World >> The Tribune


ਰੂਸ ਖ਼ਿਲਾਫ਼ ਕਾਰਵਾਈ ਕਰਨ ਦੁਨੀਆ ਦੇ ਮੁਲਕ: ਜ਼ੇਲੈਂਸਕੀ


Link [2022-04-10 07:33:44]



ਕੀਵ, 9 ਅਪਰੈਲ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਸੈਨਾ ਵੱਲੋਂ ਭੀੜਭਾੜ ਵਾਲੇ ਰੇਲਵੇ ਸਟੇਸ਼ਨ 'ਤੇ ਮਿਜ਼ਾਈਲ ਦਾਗੇ ਜਾਣ ਦੀ ਘਟਨਾ ਨੂੰ ਲੈ ਕੇ ਦੁਨੀਆ ਨੂੰ ਰੂਸ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਹਾਲਾਂਕਿ ਰੂਸ ਨੇ ਇਸ ਹਮਲੇ ਪਿੱਛੇ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਪੂਰਬੀ ਯੂਕਰੇਨ ਦੇ ਡੋਨਬਾਸ ਖੇਤਰ 'ਚ ਇੱਕ ਰੇਲਵੇ ਸਟੇਸ਼ਨ 'ਤੇ ਰੂਸੀ ਸੈਨਾ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ 'ਚ ਘੱਟੋ ਘੱਟ 52 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ।

ਜ਼ੇਲੈਂਸਕੀ ਨੇ ਲੰਘੀ ਦੇਰ ਰਾਤ ਆਪਣੇ ਸੰਬੋਧਨ 'ਚ ਕਿਹਾ ਕਿ ਕ੍ਰਾਮਾਤੋਰਸਕ ਸਟੇਸ਼ਨ 'ਤੇ ਹਮਲਾ ਇੱਕ ਹੋਰ ਜੰਗੀ ਅਪਰਾਧ ਹੈ ਜਿੱਥੇ ਚਾਰ ਹਜ਼ਾਰ ਲੋਕ ਇਕੱਠੇ ਸਨ। ਰੇਲਵੇ ਸਟੇਸ਼ਨ 'ਤੇ ਮਿਜ਼ਾਈਲ ਹਮਲੇ 'ਚ ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ ਹਨ ਤੇ ਕਈ ਲੋਕ ਗੰਭੀਰ ਜ਼ਖ਼ਮੀ ਹੋਏ ਹਨ।

ਜ਼ੇਲੈਂਸਕੀ ਨੇ ਕਿਹਾ, 'ਬੂਚਾ ਕਤਲੇਆਮ, ਕਈ ਹੋਰ ਰੂਸੀ ਅਪਰਾਧਾਂ ਦੀ ਤਰ੍ਹਾਂ ਹੀ ਕ੍ਰਾਮਾਤੋਰਸਕ 'ਤੇ ਮਿਜ਼ਾਈਲ ਹਮਲੇ ਨੂੰ ਵੀ ਜੰਗੀ ਅਪਰਾਧ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।' ਯੂਰੋਪੀ ਯੂਨੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਯੂਕਰੇਨ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਕਿਹਾ, 'ਇਸ ਲਈ ਕੋਈ ਸ਼ਬਦ ਨਹੀਂ ਹੈ। ਇਸ ਵਿਹਾਰ ਲਈ ਰੂਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ।' ਬਰਤਾਨੀਆ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਹਮਲੇ ਨੂੰ ਜੰਗੀ ਅਪਰਾਧ ਦੱਸਿਆ ਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਨੇ ਇਸ ਨੂੰ ਪੂਰੀ ਤਰ੍ਹਾਂ ਗਲਤ ਕਰਾਰ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕ੍ਰਾਮਾਤੋਰਸਕ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਜਦੋਂ ਹਮਲਾ ਹੋਇਆ ਤਾਂ ਉਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਕਿਸੇ ਹੋਰ ਥਾਂ ਜਾਣ ਲਈ ਇਕੱਠੇ ਸਨ ਤੇ ਇਨ੍ਹਾਂ 'ਚ ਜ਼ਿਆਦਾਤਾਰ ਮਹਿਲਾਵਾਂ ਤੇ ਬੱਚੇ ਸਨ।

ਦੂਜੇ ਪਾਸੇ ਰੂਸੀ ਰੱਖਿਆ ਮੰਤਰਾਲੇ ਨੇ ਰੇਲਵੇ ਸਟੇਸ਼ਨ 'ਤੇ ਹਮਲਾ ਕਰਨ ਤੋਂ ਇਨਕਾਰ ਕਰਦਿਆਂ ਘਟਨਾ ਲਈ ਯੂਕਰੇਨ ਨੂੰ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਜਿਸ ਤਰ੍ਹਾਂ ਦੀ ਮਿਜ਼ਾਈਲ ਨਾਲ ਸਟੇਸ਼ਨ 'ਤੇ ਹਮਲਾ ਕੀਤਾ ਗਿਆ ਹੈ, ਉਹ ਅਜਿਹੀ ਮਿਜ਼ਾਈਲ ਦੀ ਵਰਤੋਂ ਨਹੀਂ ਕਰਦਾ। -ਪੀਟੀਆਈ



Most Read

2024-09-20 13:51:02