Breaking News >> News >> The Tribune


ਉੱਤਰਾਖੰਡ ਟੂਰਿਜ਼ਮ ਬੋਰਡ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਐਪ ਵਿਕਸਤ


Link [2022-04-09 08:53:58]



ਰਿਸ਼ੀਕੇਸ਼, 8 ਅਪਰੈਲ

ਉੱਤਰਾਖੰਡ ਟੂਰਿਜ਼ਮ ਡਿਵੈਲਪਮੈਂਟ ਬੋਰਡ (ਯੂਟੀਡੀਬੀ) ਨੇ ਚਾਰਧਾਮ ਯਾਤਰਾ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਮੋਬਾਈਲ ਐਪ ਵਿਕਸਤ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਦਾਰਨਾਥ, ਬਦਰੀਨਾਥ, ਗੰਗੋਤਰੀ, ਯਮੁਨੋਤਰੀ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਮੋਬਾਈਲ ਫ਼ੋਨਾਂ 'ਤੇ 'ਟੂਰਿਸਟ ਕੇਅਰ ਸਿਸਟਮ' ਐਪ ਇੰਸਟਾਲ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਟੂਰਿਜ਼ਮ ਸਕੱਤਰ ਦਿਲੀਪ ਜਵਾਲਕਰ ਨੇ ਕਿਹਾ ਕਿ ਐਪ 'ਤੇ ਰਜਿਸਟਰੇਸ਼ਨ ਹੋਣ ਮਗਰੋਂ 28 ਹਾਈ ਡੈਫੀਨੇਸ਼ਨ ਕੈਮਰਿਆਂ ਦੀ ਸਹਾਇਤਾ ਨਾਲ ਸ਼ਰਧਾਲੂਆਂ ਦੇ ਰੂਟ 'ਤੇ ਨਜ਼ਰ ਰੱਖੀ ਜਾਵੇਗੀ। ਇਹ ਕੈਮਰੇ ਇਨ੍ਹਾਂ ਤੀਰਥ ਅਸਥਾਨਾਂ ਦੇ ਰੂਟ 'ਤੇ 14 ਥਾਵਾਂ 'ਤੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਐਪ 'ਤੇ ਮੌਸਮ ਦੀ ਜਾਣਕਾਰੀ ਵੀ ਮਿਲਦੀ ਰਹੇਗੀ ਅਤੇ ਢਿੱਗਾਂ ਡਿੱਗਣ ਜਾਂ ਖ਼ਰਾਬ ਮੌਸਮ ਨਾਲ ਸਬੰਧਤ ਅਗਾਊਂ ਨੋਟੀਫਿਕੇਸ਼ਨ ਵੀ ਮਿਲਦੇ ਰਹਿਣਗੇ। ਅਧਿਕਾਰੀ ਨੇ ਦੱਸਿਆ ਕਿ ਸੈਲਾਨੀਆਂ ਦੇ ਵਾਹਨਾਂ ਦੀ ਨਬੰਰ ਪਲੇਟ ਨੂੰ ਵੀ ਐਪ ਨਾਲ ਜੋੜਿਆ ਜਾਵੇਗਾ। ਯੂਟੀਡੀਬੀ ਹੈੱਡਕੁਆਰਟਰ 'ਤੇ ਕੰਟਰੋਲ ਰੂਮ ਬਣਾਇਆ ਜਾਵੇਗਾ ਜੋ 24 ਘੰਟੇ ਕੰਮ ਕਰੇਗਾ। ਇਸ ਸਾਲ ਚਾਰਧਾਮ ਯਾਤਰਾ 3 ਮਈ ਤੋਂ ਸ਼ੁਰੂ ਹੋਵੇਗੀ। -ਪੀਟੀਆਈ

ਧਾਮੀ ਵੱਲੋਂ ਐਂਟੀ-ਕੁਰੱਪਸ਼ਨ ਮੋਬਾਈਲ ਐਪ ਲਾਂਚ

ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਭ੍ਰਿਸ਼ਟਾਚਾਰ ਦੇ ਟਾਕਰੇ ਲਈ ਅੱਜ ਮੋਬਾਈਲ ਐਪ ਲਾਂਚ ਕੀਤਾ। ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਨੂੰ ਜਾਰੀ ਰੱਖੇਗੀ। ਵਿਜੀਲੈਂਸ ਵਿਭਾਗ ਵੱਲੋਂ ਵਿਕਸਤ '1064 ਐਂਟੀ-ਕਰੱਪਸ਼ਨ ਮੋਬਾਈਲ ਐਪ' ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਤ ਸ਼ਿਕਾਇਤਾਂ ਸਿੱਧੀਆਂ ਸਰਕਾਰ ਕੋਲ ਦਰਜ ਕਰਵਾਉਣੀਆਂ ਸੌਖੀਆਂ ਹੋ ਜਾਣਗੀਆਂ। ਧਾਮੀ ਨੇ ਕਿਹਾ, ''ਇਹ ਉੱਤਰਾਖੰਡ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਦਿਸ਼ਾ 'ਚ ਸਾਡੇ ਵੱਲੋਂ ਕੀਤੀ ਇਕ ਹੋਰ ਪੇਸ਼ਕਦਮੀ ਹੈ। ਇਹ ਸਾਡੀ ਵਚਨਬੱਧਤਾ ਹੈ। ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਹਰ ਕੀਮਤ 'ਤੇ ਜਾਰੀ ਰਹੇਗੀ।'' ਵਿਜੀਲੈਂਸ ਡਾਇਰੈਕਟਰ ਅਮਿਤ ਸਿਨਹਾ ਨੇ ਕਿਹਾ ਕਿ ਐਪ ਹਿੰਦੀ ਤੇ ਅੰਗਰੇਜ਼ੀ ਦੋਵਾਂ ਵਿੱਚ ਉਪਲੱਬਧ ਹੋਵੇਗਾ ਤੇ ਕੋਈ ਵੀ ਐਪ ਜਾਂ ਫੋਨ ਜ਼ਰੀਏ 1064 ਨੰਬਰ 'ਤੇ ਸ਼ਿਕਾਇਤ ਦਰਜ ਕਰਵਾ ਸਕੇਗਾ ਤੇ ਹਰੇਕ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ। -ਪੀਟੀਆਈ



Most Read

2024-09-21 08:39:25