਿਸ਼ ਖਿਲਾਫ਼ ਆਜ਼ਾਦੀ ਲਈ ਸੰਘਰਸ਼ ਅੱਜ ਤੋਂ ਮੁੜ ਸ਼ੁਰੂ ਹੋ ਗਿਆ ਹੈ। -ਪੀਟੀਆਈ

ਇਮਰਾਨ ਤੇ ਸਾਥੀ ਮੰਤਰੀਆਂ ਨੂੰ 'ਵਿਦੇਸ਼ ਭੱਜਣ' ਤੋਂ ਰੋਕਣ ਲਈ ਹਾਈ ਕੋਰਟ 'ਚ ਦਸਤਕ

ਇਸਲਾਮਾਬਾਦ: ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਮੰਤਰੀਆਂ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਣ ਲਈ ਇਕ ਪਟੀਸ਼ਨ ਇਸਲਾਮਾਬਾਦ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਗਈ ਹੈ, ਜਿਸ ਉੱਤੇ ਭਲਕੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਮੌਲਵੀ ਇਕਬਾਲ ਹੈਦਰ ਵੱਲੋਂ ਦਾਇਰ ਪਟੀਸ਼ਨ ਵਿੱਚ ਇਮਰਾਨ ਤੇ ਸਾਥੀ ਮੰਤਰੀਆਂ ਦੇ ਨਾਂ ਐਗਜ਼ਿਟ ਕੰਟਰੋਲ ਸੂਚੀ (ਈਸੀਐੱਲ) ਵਿੱਚ ਪਾਉਣ ਦੀ ਮੰਗ ਕੀਤੀ ਗਈ ਹੈ। ਹੈਦਰ ਨੇ ਪਟੀਸ਼ਨ ਵਿੱਚ ਕਥਿਤ 'ਧਮਕੀ ਪੱਤਰ' ਦੀ ਜਾਂਚ ਦੇ ਨਾਲ ਖ਼ਾਨ ਅਤੇ ਹੋਰਨਾਂ ਮੰਤਰੀਆਂ ਖਿਲਾਫ਼ ਤਫ਼ਤੀਸ਼ ਵੀ ਮੰਗੀ ਹੈ। ਹੈਦਰ ਨੇ ਹਾਈ ਕੋਰਟ ਨੂੰ ਗੁਜ਼ਾਰਿਸ਼ ਕੀਤੀ ਕਿ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਤੇ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਅਸਦ ਮਜੀਦ, ਖ਼ਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਦਾ ਨਾਂ ਵੀ ਈਸੀਐੱਲ ਵਿੱਚ ਸ਼ਾਮਲ ਕੀਤੇ ਜਾਣ। -ਪੀਟੀਆਈ



Most Read

2024-09-20 13:53:36