Breaking News >> News >> The Tribune


ਕਰੋਨਾ ਵਾਇਰਸ ਖ਼ਤਮ ਨਹੀਂ ਹੋਇਆ: ਮੋਦੀ


Link [2022-04-11 07:14:31]



ਅਹਿਮਦਾਬਾਦ, 10 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਖ਼ਤਮ ਨਹੀਂ ਹੋਇਆ ਅਤੇ ਇਹ ਰੂਪ ਬਦਲ ਕੇ ਵਾਰ-ਵਾਰ ਸਾਹਮਣੇ ਆ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਵਿਆਪੀ ਕਰੋਨਾ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਕਿ 'ਬਹਿਰੁੂਪੀਆ' ਕੋਵਿਡ-19 ਮੁੜ ਕਦੋਂ ਸਾਹਮਣੇ ਆ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਫ਼ੈਲਣ ਤੋਂ ਰੋਕਣ ਲਈ ਟੀਕਿਆਂ ਦੀਆਂ ਕਰੀਬ 185 ਕਰੋੜ ਖ਼ੁਰਾਕਾਂ ਦੇਣ ਦਾ ਕੰਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਮਾਂ ਉਮਿਆ ਧਾਮ ਦੇ ਇੱਕ ਸਮਾਰੋਹ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, ''ਕਰੋਨਾ ਵਾਇਰਸ ਇੱਕ ਵੱਡਾ ਸੰਕਟ ਸੀ ਅਤੇ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਸੰਕਟ ਖ਼ਤਮ ਹੋ ਗਿਆ। ਭਾਵੇਂ ਇਹ ਕੁਝ ਸਮੇਂ ਲਈ ਰੁਕ ਗਿਆ ਹੈ ਪਰ ਸਾਨੂੰ ਨਹੀਂ ਪਤਾ ਕਿ ਇਹ ਮੁੜ ਕਦੋਂ ਸਾਹਮਣੇ ਆ ਜਾਵੇਗਾ।'' ਉਨ੍ਹਾਂ ਲੋਕਾਂ ਨੂੰ ਧਰਤੀ ਮਾਂ ਦੀ ਸੰਭਾਲ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਨਾ ਕਰਕੇ ਕੁਦਰਤੀ ਖੇਤੀ ਦੇ ਤਰੀਕੇ ਅਪਣਾਉਣ ਲਈ ਪ੍ਰੇਰਿਆ। -ਪੀਟੀਆਈ

ਦੇਸ਼ ਵਿੱਚ ਕਰੋਨਾ ਦੇ 1054 ਨਵੇਂ ਕੇਸ, 29 ਮੌਤਾਂ

ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਕਰੋਨਾ ਦੇ 1054 ਨਵੇਂ ਕੇਸ ਆਉਣ ਕਾਰਨ ਪੀੜਤ ਮਰੀਜ਼ਾਂ ਦੀ ਗਿਣਤੀ 4,30,35,271 ਤੱਕ ਪੁੱਜ ਗਈ ਹੈ, ਜਦੋਂ ਕਿ ਮਹਾਮਾਰੀ ਕਾਰਨ 29 ਹੋਰ ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 5,21,685 ਹੋ ਗਈ ਹੈ। -ਪੀਟੀਆਈ



Most Read

2024-09-21 06:05:50