ਖਰੜ (ਸ਼ਸ਼ੀ ਪਾਲ ਜੈਨ): ਖਰੜ ਸਿਟੀ ਪੁਲੀਸ ਨੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦੇ ਨੇੜਲੇ ਸਾਥੀ ਹਰਬੀਰ ਸਿੰਘ ਸੋਹਲ ਨੂੰ ਭਾਗੋਮਾਜਰਾ ਨੇੜਲੇ ਖਾਲੀ ਫਲੈਟਾਂ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਹਥਿਆਰ ਤੇ ਗੋਲੀਸਿੱਕਾ ਵੀ ਬਰਾਮਦ ਕੀਤਾ ਹੈ। ਹਰਬੀਰ ਸਿੰਘ, ਜੋ ਪੇਸ਼ੇ ਵਜੋਂ ਗਾਇਕ ਤੇ ਗੀਤਕਾਰ ਹੈ, ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਿੰਡੀ ਔਲਖ ਦਾ ਵਸਨੀਕ ਹੈ। ਗ੍ਰਿਫ਼ਤਾਰੀ ਮਗਰੋਂ ਹਰਬੀਰ ਸਿੰਘ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜੈਪਾਲ ਸਿੰਘ ਭੁੱਲਰ ਪਿਛਲੇ ਸਾਲ ਜੂਨ ਵਿੱਚ ਕੋਲਕਾਤਾ 'ਚ ਪੰਜਾਬ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਪੰਜਾਬ ਪੁਲੀਸ ਦੀ ਟੀਮ ਗੁਪਤਾ ਸੂਚਨਾ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੱਛਮੀ ਬੰਗਾਲ ਗਈ ਸੀ। ਮੁਹਾਲੀ ਦੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੌਰਾਨ ਹਰਬੀਰ ਸਿੰਘ ਕੋਲੋਂ 30 ਬੋਰ ਦੇ ਦੋ ਚਾਈਨੀਜ਼ ਪਿਸਤੌਲ, 7 ਮੈਗਜ਼ੀਨ ਤੇ 50 ਜ਼ਿੰਦਾ ਰੌਂਦ ਮਿਲੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਤਕਨੀਕੀ ਤੇ ਗੁਪਤ ਜਾਣਕਾਰੀ ਮਿਲੀ ਸੀ ਕਿ ਹਰਬੀਰ ਸਿੰਘ ਆਪਣੇੇ ਇਕ ਹੋਰ ਸਾਥੀ ਅਮ੍ਰਿਤਪਾਲ ਸਿੰਘ ਉਰਫ ਸੱਤਾ ਵਾਸੀ ਬਜੀਦਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਖਰੜ ਵਿੱਚ ਲੁਕਿਆ ਹੋਇਆ ਹੈ। ਇਨ੍ਹਾਂ ਦੇ ਕੈਨੇਡਾ ਰਹਿੰਦੇ ਸਾਥੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਆਸਟਰੇਲੀਆ ਰਹਿੰਦੇ ਸਾਥੀ ਗੁਰਜੰਟ ਸਿੰਘ ਉਰਫ ਜੰਟਾ ਨੈੱਟ-ਕਾਲਿੰਗ ਰਾਹੀਂ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਵਸੂਲਣ ਦਾ ਕਾਰੋਬਾਰ ਚਲਾ ਰਹੇ ਸਨ। ਤਕਨੀਕੀ ਜਾਣਕਾਰੀ ਦੇ ਆਧਾਰ 'ਤੇ ਪੁਲੀਸ ਨੇ ਹਰਬੀਰ ਸਿੰਘ, ਅੰਮ੍ਰਿਤਪਾਲ ਸਿੰਘ ਸੱਤਾ, ਅਰਸ਼ਦੀਪ ਸਿੰਘ, ਗੁਰਜੰਟ ਸਿੰਘ ਜੰਟਾ ਤੇ ਇਨ੍ਹਾਂ ਦੇ ਹੋਰ ਸਾਥੀਆਂ ਖਿਲਾਫ਼ ਖਰੜ ਸਿਟੀ ਥਾਣੇ ਵਿੱਚ 7 ਅਪਰੈਲ ਨੂੰ ਆਈਪੀਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਖੁਫੀਆ ਅਪਰੇਸ਼ਨ ਵਿੱਢਿਆ ਸੀ। ਇਸ ਦੌਰਾਨ ਖਰੜ ਪੁਲੀਸ ਨੇ ਖਰੜ-ਮੋਰਿੰਡਾ ਰੋਡ 'ਤੇ ਪਿੰਡ ਭਾਗੋ ਮਾਜਰਾ ਨੇੇੜੇ ਉਸਾਰੀ ਅਧੀਨ ਖਾਲੀ ਫਲੈਟਾਂ 'ਚੋਂ ਹਰਬੀਰ ਸੋਹਲ ਨੂੰ ਗ੍ਰਿਫਤਾਰ ਕਰ ਲਿਆ। ਹਰਬੀਰ ਕੋਲੋਂ ਇਸ ਮੌਕੇ 30 ਬੋਰ ਦੇ ਦੋ ਚਾਇਨੀਜ਼ ਪਿਸਤੌਲ, 3 ਮੈਗਜ਼ੀਨ, 9 ਐੱਮਐੱਮ ਪਿਸਤੌਲ ਦੇ 4 ਮੈਗਜ਼ੀਨ ਅਤੇ 50 ਰੌਂਦ ਬਰਾਮਦ ਹੋਏ।
ਐੱਸਐੱਸਪੀ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਹਰਬੀਰ ਸਿੰਘ ਪੇਸ਼ੇ ਵਜੋਂ ਗੀਤਕਾਰ ਅਤੇ ਗਾਇਕ ਵੀ ਹੈ। ਇਹ ਕੋਲਕਾਤਾ ਵਿੱਚ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਸਿੰਘ ਭੁੱਲਰ ਤੇ ਜਸਪ੍ਰੀਤ ਸਿੰਘ ਜੱਸੀ ਦਾ ਨੇੜਲਾ ਅਤੇ ਭਰੋਸੇਯੋਗ ਸਾਥੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੈਪਾਲ ਸਿੰਘ ਨੇ ਵੱਡੀਆਂ ਡਕੈਤੀਆਂ ਅਤੇ ਵੱਡੇ ਕਾਰੋਬਾਰੀਆ ਤੋਂ ਫਿਰੌਤੀਆਂ ਲੈ ਕੇ ਬਹੁਤ ਸਾਰੀਆਂ ਜਾਇਦਾਦਾਂ ਹਰਬੀਰ ਸਿੰਘ ਤੇ ਇਸ ਦੇ ਰਿਸ਼ਤੇਦਾਰਾਂ ਦੇ ਨਾਮ 'ਤੇ ਖਰੀਦੀਆਂ ਹੋਈਆਂ ਸਨ। ਜੂਨ 2021 ਵਿੱਚ ਜੈਪਾਲ ਸਿੰਘ ਭੁੱਲਰ ਦੇ ਮੁਕਾਬਲੇ ਵਿਚ ਮਾਰੇ ਜਾਣ ਮਗਰੋਂ ਹਰਬੀਰ ਸਿੰਘ ਫਰਾਰ ਚੱਲਿਆ ਆ ਰਿਹਾ ਸੀ।
2024-11-11 01:17:51