World >> The Tribune


ਰੋਸ ਮੁਜ਼ਾਹਰਿਆਂ ਕਾਰਨ ਰਾਸ਼ਟਰਪਤੀ ’ਤੇ ਅਸਤੀਫੇ ਲਈ ਦਬਾਅ ਵਧਿਆ


Link [2022-04-11 08:14:02]



ਕੋਲੰਬੋ, 10 ਅਪਰੈਲ

ਸ੍ਰੀਲੰਕਾ 'ਚ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਸਰਕਾਰ ਵਿਰੋਧੀ ਰੋਸ ਮੁਜ਼ਾਹਰਿਆਂ ਤਹਿਤ 'ਗਾਲੇ ਫੇਸ ਗਰੀਨ' ਪਾਰਕ ਵਿੱਚ ਇਕੱਠੇ ਹੋਏ 10 ਹਜ਼ਾਰ ਤੋਂ ਵੱਧ ਦੀ ਗਿਣਤੀ 'ਚ ਲੋਕਾਂ ਨੇ ਰਾਤ ਭਰ ਰੋਸ ਮੁਜ਼ਾਹਰੇ ਕੀਤੇ। ਬਰਤਾਨੀਆ ਤੋਂ 1948 'ਚ ਆਜ਼ਾਦੀ ਹਾਸਲ ਕਰਨ ਮਗਰੋਂ ਸ੍ਰੀਲੰਕਾ ਸਭ ਤੋਂ ਖਰਾਬ ਵਿੱਤੀ ਸੰਕਟ 'ਚੋਂ ਲੰਘ ਰਿਹਾ ਹੈ। ਦੇਸ਼ ਦੇ ਲੋਕ ਕਈ ਘੰਟਿਆਂ ਦੀ ਬਿਜਲੀ ਕਟੌਤੀ ਅਤੇ ਗੈਸ, ਖੁਰਾਕੀ ਤੇ ਹੋਰ ਜ਼ਰੂਰੀ ਵਸਤਾਂ ਦੀ ਘਾਟ ਖ਼ਿਲਾਫ਼ ਕਈ ਹਫ਼ਤਿਆਂ ਤੋਂ ਰੋਸ ਮੁਜ਼ਾਹਰੇ ਕਰ ਰਹੇ ਹਨ।

ਬੀਤੇ ਦਿਨ ਸਵੇਰ ਤੋਂ ਹੀ ਲੋਕ ਗਾਲੇ ਫੇਸ ਪਾਰਕ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਤੇ ਸ਼ਾਮ ਤੱਕ ਪੂਰਾ ਰਾਹ ਮੁਜ਼ਾਹਰਾਕਾਰੀਆਂ ਨਾਲ ਭਰ ਗਿਆ ਤੇ ਆਵਾਜਾਈ ਰੁੱਕ ਗਈ। ਇੱਕ ਪ੍ਰਦਰਸ਼ਨਕਾਰੀ ਨੇ ਅੱਜ ਸਵੇਰੇ ਛੇ ਵਜੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ, 'ਅਸੀਂ ਅਜੇ ਵੀ ਇੱਥੇ ਹਾਂ।' ਪ੍ਰਤੱਖਦਰਸ਼ੀਆਂ ਅਨੁਸਾਰ ਮੁਜ਼ਾਹਰਾਕਾਰੀਆਂ ਦੇ ਇੱਕ ਵਰਗ ਨੇ ਰਾਤ ਭਰ ਇੱਥੇ ਰੋਸ ਮੁਜ਼ਾਹਰਾ ਕੀਤਾ ਹੈ। ਉਹ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਸਰਕਾਰ ਵਿਰੋਧੀ ਨਾਅਰੇ ਲਾ ਰਹੇ ਸਨ। ਇੱਕ ਪ੍ਰਦਰਸ਼ਨਕਾਰੀ ਨੇ ਪੱਤਰਕਾਰਾਂ ਨੂੰ ਕਿਹਾ, 'ਇਹ ਮਜ਼ਾਕ ਨਹੀਂ ਹੈ। ਅਸੀਂ ਇੱਥੇ ਇਸ ਲਈ ਹਾਂ ਕਿਉਂਕਿ ਸਾਡੇ ਕੋਲ ਬਿਜਲੀ, ਪੈਟਰੋਲ ਤੇ ਦਵਾਈਆਂ ਨਹੀਂ ਹਨ।' ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, 'ਉਨ੍ਹਾਂ ਨੂੰ ਜਾਣਾ ਚਾਹੀਦਾ ਹੈ। ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਹੈ।' ਜ਼ਿਕਰਯੋਗ ਹੈ ਕਿ ਸਰਕਾਰ ਦਾ ਵਿੱਤੀ ਸਹਾਇਤਾ ਲਈ 11 ਅਪਰੈਲ ਨੂੰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਨਾਲ ਗੱਲਬਾਤ ਦਾ ਪ੍ਰੋਗਰਾਮ ਹੈ। -ਪੀਟੀਆਈ

ਵਿਰੋਧੀ ਧਿਰ ਦੀ ਹਮਾਇਤ ਕਰਾਂਗੇ: ਟੀਐੱਨਏ

ਕੋਲੰਬੋ: ਸ੍ਰੀਲੰਕਾ ਦੀ ਪ੍ਰਮੁੱਖ ਤਾਮਿਲ ਪਾਰਟੀ 'ਤਾਮਿਲ ਕੌਮੀ ਗੱਠਜੋੜ' (ਟੀਐੱਨਏ) ਨੇ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਵਿਰੋਧੀ ਧਿਰ ਦੀ ਹਮਾਇਤ ਕਰਨ ਲਈ ਤਿਆਰ ਹਨ। ਟੀਐੱਨਏ ਦੇ ਬੁਲਾਰੇ ਐੱਮਏ ਸੁਮੰਥੀਰਨ ਨੇ ਕਿਹਾ, 'ਅਸੀਂ ਬੇਭਰੋਸਗੀ ਮਤਾ ਲਿਆਉਣ ਅਤੇ ਰਾਸ਼ਟਰਪਤੀ ਖ਼ਿਲਾਫ਼ ਮਹਾ ਦੋਸ਼ ਦਾ ਕੇਸ ਚਲਾਉਣ ਸਬੰਧੀ ਵਿਰੋਧੀ ਧਿਰ ਦੇ ਕਦਮਾਂ ਦੀ ਹਮਾਇਤ ਕਰਾਂਗੇ। ਸਰਕਾਰ ਨੂੰ ਰਾਜਪਕਸੇ ਪਰਿਵਾਰ ਦੇ ਮੈਂਬਰਾਂ ਨੂੰ ਸੱਤਾ 'ਚੋਂ ਹਟਾਏ ਜਾਣ ਸਬੰਧੀ ਲੋਕਾਂ ਦੀ ਮੰਗ ਸਮਝਣੀ ਚਾਹੀਦੀ ਹੈ।' -ਪੀਟੀਆਈ



Most Read

2024-09-20 13:31:55