World >> The Tribune


ਅਮਰੀਕੀ ਖੁਫ਼ੀਆ ਤੰਤਰ ’ਚ ਘੁਸਪੈਠ ਕਰਨ ਵਾਲੇ ਆਈਐੱਸਆਈ ਸੈੱਲ ਦਾ ਪਰਦਾਫਾਸ਼


Link [2022-04-09 09:14:24]



ਵਾਸ਼ਿੰਗਟਨ, 8 ਅਪਰੈਲ

ਅਮਰੀਕਾ ਨੇ ਦੇਸ਼ ਦੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ 'ਸੀਕ੍ਰੇਟ ਸਰਵਿਸ' ਸਣੇ ਉਸ ਦੇ ਖ਼ੁਫ਼ੀਆ ਤੇ ਸੁਰੱਖਿਆ ਤੰਤਰ ਵਿਚ ਘੁਸਪੈਠ ਦੀ ਕੋਸ਼ਿਸ਼ ਕਰਨ ਵਾਲੇ ਕਥਿਤ ਆਈਐੱਸਆਈ ਸੈੱਲ ਦਾ ਪਰਦਾਫਾਸ਼ ਕੀਤਾ ਹੈ। 'ਇੰਟਰ ਸਰਵਿਸਿਜ਼ ਇੰਟੈਲੀਜੈਂਸ' (ਆਈਐੱਸਆਈ) ਪਾਕਿਸਤਾਨ ਦੀ ਖ਼ੁਫੀਆ ਏਜੰਸੀ ਹੈ। ਇਸ ਮਾਮਲੇ ਵਿਚ ਏਰੀਅਨ ਤਾਹੇਰਜਾਦੇਹ (40) ਤੇ ਹੈਦਰ ਅਲੀ (35) ਨੂੰ ਵਾਸ਼ਿੰਗਟਨ ਵਿਚ ਐਫਬੀਆਈ ਨੇ ਬੁੱਧਵਾਰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਖ਼ਿਲਾਫ਼ ਦੋਸ਼ ਹੈ ਕਿ ਇਨ੍ਹਾਂ ਖ਼ੁਦ ਨੂੰ ਇਕ ਅਮਰੀਕੀ ਅਧਿਕਾਰੀ ਦੱਸ ਕੇ ਆਪਣੀ ਗਲਤ ਪਛਾਣ ਦੱਸੀ। ਅਦਾਲਤ ਵਿਚ ਵੀਰਵਾਰ ਤਾਹੇਰਜਾਦੇਹ ਤੇ ਅਲੀ ਦੀ ਪੇਸ਼ੀ ਦੌਰਾਨ ਸਹਾਇਕ ਅਮਰੀਕੀ ਅਟਾਰਨੀ ਨੇ 'ਡਿਸਟ੍ਰਿਕਟ ਆਫ ਕੋਲੰਬੀਆ' ਦੀ ਅਮਰੀਕੀ ਜ਼ਿਲ੍ਹਾ ਕੋਰਟ ਵਿਚ ਜੱਜ ਨੂੰ ਕਿਹਾ ਕਿ ਅਲੀ ਨੇ ਗਵਾਹਾਂ ਨੂੰ ਦੱਸਿਆ ਕਿ ਉਹ ਆਈਐੱਸਆਈ-ਪਾਕਿਸਤਾਨ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਲੀ ਕੋਲ ਪਾਕਿਸਤਾਨ ਤੇ ਇਰਾਨ ਦੇ ਕਈ ਵੀਜ਼ਾ ਹਨ। ਅਮਰੀਕੀ ਅਟਾਰਨੀ ਨੇ ਕਿਹਾ ਕਿ ਅਲੀ ਦੇ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਉਸ ਨੇ ਗਵਾਹਾਂ ਸਾਹਮਣੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਨਾਲ ਸਬੰਧਤ ਹੈ। ਦੋਵਾਂ ਮੁਲਜ਼ਮਾਂ ਉਤੇ ਦੋਸ਼ ਹੈ ਕਿ ਉਨ੍ਹਾਂ ਫੈਡਰਲ ਕਾਨੂੰਨੀ ਏਜੰਸੀਆਂ ਤੇ ਰੱਖਿਆ ਖੇਤਰ ਦੇ ਵਿਅਕਤੀਆਂ ਨਾਲ ਰਾਬਤਾ ਬਣਾਉਣ ਦੇ ਮੰਤਵ ਨਾਲ ਅਮਰੀਕੀ ਗ੍ਰਹਿ ਮੰਤਰਾਲੇ ਨਾਲ ਆਪਣਾ ਸਬੰਧ ਹੋਣ ਬਾਰੇ ਝੂਠ ਬੋਲਿਆ। ਉਨ੍ਹਾਂ ਦੇ ਝਾਂਸੇ ਵਿਚ ਆ ਕੇ ਉਨ੍ਹਾਂ ਤੋਂ ਲਾਭ ਲੈਣ ਵਾਲੇ ਸੀਕ੍ਰੇਟ ਸਰਵਿਸ ਦੇ ਚਾਰ ਮੈਂਬਰਾਂ ਨੂੰ ਜਾਂਚ ਜਾਰੀ ਰਹਿਣ ਤੱਕ ਛੁੱਟੀ ਉਤੇ ਭੇਜ ਦਿੱਤਾ ਗਿਆ ਹੈ। ਤਾਹੇਰਜਾਦੇਹ ਤੇ ਅਲੀ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। -ਪੀਟੀਆਈ



Most Read

2024-09-20 15:54:11