Breaking News >> News >> The Tribune


ਪੰਜਾਬ ਪੁਲੀਸ ਦੀ ਦੁੁਰਵਰਤੋਂ ਕਰ ਰਹੇ ਨੇ ਕੇਜਰੀਵਾਲ: ਆਦੇਸ਼ ਗੁਪਤਾ


Link [2022-04-10 08:13:28]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 9 ਅਪਰੈਲ

ਭਾਜਪਾ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਮਗਰੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਪੁਲੀਸ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ। ਜੇਕਰ ਕੋਈ ਵੀ ਵਿਅਕਤੀ ਕੇਜਰੀਵਾਲ ਖ਼ਿਲਾਫ਼ ਕੁਝ ਬੋਲਦਾ ਹੈ ਤਾਂ ਪੰਜਾਬ ਪੁਲੀਸ ਤੁਰੰਤ ਉਸ ਦੇ ਘਰ ਪਹੁੰਚ ਜਾਂਦੀ ਹੈ। ਇਸੇ ਦੌਰਾਨ ਪਰਵੇਸ਼ ਸਾਹਿਬ ਸਿੰਘ ਨੇ ਕੇਜਰੀਵਾਲ 'ਤੇ ਭਾਜਪਾ ਨੇਤਾਵਾਂ ਦੇ ਫੋਨ ਟੈਪ ਕਰਨ ਦਾ ਦੋਸ਼ ਲਾਇਆ ਲਾਇਆ।

ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਪੁਲੀਸ ਬਿਨਾਂ ਕਿਸੇ ਸੂਚਨਾ ਦੇ ਭਾਜਪਾ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਦੇ ਘਰ ਪਹੁੰਚ ਗਈ ਹੈ ਤੇ ਤਜਿੰਦਰ ਪਾਲ ਸਿੰਘ ਬੱਗਾ ਦੇ ਘਰ ਵੀ ਗਈ ਸੀ। ਉਨ੍ਹਾਂ ਕਿਹਾ ਕਿ ਸੱਤਾ ਦੀ ਦੁਰਵਰਤੋਂ ਨੂੰ ਭਾਜਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਭਾਜਪਾ ਵਰਕਰ ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ। ਪ੍ਰਧਾਨ ਨੇ ਕਿਹਾ, ''ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਕਿਸੇ ਨੇ ਉਨ੍ਹਾਂ (ਕੇਜਰੀਵਾਲ) ਖ਼ਿਲਾਫ਼ ਆਵਾਜ਼ ਉਠਾਈ ਤਾਂ ਹੁਣ ਕੇਜਰੀਵਾਲ ਪੰਜਾਬ ਪੁਲੀਸ ਨੂੰ ਹਥਿਆਰ ਵਜੋਂ ਵਰਤਣ ਵਿੱਚ ਲੱਗੇ ਹੋਏ ਹਨ।'' ਉਨ੍ਹਾਂ ਕਿਹਾ ਕਿ ਰੇਤ ਮਾਫ਼ੀਆ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਹੁਸ਼ਿਆਰਪੁਰ ਦੇ ਐੱਸਐੱਸਪੀ ਧਰੁਮਨ ਨਿੰਬਲੇ ਦਾ ਤਬਾਦਲਾ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ ਅਤੇ 'ਆਪ' ਸਰਕਾਰ ਨੇ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਪ੍ਰੀਤ ਗਾਂਧੀ ਖ਼ਿਲਾਫ਼ ਮੁੰਬਈ ਵਿੱਚ ਵੀ ਕਾਰਵਾਈ ਕੀਤੀ ਹੈ।

ਪੰਜਾਬ ਪੁਲੀਸ ਬਿਨਾਂ ਸੂਚਨਾ ਦਿੱਤੇ ਮੇਰੇ ਘਰ ਪਹੁੰਚੀ: ਬੱਗਾ

ਤਜਿੰਦਰ ਪਾਲ ਸਿੰਘ ਬੱਗਾ ਨੇ ਦੱਸਿਆ ਕਿ ਪੰਜਾਬ ਪੁਲੀਸ ਬਿਨਾਂ ਕਿਸੇ ਸੂਚਨਾ ਦੇ ਉਨ੍ਹਾਂ ਦੇ ਘਰ ਪਹੁੰਚ ਗਈ ਸੀ। ਇਸ ਸਬੰਧੀ ਬੱਗਾ ਨੇ ਦਿੱਲੀ ਪੁਲੀਸ ਨੂੰ ਪੰਜਾਬ ਪੁਲੀਸ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ, ''ਪੰਜਾਬ ਪੁਲੀਸ ਦੀ ਟੀਮ ਕਾਰ ਨੰਬਰ ਪੀਬੀ 65 ਏਕੇ 1594 'ਤੇ ਸਥਾਨਕ ਪੁਲੀਸ ਨੂੰ ਦੱਸੇ ਬਿਨਾਂ ਮੈਨੂੰ ਗ੍ਰਿਫ਼ਤਾਰ ਕਰਨ ਲਈ ਮੇਰੇ ਘਰ ਪਹੁੰਚੀ। ਹੁਣ ਉਹ ਮੇਰੇ ਦੋਸਤਾਂ ਦੇ ਪਤੇ ਲੱਭ ਰਹੇ ਹਨ ਤੇ ਉਨ੍ਹਾਂ ਦੇ ਘਰ ਜਾ ਰਹੇ ਹਨ। ਹਾਲੇ ਤੱਕ ਮੇਰੇ ਖ਼ਿਲਾਫ਼ ਐੱਫਆਈਆਰ, ਥਾਣਾ ਅਤੇ ਧਾਰਾਵਾਂ ਦੀ ਕੋਈ ਸੂਚਨਾ ਨਹੀਂ ਹੈ।'' ਟਵੀਟ ਵਿੱਚ ਬੱਗਾ ਨੇ ਦਿੱਲੀ ਪੁਲੀਸ ਦੇ ਨਾਲ ਪੱਛਮੀ ਦਿੱਲੀ ਦੇ ਡੀਸੀਪੀ ਨੂੰ ਵੀ ਟੈਗ ਕੀਤਾ ਹੈ।



Most Read

2024-09-21 06:19:35