Breaking News >> News >> The Tribune


ਨੀਤੀ ਆਯੋਗ ਦੇ ਮੈਂਬਰ ਵੱਲੋਂ ਖੇਤੀ ਕਾਨੂੰਨਾਂ ਦੀ ਵਕਾਲਤ


Link [2022-04-11 07:14:31]



ਨਵੀਂ ਦਿੱਲੀ, 10 ਅਪਰੈਲ

ਖੇਤੀ ਖੇਤਰ 'ਚ ਸੁਧਾਰਾਂ ਨੂੰ ਅਹਿਮ ਦਸਦਿਆਂ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਅੱਜ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨਾ ਕਿਸਾਨਾਂ ਨੂੰ ਵੱਧ ਮੁੱਲ ਦਿਵਾਉਣ ਦੀਆਂ ਕੋਸ਼ਿਸ਼ਾਂ ਲਈ ਇਕ ਝਟਕਾ ਹੈ। ਉਨ੍ਹਾਂ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ 'ਚ ਮਦਦਗਾਰ ਹੋ ਸਕਦੇ ਸਨ। ਉਨ੍ਹਾਂ ਕਿਹਾ ਕੁਝ ਲੋਕਾਂ ਨੇ ਨੀਤੀ ਆਯੋਗ ਤੋਂ ਸੁਧਾਰਾਂ ਨੂੰ ਅਮਲ 'ਚ ਲਿਆਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਖੇਤੀ ਸੁਧਾਰ ਪ੍ਰਕਿਰਿਆ ਨੂੰ ਬਹਾਲ ਕਰਨ ਲਈ ਰਾਜਾਂ ਨਾਲ ਨਵੇਂ ਸਿਰੇ ਤੋਂ ਵਿਚਾਰ-ਚਰਚਾ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਨੀਤੀ ਆਯੋਗ 'ਚ ਖੇਤੀ ਨੀਤੀਆਂ ਦੇਖਣ ਵਾਲੇ ਰਮੇਸ਼ ਚੰਦ ਨੇ ਕਿਹਾ, 'ਖੇਤੀ ਖੇਤਰ 'ਚ ਸੁਧਾਰ ਮਹੱਤਵਪੂਰਨ ਹਨ। ਕੁਝ ਕਿਸਾਨ ਇਨ੍ਹਾਂ (ਤਿੰਨ ਖੇਤੀ ਕਾਨੂੰਨ) ਦਾ ਵਿਰੋਧ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਰਾਜਾਂ ਨਾਲ ਨਵੇਂ ਸਿਰੇ ਤੋਂ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ।' ਉਨ੍ਹਾਂ ਕਿਹਾ, 'ਲੋਕ ਸਾਡੇ ਕੋਲ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਸੁਧਾਰਾਂ ਦੀ ਲੋੜ ਹੈ ਪਰ ਇਹ ਕਿਸ ਤਰ੍ਹਾਂ, ਕਿਸ ਰੂਪ, ਕਿਸ ਆਕਾਰ 'ਚ ਹੋਣੇ ਚਾਹੀਦੇ ਹਨ, ਇਸ ਬਾਰੇ ਸਾਨੂੰ ਕੁਝ ਸਮਾਂ ਉਡੀਕ ਕਰਨੀ ਚਾਹੀਦੀ ਹੈ।'

ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਬਿਨਾਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨੀ ਸੰਭਵ ਹੈ? ਇਸ 'ਤੇ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇ ਇਸ ਲਈ ਸੁਧਾਰ ਜ਼ਰੂਰੀ ਹਨ। ਉਨ੍ਹਾਂ ਕਿਹਾ, 'ਜੇਕਰ ਸੁਧਾਰ ਨਹੀਂ ਹੋ ਰਹੇ ਤਾਂ ਯਕੀਨੀ ਤੌਰ 'ਤੇ ਇਹ ਇਨ੍ਹਾਂ ਕੋਸ਼ਿਸ਼ਾਂ ਲਈ ਝਟਕਾ ਹੈ।' ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵੱਡੇ ਪੱਧਰ 'ਤੇ ਵਿਰੋਧ ਹੋਇਆ ਸੀ ਜਿਸ ਮਗਰੋਂ 1 ਦਸੰਬਰ 2021 ਨੂੰ ਇਹ ਕਾਨੂੰਨ ਰੱਦ ਕਰਨ ਲਈ ਸਰਕਾਰ ਵੱਲੋਂ ਸੰਸਦ 'ਚ ਇੱਕ ਬਿੱਲ ਲਿਆਂਦਾ ਗਿਆ ਸੀ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿੱਤੀ ਵਰ੍ਹੇ 2021-22 'ਚ ਖੇਤੀ ਖੇਤਰ 'ਚ ਵਾਧਾ ਕਰੀਬ ਤਿੰਨ ਫੀਸਦ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਮੌਨਸੂਨ ਤੇ ਹੋਰ ਹਾਲਾਤ ਸੁਖਾਵੇਂ ਰਹੇ ਤਾਂ ਚਾਲੂ ਵਿੱਤੀ ਵਰ੍ਹੇ 2022-23 'ਚ ਖੇਤੀ ਖੇਤਰ 'ਚ ਵਿਕਾਸ ਤੇ ਸੁਧਾਰ ਹੋਵੇਗਾ।

ਵਧਦੀ ਮਹਿੰਗਾਈ ਨੂੰ ਲੈ ਕੇ ਸਰਕਾਰ ਫਿਕਰਮੰਦ: ਚੰਦ

ਉੱਚ ਮਹਿੰਗਾਈ ਦਰ ਬਾਰੇ ਉਨ੍ਹਾਂ ਕਿਹਾ ਕਿ ਇਹ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸੇ ਚੀਜ਼ ਦੀ ਘਾਟ ਕਾਰਨ ਜੇਕਰ ਮਹਿੰਗਾਈ ਵਧ ਰਹੀ ਹੈ ਤਾਂ ਸਰਕਾਰ ਵੱਖ ਵੱਖ ਉਪਾਅ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਦਾਲਾਂ ਤੇ ਖਾਣ ਵਾਲੇ ਤੇਲ ਦੀ ਦਰਾਮਦ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ, 'ਜਿੱਥੇ ਤੱਕ ਸਬਜ਼ੀਆਂ ਦੀਆਂ ਕੀਮਤਾਂ ਵਧਣ ਦਾ ਸਵਾਲ ਹੈ ਤਾਂ ਇਸ ਦੀ ਵਜ੍ਹਾ ਮੌਸਮੀ ਹੈ। ਇਸ ਦੀ ਕਾਫੀ ਅਹਿਮ ਭੂਮਿਕਾ ਹੁੰਦੀ ਹੈ। ਸਬਜ਼ੀਆਂ ਦੀ ਦਰਾਮਦ ਦੀ ਸੰਭਾਵਨਾ ਨਹੀਂ ਹੁੰਦੀ।' ਉਨ੍ਹਾਂ ਘਰੇਲੂ ਬਾਜ਼ਾਰ 'ਚ ਵੱਖ ਵੱਖ ਜਿਣਸਾਂ ਦੀਆਂ ਵਧਦੀਆਂ ਕੀਮਤਾਂ ਦੇ ਆਲਮੀ ਕਾਰਨਾਂ ਬਾਰੇ ਕਿਹਾ, 'ਜਦੋਂ ਖਾਦਾਂ ਦੇ ਭਾਅ ਵਧ ਰਹੇ ਹਨ, ਡੀਜ਼ਲ ਦੀ ਕੀਮਤ ਵਧ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਢੋਆ-ਢੁਆਈ ਦੀ ਲਾਗਤ ਵੀ ਵਧੇਗੀ ਤੇ ਉਤਪਾਦਨ ਦੀ ਲਾਗਤ ਵੀ ਵਧੇਗੀ।' ਉਨ੍ਹਾਂ ਕਿਹਾ ਕਿ ਸਰਕਾਰ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।

ਕਿਸਾਨਾਂ ਦੇ ਸਮਰੱਥ ਬਣਨ ਨਾਲ ਨਵਾਂ ਖੁਸ਼ਹਾਲ ਭਾਰਤ ਬਣੇਗਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਗੱਲ ਕਰਦਿਆਂ ਕਿਹਾ ਕਿ ਦੇਸ਼ ਦਾ ਕਿਸਾਨ ਜਿੰਨਾ ਸਮਰੱਥ ਬਣੇਗਾ, ਨਵਾਂ ਭਾਰਤ ਓਨਾ ਹੀ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਯੋਜਨਾਵਾਂ ਕਰੋੜਾਂ ਕਿਸਾਨਾਂ ਨੂੰ ਨਵੀਂ ਤਾਕਤ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ''ਸਾਡੇ ਕਿਸਾਨ ਭੈਣ-ਭਰਾਵਾਂ 'ਤੇ ਦੇਸ਼ ਨੂੰ ਮਾਣ ਹੈ। ਇਹ ਜਿੰਨੇ ਮਜ਼ਬੂਤ ਹੋਣਗੇ, ਨਵਾਂ ਭਾਰਤ ਵੀ ਓਨਾ ਹੀ ਖੁਸ਼ਹਾਲ ਹੋਵੇਗਾ। ਮੈਨੂੰ ਖ਼ੁਸ਼ੀ ਹੈ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਅਤੇ ਖੇਤੀ ਨਾਲ ਸਬੰਧਤ ਹੋਰ ਯੋਜਨਾਵਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਨਵੀਂ ਤਾਕਤ ਦੇ ਰਹੀਆਂ ਹਨ।'' ਇਸ ਟਵੀਟ ਦੇ ਨਾਲ ਉਨ੍ਹਾਂ ਕੁਝ ਅੰਕੜੇ ਵੀ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਤਹਿਤ 11.3 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਹੁਣ ਤੱਕ 1.82 ਲੱਖ ਕਰੋੜ ਰੁਪਏ ਪਾਏ ਗਏ ਹਨ। -ਪੀਟੀਆਈ



Most Read

2024-09-21 06:08:34