Breaking News >> News >> The Tribune


ਥਾਣੇ ’ਚ ਹਿਰਾਸਤੀਆਂ ਦੇ ਕੱਪੜੇ ਲਹਾਉਣ ਮਾਮਲੇ ’ਚ ਡੀਜੀਪੀ ਤੇ ਆਈਜੀ ਦੀ ਜਵਾਬਤਲਬੀ


Link [2022-04-09 08:53:58]



ਭੋਪਾਲ: ਸਿੱਧੀ ਜ਼ਿਲ੍ਹੇ ਦੇ ਪੁਲੀਸ ਸਟੇਸ਼ਨ ਵਿੱਚ ਪੱਤਰਕਾਰ ਤੇ ਸੱਤ ਹੋਰਨਾਂ ਦੇ ਕੱਪੜੇ ਲੁਹਾਉਣ ਦੇ ਮਾਮਲੇ ਦਾ 'ਆਪੂ' ਨੋਟਿਸ ਲੈਂਦਿਆਂ ਮੱਧ ਪ੍ਰਦੇਸ਼ ਮਨੁੱਖੀ ਅਧਿਕਾਰ ਕਮਿਸ਼ਨ ਨੇ ਅੱਜ ਰਾਜ ਦੇ ਪੁਲੀਸ ਮੁਖੀ (ਡੀਜੀਪੀ) ਤੇ ਰੇਵਾ ਰੇਂਜ ਦੇ ਆਈਜੀ ਤੋਂ ਹਫ਼ਤੇ ਅੰਦਰ ਜਵਾਬ ਮੰਗ ਲਿਆ ਹੈ। ਲੰਘੀ 2 ਅਪਰੈਲ ਨੂੰ ਇਕ ਪੱਤਰਕਾਰ ਤੇ ਕੁਝ ਕਾਰਕੁਨਾਂ, ਜੋ ਇਕ ਕਲਾਕਾਰ ਦੀ ਗ੍ਰਿਫ਼ਤਾਰੀ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ, ਨੂੰ ਹਿਰਾਸਤ 'ਚ ਲੈ ਕੇ ਪੂਰੇ ਕੱਪੜੇ ਲਾਹੁਣ ਲਈ ਮਜਬੂਰ ਕੀਤਾ ਗਿਆ ਸੀ। ਮਗਰੋਂ ਇਨ੍ਹਾਂ ਹਿਰਾਸਤੀਆਂ ਦੀ ਅੰਦਰਲੇ ਕੱਪੜਿਆਂ ਵਿੱਚ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਥਾਣਾ ਇੰਚਾਰਜ ਮਨੋਜ ਸੋਨੀ ਤੇ ਸਬ-ਇੰਸਪੈਕਟਰ ਅਭਿਸ਼ੇਕ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਵਧੀਕ ਐੱਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ 'ਚ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ। ਉਧਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਤੇ ਸੀਨੀਅਰ ਕਾਂਗਰਸ ਆਗੂ ਅਜੈ ਸਿੰਘ ਨੇ ਘਟਨਾ ਦੀ ਨਿਖੇਧੀ ਕਰਦਿਆਂ ਇਸ ਪੂਰੀ ਘਟਨਾ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਨਾਥ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਇਕ ਮੁਕਾਮੀ ਪੱਤਰਕਾਰ ਤੇ ਕੁਝ ਕਾਰਕੁਨ ਇੰਦਰਾਵਤੀ ਡਰਾਮਾ ਸਕੂਲ ਦੇ ਡਾਇਰੈਕਟਰ ਨੀਰਜ ਕੁੰਦਰ ਦੀ ਗ੍ਰਿਫ਼ਤਾਰੀ ਖਿਲਾਫ਼ 2 ਅਪਰੈਲ ਨੂੰ ਸਿੱਧੀ ਜ਼ਿਲ੍ਹੇ ਦੇ ਕੋਤਵਾਲੀ ਪੁਲੀਸ ਸਟੇਸ਼ਨ ਅੱਗੇ ਪ੍ਰਦਰਸ਼ਨ ਕਰ ਰਹੇ ਸਨ। ਕੋਤਵਾਲੀ ਪੁਲੀਸ ਸਟੇਸ਼ਨ ਦੇ ਇੰਚਾਰਜ ਮਨੋਜ ਸੋਨੀ ਦੇ ਦੱਸਣ ਮੁਤਾਬਕ ਕੁੰਦਰ ਨੂੰ ਫੇਸਬੁੱਕ ਉੱਤੇ ਕਿਸੇ ਹੋਰ ਦੇ ਨਾਂ ਦੀ ਵਰਤੋਂ ਕਰਦਿਆਂ ਸਥਾਨਕ ਭਾਜਪਾ ਵਿਧਾਇਕ ਕੇਦਾਰ ਨਾਥ ਸ਼ੁਕਲਾ ਤੇ ਉਸ ਦੇ ਪੁੱਤਰ ਗੁਰੂਦੱਤ ਸ਼ਰਨ ਸ਼ੁਕਲਾ ਖਿਲਾਫ਼ ਕਥਿਤ ਅਪਮਾਨਜਨਕ ਪੋਸਟ ਪਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਨੀ ਨੇ ਕਿਹਾ ਕਿ ਕੁਝ ਕਾਰਕੁਨਾਂ ਦੇ ਸਮੂਹ, ਜਿਸ ਵਿੱਚ ਮੁਕਾਮੀ 'ਯੂਟਿਊਬ ਪੱਤਰਕਾਰ' ਕਨਿਸ਼ਕ ਤਿਵਾੜੀ ਵੀ ਸ਼ਾਮਲ ਸੀ, ਨੇ ਕੋਤਵਾਲੀ ਥਾਣੇ ਅੱਗੇ ਪ੍ਰਦਰਸ਼ਨ ਕਰਦੇ ਹੋਏ ਵਿਧਾਇਕ ਸ਼ੁਕਲਾ ਤੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੂੰ ਬਿਨਾਂ ਇਜਾਜ਼ਤ ਪ੍ਰਦਰਸ਼ਨ ਕਰਨ ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ 'ਚ ਹਿਰਾਸਤ ਵਿੱਚ ਲਿਆ ਗਿਆ ਸੀ ਤੇ 3 ਅਪਰੈਲ ਨੂੰ ਰਿਹਾਅ ਕਰ ਦਿੱਤਾ। ਹਿਰਾਸਤੀਆਂ ਦੀ ਲੰਗੋਟ ਵਿੱਚ ਵਾਇਰਲ ਹੋਈਆਂ ਤਸਵੀਰਾਂ ਬਾਰੇ ਪੁੱਛੇ ਜਾਣ 'ਤੇ ਥਾਣਾ ਇੰਚਾਰਜ ਨੇ ਕਿਹਾ ਕਿ ਕਈ ਵਾਰ ਲੋਕ ਆਪਣੇ ਕੱਪੜਿਆਂ ਨਾਲ ਹੀ ਫਾਹਾ ਲੈ ਲੈਂਦੇ ਹਨ, ਜਿਸ ਕਰਕੇ ਇਹਤਿਆਤ ਵਜੋਂ ਉਨ੍ਹਾਂ ਦੇ ਕੱਪੜੇ ਲੁਹਾਏ ਗਏ ਸਨ। -ਪੀਟੀਆਈ

'ਨਵੇਂ ਭਾਰਤ' ਦੀ ਸਰਕਾਰ ਸੱਚ ਤੋਂ ਡਰੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ 'ਚ ਇਕ ਪੱਤਰਕਾਰ ਕਨਿਸ਼ਕ ਤਿਵਾੜੀ ਸਮੇਤ ਕੁਝ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਕੇ ਕੱਪੜੇ ਉਤਾਰਨ ਦੇ ਮਾਮਲੇ 'ਚ ਭਾਜਪਾ ਨੂੰ ਘੇਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਨਵੇਂ ਭਾਰਤ' ਦੀ ਸਰਕਾਰ ਸੱਚ ਤੋਂ ਡਰ ਗਈ ਹੈ। ਰਾਹੁਲ ਗਾਂਧੀ ਨੇ ਮੀਡੀਆ ਰਿਪੋਰਟ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਟਵੀਟ ਕੀਤਾ,''ਲੌਕਅੱਪ 'ਚ ਲੋਕਤੰਤਰ ਦੇ ਚੌਥੇ ਥੰਮ੍ਹ ਦਾ ਚੀਰਹਰਨ। ਜਾਂ ਤਾਂ ਸਰਕਾਰ ਦੀ ਕੁੱਖ 'ਚ ਬੈਠ ਕੇ ਉਸ ਦੇ ਸੋਹਲੇ ਗਾਓ ਜਾਂ ਜੇਲ੍ਹ ਦੇ ਗੇੜੇ ਕੱਟੋ। ਨਵੇਂ ਭਾਰਤ ਦੀ ਸਰਕਾਰ ਸੱਚ ਤੋਂ ਡਰਦੀ ਹੈ।'' ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਇਕ ਕਲਾਕਾਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਪੱਤਰਕਾਰ ਸਮੇਤ ਕੁਝ ਲੋਕਾਂ ਨੂੰ ਪੁਲੀਸ ਨੇ ਹਿਰਾਸਤ 'ਚ ਲੈ ਕੇ ਕੱਪੜੇ ਉਤਾਰਨ ਲਈ ਮਜਬੂਰ ਕਰ ਦਿੱਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਲੌਕਅੱਪ 'ਚ ਉਨ੍ਹਾਂ ਦੀ ਤਸਵੀਰ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਦੋ ਪੁਲੀਸ ਅਧਿਕਾਰੀਆਂ ਨੂੰ ਵੀਰਵਾਰ ਲਾਈਨ ਹਾਜ਼ਰ ਕਰ ਦਿੱਤਾ ਹੈ। -ਪੀਟੀਆਈ



Most Read

2024-09-21 08:59:27