World >> The Tribune


ਸ੍ਰੀਲੰਕਾ: ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਚਿਤਾਵਨੀ


Link [2022-04-09 09:14:24]



ਕੋਲੰਬੋ, 8 ਅਪਰੈਲ

ਸ੍ਰੀਲੰਕਾ ਦੀ ਮੁੱਖ ਵਿਰੋਧੀ ਧਿਰ ਐੱਸਜੇਬੀ ਨੇ ਅੱਜ ਐਲਾਨ ਕੀਤਾ ਕਿ ਜੇਕਰ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਦੀ ਸਰਕਾਰ ਸਭ ਤੋਂ ਬੁਰੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਜਨਤਾ ਦੀਆਂ ਚਿੰਤਾਵਾਂ ਦੂਰ ਕਰਨ ਵਿਚ ਨਾਕਾਮ ਰਹਿੰਦੀ ਹੈ ਤਾਂ ਉਹ ਉਸ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣਗੇ। ਵਿਰੋਧੀ ਧਿਰ ਦੇ ਆਗੂ ਸਜਿਤ ਪ੍ਰੇਮਦਾਸਾ ਨੇ ਨਾਲ ਹੀ ਇਹ ਕਹਿੰਦਿਆਂ ਦੇਸ਼ ਵਿਚ ਰਾਸ਼ਟਰਪਤੀ ਦੀ ਸ਼ਾਸਨ ਪ੍ਰਣਾਲੀ ਨੂੰ ਸਮਾਪਤ ਕਰਨ ਦਾ ਸੱਦਾ ਦਿੱਤਾ ਕਿ ਸੱਤਾ ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਂਪਾਲਿਕਾ ਵਿਚ ਵੰਡੀ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਚ ਸੱਤਾ ਪ੍ਰਮੁੱਖ ਰਾਸ਼ਟਰਪਤੀ ਹੁੰਦਾ ਹੈ। ਐੱਸਜੇਬੀ ਦੇ ਨੇਤਾ ਨੇ ਸੰਸਦ ਵਿਚ ਕਿਹਾ, 'ਸਰਕਾਰ ਨੂੰ ਰਾਜਪਕਸੇ ਦੇ ਅਹੁਦਾ ਛੱਡਣ ਦੀ ਜਨਤਾ ਦੀ ਮੰਗ ਉਤੇ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਅਸੀਂ ਬੇਭਰੋਸਗੀ ਮਤਾ ਲਿਆਵਾਂਗੇ।' ਮੀਡੀਆ ਦੀਆਂ ਖ਼ਬਰਾਂ ਮੁਤਾਬਕ, ਐੱਸਜੇਬੀ ਨੇ ਬੇਭਰੋਸਗੀ ਮਤੇ ਲਈ ਸੰਸਦ ਮੈਂਬਰਾਂ ਤੋਂ ਦਸਤਖ਼ਤ ਲੈਣੇ ਸ਼ੁਰੂ ਕਰ ਦਿੱਤੇ ਹਨ।

ਰਾਜਪਕਸਾ ਨੇ ਇਸ ਤੋਂ ਪਹਿਲਾਂ ਸਰਬ-ਪਾਰਟੀ ਸਰਕਾਰ ਬਣਾਉਣ ਦੀ ਤਜਵੀਜ਼ ਰੱਖੀ ਸੀ, ਪਰ ਐੱਸਜੇਬੀ ਨੇ ਇਸ ਸੱਦੇ ਨੂੰ ਠੁਕਰਾ ਦਿੱਤਾ ਸੀ। ਪ੍ਰੇਮਦਾਸਾ ਨੇ ਕਿਹਾ ਕਿ ਉਹ ਰਾਸ਼ਟਰਪਤੀ ਰਾਜਪਕਸਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਬਣੇ ਰਹਿਣ ਦੇ ਨਾਲ ਇਕ ਅੰਤ੍ਰਿਮ ਸਰਕਾਰ ਲਈ ਸਹਿਮਤ ਨਹੀਂ ਹੋ ਸਕਦੇ। ਐੱਸਜੇਬੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਉਤੇ ਮਹਾਦੋਸ਼ ਚਲਾਉਣ ਨੂੰ ਵੀ ਤਿਆਰ ਹਨ। ਉਨ੍ਹਾਂ ਸ੍ਰੀਲੰਕਾ ਵਿਚ ਆਰਥਿਕ ਸੰਕਟ ਨੂੰ ਦੂਰ ਕਰਨ ਲਈ ਐੱਸਜੇਬੀ ਵੱਲੋਂ ਸੰਸਦ ਵਿਚ ਤਜਵੀਜ਼ਾਂ ਵੀ ਪੇਸ਼ ਕੀਤੀਆਂ। ਵਿਰੋਧੀ ਧਿਰ ਰਾਸ਼ਟਰਪਤੀ ਤੇ ਪੂਰੇ ਰਾਜਪਕਸੇ ਪਰਿਵਾਰ ਦੇ ਅਸਤੀਫ਼ੇ ਦੀ ਮੰਗ ਉਤੇ ਪੂਰੇ ਮੁਲਕ ਵਿਚ ਜਾਰੀ ਜਨਤਕ ਰੋਸ ਮੁਜ਼ਾਹਰਿਆਂ ਦੀ ਹਮਾਇਤ ਵਿਚ ਹੈ। ਵਿਰੋਧੀ ਧਿਰ ਜੇਵੀਪੀ ਦੇ ਸੰਸਦ ਮੈਂਬਰ ਵਿਜੇਤਾ ਹੇਰਾਤ ਨੇ ਕਿਹਾ ਕਿ ਜੇ ਰਾਜਪਕਸਾ ਅਸਤੀਫ਼ਾ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਲਈ ਮਹਾਦੋਸ਼ ਦਾ ਪ੍ਰਸਤਾਵ ਲਿਆਉਣ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਜੇ ਰਾਸ਼ਟਰਪਤੀ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ ਤਾਂ ਉਹ ਉਨ੍ਹਾਂ ਉਤੇ ਮਹਾਦੋਸ਼ ਚਲਾਉਣ ਤੇ ਉਨ੍ਹਾਂ ਨੂੰ ਹਟਾਉਣ ਲਈ ਤਿਆਰ ਹਨ।

ਜ਼ਿਕਰਯੋਗ ਹੈ ਕਿ ਲੋਕ ਰੋਸ ਮੁਜ਼ਾਹਰੇ ਕਰ ਕੇ ਰਾਜਪਕਸਾ ਦਾ ਅਸਤੀਫ਼ਾ ਮੰਗ ਰਹੇ ਹਨ। ਰਾਜਪਕਸੇ ਨੇ ਅਹੁਦਾ ਛੱਡਣ ਤੋਂ ਇਨਕਾਰ ਕੀਤਾ ਹੈ। ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਭਾਵੀ ਹਿੰਸਾ ਤੋਂ ਬਚਣ ਲਈ ਇਕ ਅੰਤ੍ਰਿਮ ਸਰਕਾਰ ਦੇ ਗਠਨ ਦਾ ਸੱਦਾ ਦਿੱਤਾ ਹੈ। ਆਰਥਿਕ ਸੰਕਟ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਉਤੇ ਤਿੰਨ ਦਿਨਾਂ ਦੀ ਬਹਿਸ ਵਿਚ ਸੰਸਦ ਆਮ ਸਹਿਮਤੀ ਉਤੇ ਪਹੁੰਚਣ ਵਿਚ ਨਾਕਾਮ ਰਹੀ ਹੈ।

ਦੱਸਣਯੋਗ ਹੈ ਕਿ ਰਾਜਪਕਸੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕੌਮਾਂਤਰੀ ਮੁਦਰਾ ਫੰਡ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਉਨ੍ਹਾਂ ਕਰਜ਼ਿਆਂ ਲਈ ਚੀਨ ਤੇ ਭਾਰਤ ਦਾ ਰੁਖ਼ ਕੀਤਾ ਹੈ। ਸ੍ਰੀਲੰਕਾ ਆਰਥਿਕ ਸੰਕਟ ਦੂਰ ਕਰਨ ਲਈ ਆਈਐਮਐਫ ਨਾਲ ਵੀ ਰਾਬਤਾ ਕਰ ਰਿਹਾ ਹੈ। ਮੁਲਕ ਵਿਚ ਜ਼ਰੂਰੀ ਚੀਜ਼ਾਂ ਦੀ ਕਮੀ ਹੈ ਤੇ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਭੰਡਾਰ ਵੀ ਖ਼ਤਮ ਹੋ ਗਿਆ ਹੈ। -ਪੀਟੀਆਈ

ਅਲੀ ਸਾਬਰੀ ਨੇ ਮੁੜ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ

ਸ੍ਰੀਲੰਕਾ ਦੇ ਨਵ-ਨਿਯੁਕਤ ਵਿੱਤ ਮੰਤਰੀ ਅਲੀ ਸਾਬਰੀ ਜਿਨ੍ਹਾਂ ਅਹੁਦਾ ਸੰਭਾਲਣ ਦੇ 24 ਘੰਟਿਆਂ ਵਿਚ ਹੀ ਅਸਤੀਫ਼ਾ ਦੇ ਦਿੱਤਾ ਸੀ, ਨੇ ਮੁੜ ਵਿੱਤ ਮੰਤਰੀ ਦੀ ਕੁਰਸੀ ਸੰਭਾਲ ਲਈ ਹੈ। ਉਹ ਸਰਕਾਰ ਵੱਲੋਂ ਆਈਐਮਐਫ ਨਾਲ ਗੱਲਬਾਤ ਕਰਨ ਵਾਲੇ ਵਫ਼ਦ ਦੀ ਅਗਵਾਈ ਕਰਨਗੇ। ਸਾਬਕਾ ਕਾਨੂੰਨ ਮੰਤਰੀ ਸਾਬਰੀ ਨੇ ਕਿਹਾ ਕਿ ਉਨ੍ਹਾਂ ਅਸਤੀਫ਼ਾ ਇਸ ਲਈ ਦਿੱਤਾ ਸੀ ਤਾਂ ਕਿ ਕਿਸੇ ਹੋਰ ਵੱਧ ਯੋਗ ਸ਼ਖ਼ਸੀਅਤ ਨੂੰ ਮੌਕਾ ਮਿਲ ਸਕੇ। ਹੁਣ ਕੋਈ ਅੱਗੇ ਨਹੀਂ ਆਇਆ ਤਾਂ ਉਹ ਵਿੱਤ ਮੰਤਰੀ ਦਾ ਅਹੁਦਾ ਮੁੜ ਸੰਭਾਲ ਰਹੇ ਹਨ।



Most Read

2024-09-20 15:43:17