World >> The Tribune


ਵਿਦੇਸ਼ੀ ਤਾਕਤਾਂ ਵੱਲੋਂ ਥੋਪੀ ਸਰਕਾਰ ਪ੍ਰਵਾਨ ਨਹੀਂ: ਇਮਰਾਨ


Link [2022-04-09 09:14:24]



ਇਸਲਾਮਾਬਾਦ, 8 ਅਪਰੈਲ

ਸਿਆਸੀ ਸੰਕਟ ਵਿੱਚ ਘਿਰੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ ਅਦ੍ਰਿਸ਼ (ਵਿਦੇਸ਼ੀ) ਤਾਕਤਾਂ ਵੱਲੋਂ ਥੋਪੀ ਜਾਣ ਵਾਲੀ ਕਿਸੇ ਵੀ ਸਰਕਾਰ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਸੁਪਰੀਮ ਕੋਰਟ ਵੱਲੋਂ ਡਿਪਟੀ ਸਪੀਕਰ ਦੇ ਬੇਭਰੋਸਗੀ ਮਤਾ ਰੱਦ ਕਰਨ ਦੇ ਵਿਵਾਦਿਤ ਫੈਸਲੇ ਨੂੰ 'ਗੈਰਸੰਵਿਧਾਨਕ' ਐਲਾਨੇ ਜਾਣ ਨੂੰ ਅਫ਼ਸੋਸਨਾਕ ਕਰਾਰ ਦਿੱਤਾ। ਉਨ੍ਹਾਂ ਮੁਲਕ ਵਿੱਚ ਜਾਰੀ ਸੰਸਦ ਮੈਂਬਰਾਂ ਦੀ ਖਰੀਦੋ-ਫਰੋਖਤ ਦੇ ਅਮਲ ਨੂੰ ਵੀ ਜੰਮ ਕੇ ਭੰਡਿਆ।

ਕੌਮੀ ਅਸੈਂਬਲੀ ਵਿੱਚ ਭਲਕੇ ਮੁੜ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਤੋਂ ਪਹਿਲਾਂ ਅੱਜ ਰਾਸ਼ਟਰ ਦੇ ਨਾਂ ਸੰਬੋਧਨ ਵਿੱਚ ਇਮਰਾਨ ਨੇ ਆਪਣੇ ਹਮਾਇਤੀਆਂ ਨੂੰ ਐਤਵਾਰ ਸ਼ਾਮ ਨੂੰ ਸੜਕਾਂ 'ਤੇ ਉੱਤਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੁਲਕ ਨੂੰ ਆਪਣੀ ਲੜਾਈ ਖੁਦ ਲੜਨੀ ਹੋਵੇਗੀ। ਖ਼ਾਨ ਨੇ ਕਿਹਾ, ''ਮੈਂ ਸੁਪਰੀਮ ਕੋਰਟ ਦਾ ਸਤਿਕਾਰ ਕਰਦਾ ਹਾਂ, ਪਰ ਸਿਖਰਲੀ ਅਦਾਲਤ ਨੂੰ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਧਮਕੀ ਪੱਤਰ 'ਤੇ ਨਿਗ੍ਹਾ ਮਾਰਨੀ ਚਾਹੀਦੀ ਸੀ।'' ਖਾਨ ਨੇ ਆਪਣੇ ਇਨ੍ਹਾਂ ਦੋਸ਼ਾਂ ਨੂੰ ਦੁਹਰਾਇਆ ਕਿ ਅਮਰੀਕੀ ਕੂਟਨੀਤਕ ਨੇ ਪਾਕਿਸਤਾਨ ਵਿੱਚ ਸਰਕਾਰ ਬਦਲਣ ਦੀ ਧਮਕੀ ਦਿੱਤੀ ਸੀ। ਖ਼ਾਨ ਨੇ ਕਿਹਾ ਕਿ ਮੁਲਕ ਵਿੱਚ ਸੰਸਦ ਮੈਂਬਰਾਂ ਦੀ ਖਰੀਦੋ-ਫਰੋਖ਼ਤ ਜਾਰੀ ਹੈ ਤੇ ਜਮਹੂਰੀਅਤ ਦਾ ਮਜ਼ਾਕ ਬਣਾਇਆ ਜਾ ਰਿਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਬੱਚੇ-ਬੱਚੇ ਨੂੰ ਇਹ ਇਲਮ ਹੈ ਕਿ ਕਿਹੜਾ ਸੰਸਦ ਮੈਂਬਰ ਕਿੰਨੇ ਵਿੱਚ ਵਿਕਿਆ ਹੈ। ਇਮਰਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਬੇਭਰੋਸਗੀ ਮਤੇ ਪਿੱਛੇ 'ਵਿਦੇਸ਼ੀ ਸਾਜ਼ਿਸ਼' ਦੇ ਤੱਥ ਉੱਤੇ ਅਸਲੋਂ ਹੀ ਗੌਰ ਨਹੀਂ ਕੀਤਾ।

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਨੇ ਕਿਹਾ ਕਿ ਮੁਲਕ ਦੀ ਚੁਣੀ ਹੋਈ ਸਰਕਾਰ ਡੇਗਣ ਲਈ ਹੋ ਰਹੀ ਸਾਜ਼ਿਸ਼ ਪਿੱਛੇ ਅਮਰੀਕਾ ਦਾ ਹੱਥ ਹੈ। ਉਨ੍ਹਾਂ 'ਧਮਕੀ ਵਾਲੇ ਪੱਤਰ' ਦੀ ਤਫ਼ਸੀਲ ਵੀ ਆਵਾਮ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਕੂਟਨੀਤਕਾਂ ਨੇ ਪਾਕਿ ਸੰਸਦ ਮੈਂਬਰਾਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਕਿਹਾ, ''ਅਮਰੀਕਾ ਨੇ ਉਨ੍ਹਾਂ ਨੂੰ ਨਹੀਂ ਬਲਕਿ 22 ਕਰੋੜ ਪਾਕਿਸਤਾਨੀਆਂ ਨੂੰ ਧਮਕੀ ਦਿੱਤੀ ਹੈ।'' ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਦੀ ਕੀਮਤ ਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ''ਸਾਰਾ ਡਰਾਮਾ ਮੈਨੂੰ ਹਟਾਉਣ ਲਈ ਕੀਤਾ ਜਾ ਰਿਹੈ, ਪਰ ਉਹ ਕਿਸੇ ਦੀ ਕਠਪੁਤਲੀ ਨਹੀਂ ਬਣ ਸਕਦੇ।' ਇਮਰਾਨ ਨੇ ਸ਼ਾਹਬਾਜ਼ ਸ਼ਰੀਫ਼ 'ਤੇ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ। -ਪੀਟੀਆਈ

'ਵਿਦੇਸ਼ੀ ਸਾਜ਼ਿਸ਼' ਦੇ ਦੋਸ਼ਾਂ ਦੀ ਜਾਂਚ ਲਈ ਕਮਿਸ਼ਨ ਗਠਿਤ

ਇਸਲਾਮਾਬਾਦ: ਪਾਕਿਸਤਾਨ ਸਰਕਾਰ ਨੇ ਸੇਵਾ ਮੁਕਤ ਥਲ ਸੈਨਾ ਅਧਿਕਾਰੀ ਦੀ ਅਗਵਾਈ ਵਿੱਚ ਕਮਿਸ਼ਨ ਗਠਿਤ ਕੀਤਾ ਹੈ, ਜੋ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਪਿੱਛੇ ਕਥਿਤ 'ਵਿਦੇਸ਼ੀ ਸਾਜ਼ਿਸ਼' ਹੋਣ ਦੇ ਦਾਅਵੇ ਦੀ ਤਫ਼ਤੀਸ਼ ਕਰੇਗਾ। ਸਰਕਾਰ 'ਚ ਸੂਚਨਾ ਤੇ ਪ੍ਰਸਾਰਣ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਕਮਿਸ਼ਨ ਗਠਿਤ ਕਰਨ ਦਾ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ 'ਚ ਹੋਏ ਕੈਬਨਿਟ ਕਮੇਟੀ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ 'ਧਮਕੀ ਵਾਲੇ ਪੱਤਰ' ਨਾਲ ਜੁੜੇ ਮੁੱਦੇ ਦੀ ਜਾਂਚ ਲਈ ਗਠਿਤ ਕੀਤਾ ਗਿਆ ਹੈ ਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਤਾਰਿਕ ਖ਼ਾਨ ਇਸ ਦੀ ਅਗਵਾਈ ਕਰਨਗੇ। ਚੌਧਰੀ ਨੇ ਕਿਹਾ, 'ਕਮਿਸ਼ਨ ਤਫ਼ਤੀਸ਼ ਕਰੇਗਾ ਕਿ ਸਾਜ਼ਿਸ਼ ਕਿੱਥੇ ਘੜੀ ਗਈ ਤੇ ਸਰਕਾਰ ਦੇ ਤਖ਼ਤਾ ਪਲਟ ਲਈ ਰਚੀ ਇਸ ਸਾਜ਼ਿਸ਼ ਪਿੱਛੇ ਕਿਨ੍ਹਾਂ ਸਥਾਨਕ ਆਗੂਆਂ ਦਾ ਹੱਥ ਸੀ।'' ਮੰਤਰੀ ਨੇ ਕਿਹਾ, ''ਸਾਡੇ ਕੋਲ ਸਬੂਤ ਹੈ ਕਿ ਸਰਕਾਰ ਨਾਲ ਅਸਹਿਮਤ ਅੱਠ ਸੂਬਾਈ ਕਾਨੂੰਨਘਾੜੇ ਵਿਦੇਸ਼ੀ ਪਤਵੰਤਿਆਂ ਦੇ ਸੰਪਰਕ ਵਿੱਚ ਸਨ। ਕਮਿਸ਼ਨ ਸਥਾਨਕ ਆਗੂਆਂ ਤੇ ਹਕੂਮਤ ਬਦਲਣ ਵਾਲਿਆਂ ਦਰਮਿਆਨ ਸਬੰਧਾਂ ਦੀ ਜਾਂਚ ਕਰੇਗਾ।''

ਇਮਰਾਨ ਨੇ ਭਾਰਤ ਨੂੰ ਖੁਦਦਾਰ ਮੁਲਕ ਦੱਸਿਆ

ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਵਿੱਚ ਅੱਜ ਮੁੜ ਭਾਰਤ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ, ''ਭਾਰਤ ਇਕ ਖੁਦਦਾਰ ਮੁਲਕ ਹੈ ਤੇ ਕੋਈ ਵੀ ਸੁਪਰਪਾਵਰ ਉਸ ਨੂੰ ਅੱਖਾਂ ਕੱਢਣ ਦੀ ਹਿਮਾਕਤ ਨਹੀਂ ਕਰ ਸਕਦੀ। ਯੂਕਰੇਨ-ਰੂਸ ਜੰਗ ਦੌਰਾਨ ਵੀ ਕੋਈ ਭਾਰਤ ਨੂੰ ਡਰਾ ਨਹੀਂ ਸਕਿਆ।'' ਖ਼ਾਨ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਆਜ਼ਾਦ ਹੈ।

ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਬਾਰੇ ਅਖ਼ਬਾਰ 'ਚ ਖ਼ਬਰ ਪੜ੍ਹਦੇ ਹੋਏ ਲੋਕ। -ਫੋਟੋ: ਏਪੀ

ਆਈਐੱਸਆਈ ਮੁਖੀ ਅੰਜੁਮ ਵੱਲੋਂ ਇਮਰਾਨ ਨਾਲ ਮੁਲਾਕਾਤ

ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫ਼ਟੀਨੈਂਟ ਜਨਰਲ ਨਦੀਮ ਅੰਜੁਮ ਨੇ ਵੀ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਟੀਵੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ ਹੋਈ ਬੈਠਕ ਵਿਚ ਖਾਨ ਤੇ ਅੰਜੁਮ ਨੇ ਮੁਲਕ ਦੀ ਤਾਜ਼ਾ ਸਥਿਤੀ ਉਤੇ ਵਿਚਾਰ-ਚਰਚਾ ਕੀਤੀ। ਇਸ ਦੇ ਨਾਲ ਹੀ ਅਹਿਮ ਸੁਰੱਖਿਆ ਮੁੱਦਿਆਂ ਉਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੁਲਾਕਾਤ ਅਜਿਹੇ ਮੌਕੇ ਹੋਈ ਹੈ ਜਦੋਂ ਇਮਰਾਨ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੱਖ-ਵੱਖ ਬਦਲ ਤਲਾਸ਼ ਰਹੇ ਹਨ। ਇਮਰਾਨ ਖਾਨ ਨੇ ਅੱਜ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸਿਆਸੀ ਕਮੇਟੀ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪਰਵੇਜ਼ ਖਟਕ, ਅਸਦ ਉਮਰ, ਫਵਾਦ ਚੌਧਰੀ ਤੇ ਸ਼ੇਖ਼ ਰਸ਼ੀਦ ਹਾਜ਼ਰ ਸਨ। ਆਗੂਆਂ ਨੇ ਭਵਿੱਖੀ ਰਣਨੀਤੀ ਉਤੇ ਵਿਚਾਰ-ਚਰਚਾ ਕੀਤੀ ਜਿਸ ਵਿਚ ਲੋਕਾਂ ਨਾਲ ਰਾਬਤਾ ਕਰਨਾ ਵੀ ਸ਼ਾਮਲ ਸੀ।

ਡਿਪਟੀ ਸਪੀਕਰ ਖਿਲਾਫ਼ ਵੀ ਬੇਭਰੋਸਗੀ ਮਤਾ ਪੇਸ਼

ਪਾਕਿਸਤਾਨ ਦੀ ਵਿਰੋਧੀ ਧਿਰ ਨੇ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਖਿਲਾਫ਼ ਵੀ ਬੇਭਰੋਸਗੀ ਮਤਾ ਪੇਸ਼ ਕਰ ਦਿੱਤਾ ਹੈ। ਵਿਰੋਧੀ ਧਿਰ ਨੇ ਡਿਪਟੀ ਸਪੀਕਰ ਉਤੇ 'ਬੇਸ਼ਰਮੀ ਨਾਲ ਪੱਖਪਾਤੀ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ।' ਵਿਰੋਧੀ ਪਾਰਟੀਆਂ ਨੇ ਕਿਹਾ ਕਿ ਸਪੀਕਰ ਨੇ ਸਰਕਾਰ ਦੇ ਪੱਖ ਵਿਚ ਕਦਮ ਚੁੱਕੇ ਤੇ ਸਹੀ ਢੰਗ ਨਾਲ ਸਦਨ ਦੀ ਕਾਰਵਾਈ ਨਹੀਂ ਚਲਾਈ। ਅਹਿਮ ਮਤੇ ਉਤੇ ਵਿਚਾਰ-ਚਰਚਾ ਨਹੀਂ ਹੋਣ ਦਿੱਤੀ। ਵਿਰੋਧੀ ਧਿਰ ਦੇ ਆਗੂ ਮੁਰਤਜ਼ਾ ਜਾਵੇਦ ਅੱਬਾਸੀ ਨੇ ਡਿਪਟੀ ਸਪੀਕਰ ਖ਼ਿਲਾਫ਼ ਮਤਾ ਕੌਮੀ ਅਸੈਂਬਲੀ ਦੇ ਸਕੱਤਰ ਨੂੰ ਦੇ ਦਿੱਤਾ ਹੈ। ਮਤੇ ਵਿਚ ਸੂਰੀ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਗਈ ਹੈ। ਵਿਰੋਧੀਆਂ ਨੇ ਕਿਹਾ ਕਿ ਡਿਪਟੀ ਸਪੀਕਰ ਨੇ 'ਵਾਰ-ਵਾਰ' ਨਿਯਮਾਂ ਦੀ ਉਲੰਘਣਾ ਕੀਤੀ ਤੇ ਸੰਸਦੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਪਾਲਣ ਨਹੀਂ ਕੀਤਾ। ਇਸ ਤੋਂ ਇਲਾਵਾ ਸੰਵਿਧਾਨਕ ਤਜਵੀਜ਼ਾਂ ਦੀ ਵੀ ਅਵੱਗਿਆ ਕੀਤੀ। ਵਿਰੋਧੀ ਧਿਰ ਨੇ ਸਪੀਕਰ ਅਸਦ ਕੈਸਰ ਖ਼ਿਲਾਫ਼ ਵੀ ਪਿਛਲੇ ਹਫ਼ਤੇ ਬੇਭਰੋਸਗੀ ਮਤਾ ਦਾਖਲ ਕੀਤਾ ਸੀ।



Most Read

2024-09-20 15:51:34