World >> The Tribune


ਭਾਰਤ ਨੂੰ ਗੁੱਟ ਨਿਰਲੇਪਤਾ ਨੀਤੀ ਤੋਂ ਬਾਹਰ ਆਉਣ ਦੀ ਲੋੜ: ਅਮਰੀਕਾ


Link [2022-04-10 07:33:44]



ਵਾਸ਼ਿੰਗਟਨ, 9 ਅਪਰੈਲ

ਬਾਇਡਨ ਪ੍ਰਸ਼ਾਸਨ ਨੇ ਅੱਜ ਕਿਹਾ ਕਿ ਉਹ ਚਾਹੇਗਾ ਕਿ ਭਾਰਤ ਹੁਣ ਰੂਸ ਨਾਲ ਆਪਣੀ ਲੰਮਾ ਸਮਾਂ ਪੁਰਾਣੀ ਗੁੱਟ-ਨਿਰਲੇਪਤਾ ਜੀ-77 ਭਾਈਵਾਲੀ ਤੋਂ ਬਾਹਰ ਆ ਜਾਵੇ। ਬਾਇਡਨ ਪ੍ਰਸ਼ਾਸਨ ਨੇ ਨਾਲ ਹੀ ਕਿਹਾ ਕਿ ਭਾਰਤ ਕੋਲ ਅਮਰੀਕਾ ਨਾਲ ਰੱਖਿਆ ਕਾਰੋਬਾਰ ਨੂੰ ਅੱਗੇ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਖੁਸ਼ਹਾਲੀ ਤੇ ਸੁਰੱਖਿਆ ਵਧਾਉਣ ਦਾ ਚੰਗਾ ਮੌਕਾ ਹੈ।

ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ, 'ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸਾਡੇ ਉਨ੍ਹਾਂ ਨਾਲ ਮਜ਼ਬੂਤ ਰੱਖਿਆ ਰਿਸ਼ਤੇ ਹਨ। ਉਹ ਆਸਟਰੇਲੀਆ ਤੇ ਜਪਾਨ ਨਾਲ ਕੁਆਡ ਦਾ ਹਿੱਸਾ ਹੈ ਅਤੇ ਅਸੀਂ ਹਿੰਦ-ਪ੍ਰਸ਼ਾਂਤ ਖੇਤਰ 'ਚ ਖੁਸ਼ਹਾਲੀ ਤੇ ਸੁਰੱਖਿਆ ਸਮੇਤ ਕਈ ਗੰਭੀਰ ਮਸਲਿਆਂ ਨੂੰ ਲੈ ਕੇ ਅੱਗੇ ਵਧ ਰਹੇ ਹਾਂ।'

ਉਨ੍ਹਾਂ ਕਿਹਾ, 'ਅਸੀਂ ਇਸ ਗੱਲ ਨੂੰ ਤਰਜੀਹ ਦੇਵਾਂਗੇ ਕਿ ਭਾਰਤ ਰੂਸ ਨਾਲ ਆਪਣੀ ਲੰਮਾਂ ਸਮਾਂ ਪੁਰਾਣੀ ਗੁੱਟ-ਨਿਰਲੇਪਤਾ ਜੀ-77 ਭਾਈਵਾਲੀ ਤੋਂ ਦੂਰ ਹੋਵੇ।' ਅਮਰੀਕਾ ਨੇ ਭਾਰਤੀ ਅਧਿਕਾਰੀਆਂ ਨੂੰ ਕਿਹਾ ਕਿ ਰੂਸ 'ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਹੁਣ ਉਨ੍ਹਾਂ ਲਈ ਰੂਸ ਤੋਂ ਨਵੇਂ ਪੁਰਜ਼ੇ ਹਾਸਲ ਕਰਨੇ ਮੁਸ਼ਕਲ ਹੋ ਜਾਣਗੇ। ਉਨ੍ਹਾਂ ਕਿਹਾ, 'ਭਾਰਤ ਨੇ ਸਾਡੇ ਨਾਲ ਰੱਖਿਆ ਸਬੰਧ ਤੇ ਰੱਖਿਆ ਸਮਝੌਤੇ ਵਧਾਏ ਹਨ ਅਤੇ ਸਾਨੂੰ ਲੱਗਦਾ ਹੈ ਕਿ ਹੁਣ ਉਨ੍ਹਾਂ ਕੋਲ ਇਹ ਰਿਸ਼ਤੇ ਲੰਮੇ ਸਮੇਂ ਲਈ ਸਥਾਪਤ ਕਰਨ ਦਾ ਵਧੀਆ ਮੌਕਾ ਹੈ।' ਅਮਰੀਕੀ ਅਧਿਕਾਰੀਆਂ ਨੇ ਭਾਰਤ ਵੱਲੋਂ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਦੀ ਖਰੀਦ ਕੀਤੇ ਜਾਣ 'ਤੇ ਵੀ ਚਿੰਤਾ ਜ਼ਾਹਿਰ ਕੀਤੀ। -ਪੀਟੀਆਈ



Most Read

2024-09-20 13:39:38