Breaking News >> News >> The Tribune


ਅਸਾਮ ਸਾਹਿਤ ਸਭਾ ਵੱਲੋਂ ਹਿੰਦੀ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਵਿਰੋਧ


Link [2022-04-11 07:14:31]



ਗੁਹਾਟੀ, 10 ਅਪਰੈਲ

ਪ੍ਰਭਾਵਸ਼ਾਲੀ ਸਾਹਿਤ ਸੰਸਥਾ ਅਸਾਮ ਸਾਹਿਤ ਸਭਾ (ਏਐੱਸਐੱਸ) ਨੇ ਹਿੰਦੀ ਨੂੰ ਉਤਰੀ-ਪੂਰਬੀ ਸੂਬਿਆਂ ਵਿੱਚ ਦਸਵੀਂ ਕਲਾਸ ਤੱਕ ਲਾਜ਼ਮੀ ਵਿਸ਼ਾ ਬਣਾਉਣ ਦੇ ਕਦਮ ਦੀ ਆਲੋਚਨਾ ਕੀਤੀ ਹੈ ਅਤੇ ਸਰਕਾਰ ਨੂੰ ਸਥਾਨਕ ਭਾਸ਼ਾਵਾਂ ਦੀ ਸੁਰੱਖਿਆ ਅਤੇ ਪ੍ਰਸਾਰ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ।

ਸਾਹਿਤ ਸਭਾ ਦੇ ਜਨਰਲ ਸਕੱਤਰ ਜਾਦਵ ਚੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਹਿੰਦੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਂਦਾ ਹੈ ਤਾਂ ਸਥਾਨਕ ਭਾਸ਼ਾਵਾਂ ਅਤੇ ਅਸਾਮੀ ਦਾ ਸੰਪਰਕ ਭਾਸ਼ਾ ਵਜੋਂ ਭਵਿੱਖ ਖ਼ਤਰੇ ਵਿੱਚ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭਾ ਅਸਾਮੀ ਭਾਸ਼ਾ ਨੂੰ ਸੀਬੀਐੱਸਈ ਅਤੇ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਸ਼ਾਮਲ ਕਰਨ ਲਈ ਸੂਬਾ ਸਰਕਾਰ 'ਤੇ ਦਬਾਅ ਬਣਾ ਰਹੀ ਹੈ, ਪਰ ਇਸ ਸਬੰਧੀ ਹੁਣ ਤੱਕ ਕੋਈ ਪ੍ਰਗਤੀ ਨਹੀਂ ਹੋਈ। ਅਸਾਮ ਦੀਆਂ ਵਿਰੋਧੀ ਧਿਰਾਂ ਨੇ ਵੀ ਕੇਂਦਰ ਦੇ ਇਸ ਐਲਾਨ ਦੀ ਆਲੋਚਨਾ ਕੀਤੀ ਹੈ ਕਿ ਸਾਰੇ ਅੱਠ ਉਤਰੀ-ਪੂਰਬੀ ਸੂਬਿਆਂ ਨੇ ਦਸਵੀਂ ਕਲਾਸ ਤੱਕ ਹਿੰਦੀ ਨੂੰ ਲਾਜ਼ਮੀ ਵਿਸ਼ਾ ਬਣਾਉਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ 'ਸਭਿਆਚਾਰਕ ਸਾਮਰਾਜਵਾਦ ਵੱਲ ਇੱਕ ਕਦਮ' ਕਰਾਰ ਦਿੱਤਾ ਹੈ। -ਪੀਟੀਆਈ

ਡੀਐੱਮਕੇ ਵੱਲੋਂ ਹਿੰਦੀ ਨੂੰ ਲਾਜ਼ਮੀ ਵਿਸ਼ਾ ਬਣਾਉਣ ਦਾ ਵਿਰੋਧ

ਚੇਨੱਈ: ਸੱਤਾਧਾਰੀ ਪਾਰਟੀ ਡੀਐੱਮਕੇ ਨੇ ਕੇਂਦਰ ਨੂੰ ਹਿੰਦੀ ਲਾਗੂ ਕਰਨ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਤਾਮਿਲ ਲੋਕਾਂ ਨੂੰ ਪਾਰਟੀ ਦੇ ਮਰਹੂਮ ਆਗੂ ਐੱਮ. ਕਰੁਣਾਨਿਧੀ ਵੱਲੋਂ ਹਿੰਦੀ ਭਾਸ਼ਾ ਖ਼ਿਲਾਫ਼ ਕੀਤਾ ਗਿਆ ਅੰਦੋਲਨ ਅਜੇ ਵੀ ਯਾਦ ਹੈ। ਇਸ ਲਈ ਉਹ ਹੁਣ ਵੀ ਹਿੰਦੀ ਨੂੰ ਲਾਜ਼ਮੀ ਭਾਸ਼ਾ ਵਜੋਂ ਲਾਗੂ ਨਹੀਂ ਹੋਣ ਦੇਣਗੇ। ਸੱਤਾਧਾਰੀ ਪਾਰਟੀ ਦੇ ਮੁੱਖ ਪੱਤਰ 'ਮੁਰਾਸੋਲੀ' ਨੇ ਅੱਜ ਆਪਣੇ ਅੰਕ ਵਿੱਚ ਲੋਕਾਂ 'ਤੇ ਹਿੰਦੀ ਥੋਪਣ ਖ਼ਿਲਾਫ਼ ਕਰੁਣਾਨਿਧੀ (1924-2018) ਦਾ ਮਸ਼ਹੂਰ ਨਾਅਰਾ ਦਿੱਤਾ ਅਤੇ ਇਸ ਲੇਖ ਨੂੰ 'ਕੇਂਦਰ ਸਰਕਾਰ ਨੂੰ ਚਿਤਾਵਨੀ' ਸਿਰਲੇਖ ਹੇਠ ਛਾਪਿਆ। ਇਸ ਵਿੱਚ ਤਾਮਿਲ ਲੋਕਾਂ ਨੂੰ ਹਿੰਦੀ ਥੋਪੇ ਜਾਣ ਦਾ ਸਖ਼ਤ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ। -ਪੀਟੀਆਈ



Most Read

2024-09-21 06:16:49