Breaking News >> News >> The Tribune


ਜੰਮੂ-ਕਸ਼ਮੀਰ: ਮੁਕਾਬਲੇ ’ਚ ਲਸ਼ਕਰ ਦੇ ਦੋ ਦਹਿਸ਼ਤਗਰਦ ਹਲਾਕ


Link [2022-04-11 07:14:31]



ਸ੍ਰੀਨਗਰ, 10 ਅਪਰੈਲ

ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਜ ਲਸ਼ਕਰ-ਏ-ਤੋਇਬਾ ਦੇ ਦੋ ਪਾਕਿਸਤਾਨੀ ਦਹਿਸ਼ਤਗਰਦ ਮਾਰੇ ਗਏ ਹਨ। ਪੁਲੀਸ ਨੇ ਦੱਸਿਆ ਕਿ ਇਹ ਦਹਿਸ਼ਤਗਰਦ ਸ਼ਹਿਰ ਵਿੱਚ ਹਾਲ 'ਚ ਹੀ ਸੀਆਰਪੀਐੱਫ 'ਤੇ ਹੋੲੇ ਹਮਲੇ ਵਿੱਚ ਸ਼ਾਮਲ ਸਨ। ਮੁਕਾਬਲੇ ਦੌਰਾਨ ਗ੍ਰਨੇਡ ਸੁੱਟੇ ਜਾਣ ਕਾਰਨ ਸੁੁਰੱਖਿਆ ਬਲਾਂ ਦੇ ਤਿੰਨ ਜਵਾਨ ਵੀ ਜ਼ਖ਼ਮੀ ਹੋਏ ਹਨ। ਕਸ਼ਮੀਰ ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਸੀਆਰਪੀਐੱਫ 'ਤੇ 4 ਅਪਰੈਲ ਨੂੰ ਹੋਏ ਹਮਲੇ ਮਗਰੋਂ ਹੀ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਦਹਿਸ਼ਤਗਰਦਾਂ ਦੀ ਪੈੜ ਨੱਪੀ ਜਾ ਰਹੀ ਸੀ ਅਤੇ ਉਨ੍ਹਾਂ ਦੀ ਟਿਕਾਣੇ ਦਾ ਪਤਾ ਲੱਗਣ ਮਗਰੋਂ ਅੱਜ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ, ''ਉਨ੍ਹਾਂ (ਦਹਿਸ਼ਤਗਰਦਾਂ) ਦੀ ਮੌਤ ਪੁਲੀਸ ਅਤੇ ਸੀਆਰਪੀਐੱਫ ਲਈ ਇੱਕ ਵੱਡੀ ਸਫਲਤਾ ਹੈ। ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਨਿਰਦੋਸ਼ ਪੁਲੀਸ ਜਵਾਨਾਂ, ਆਮ ਲੋਕਾਂ ਜਾਂ ਪੱਤਰਕਾਰਾਂ ਜਾਂ ਕਿਸੇ ਉੱਤੇ ਵੀ ਹਮਲਾ ਕਰਨ ਵਾਲੇ ਕਿਸੇ ਵੀ ਪਾਕਿਸਤਾਨੀ ਜਾਂ ਸਥਾਨਕ ਦਹਿਸ਼ਤਗਰਦ ਨੂੰ ਖ਼ਤਮ ਕਰ ਦਿੱਤਾ ਜਾਵੇਗਾ।'' ਮੁਕਾਬਲੇ ਵਾਲੀ ਥਾਂ ਨੇੜੇ ਇੱਕ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਹ ਮਿਲਣ 'ਤੇ ਸੁਰੱਖਿਆ ਬਲਾਂ ਨੇ ਘੇਰਾ ਪਾ ਕੇ ਸ਼ਹਿਰ ਦੇ ਬਿਸ਼ੰਬਰ ਨਗਰ ਇਲਾਕੇ ਵਿੱਚ ਸਰਚ ਅਪਰੇਸ਼ਨ ਚਲਾਇਆ ਸੀ। ਇਸ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਵਿੱਚ ਦੋ ਦਹਿਸ਼ਤਗਰਦ ਮਾਰੇ ਗੲੇ। ਉਨ੍ਹਾਂ ਦੱਸਿਆ ਕਿ ਦੋਵੇਂ ਦਹਿਸ਼ਤਗਰਦ ਲਸ਼ਕਰ-ਏ-ਤੋਇਬਾ ਗੁੱਟ ਨਾਲ ਸਬੰਧਤ ਸਨ। ਮਾਰੇ ਦਹਿਸ਼ਤਗਰਦਾਂ ਦੀ ਪਛਾਣ ਮੁਹੰਮਦ ਭਾਈ ਤੇ ਅਬੂ ਅਰਸਲਾਨ ਵਜੋਂ ਹੋਈ ਹੈ। -ਪੀਟੀਆਈ

ਕਸ਼ਮੀਰ ਘਾਟੀ ਵਿੱਚ ਨੌਜਵਾਨਾਂ ਦਾ ਦਹਿਸ਼ਤਗਰਦੀ ਤੋਂ ਮੂੰਹ ਮੁੜਨ ਲੱਗਾ: ਪਾਂਡੇ

ਸ੍ਰੀਨਗਰ: ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀ.ਪੀ. ਪਾਂਡੇ ਨੇ ਕਿਹਾ ਕਿ ਜੰਮੂ-ਕਸ਼ਮੀਰ ਦਹਿਸ਼ਤਗਰਦ ਬਣਨਾ ਹੁਣ 'ਦਿਲਖਿੱਚਵਾਂ' ਨਹੀਂ ਰਿਹਾ ਅਤੇ 'ਸਫੇਦਪੋਸ਼ ਦਹਿਸ਼ਤਗਰਦਾਂ' ਵੱਲੋਂ ਹੁਣ ਉਨ੍ਹਾਂ ਕਿਸ਼ੋਰਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੇ ਹਾਲੇ 'ਸਹੀ ਜਾਂ ਗਲਤ' ਦਾ ਨਿਰਣਾ ਲੈਣ ਵਿੱਚ ਪਰਿਪੱਕ ਨਹੀਂ ਹਨ। ਕਸ਼ਮੀਰ ਅਧਾਰਿਤ 15 ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਪਾਂਡੇ ਨੇ ਕਿਹਾ ਕਿ 20 ਤੋਂ 25 ਸਾਲ ਉਮਰ ਵਰਗ ਵਾਲੇ ਲੋਕ ਇਹ ਗੱਲ ਸਮਝਦੇ ਹਨ ਕਿ ''ਹਿੰਸਾ ਦਾ ਕੋਈ ਮੁਕਾਮ ਨਹੀਂ ਹੈ' ਅਤੇ ਇਸ ਲਈ ਨਵੇਂ ਭਰਤੀ ਦਹਿਸ਼ਤਗਰਦਾਂ ਦੀ ਗਿਣਤੀ ਘਟੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਨਵਰੀ ਤੋਂ ਲੈ ਕੇ 330 ਦਹਿਸ਼ਤਗਰਦ ਮਾਰੇ ਗਏ ਹਨ ਜਾਂ ਉਨ੍ਹਾਂ ਨੇ ਆਤਮ-ਸਮਰਪਣ ਕੀਤਾ ਹੈ, ਜੋ ਕਿ ਡੇਢ ਦਹਾਕੇ ਵਿੱਚ ਸਭ ਤੋਂ ਵੱਧ ਗਿਣਤੀ ਹੈ। ਫੌਜੀ ਕਮਾਂਡਰ ਨੇ ਕਿਹਾ ਕਿ ਆਮ ਲੋਕ ਦਹਿਸ਼ਤਗਰਦੀ ਤੋਂ ਅੱਕ ਚੁੱਕੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਘਾਟੀ ਵਿੱਚੋਂ ਦਹਿਸ਼ਤਗਰਦਾਂ ਸਹਿਯੋਗ ਮਿਲਣਾ ਖਤਮ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਸਰਹੱਦ ਪਾਰੋਂ ਘੁਸਪੈਠ ਅਤੇ ਨਵੇਂ ਰਕਰੂਟਾਂ ਦੀ ਗਿਣਤੀ ਘਟੀ ਹੈ ਅਤੇ ਸਾਲ 2021 ਵਿੱਚ ਸਿਰਫ 142 ਜਣੇ ਹੀ ਦਹਿਸ਼ਤਗਰਦਾਂ ਵਿੱਚ ਸ਼ਾਮਲ ਹੋਏ। -ਪੀਟੀਆਈ



Most Read

2024-09-21 05:33:41