Breaking News >> News >> The Tribune


ਦੇਸ਼ਮੁਖ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੁਲਤਵੀ


Link [2022-04-09 08:53:58]



ਮੁੰਬਈ, 8 ਅਪਰੈਲ

ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕੇਸ 'ਚ ਗ੍ਰਿਫ਼ਤਾਰ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀ 'ਤੇ ਬੰਬੇ ਹਾਈ ਕੋਰਟ ਨੇ ਅੱਜ ਸੁਣਵਾਈ ਮੁਲਤਵੀ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਮੈਡੀਕਲ ਆਧਾਰ 'ਤੇ ਅਰਜ਼ੀ ਉਪਰ ਫ਼ੌਰੀ ਸੁਣਵਾਈ ਦੀ ਮੰਗ ਇਕ ਸਮੱਸਿਆ ਬਣ ਗਈ ਹੈ। ਜਸਟਿਸ ਅਨੁਜਾ ਪ੍ਰਭੂਦੇਸਾਈ ਦੇ ਸਿੰਗਲ ਬੈਂਚ ਨੇ ਦੇਸ਼ਮੁਖ ਦੇ ਵਕੀਲ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਲਿਖਤੀ ਰੂਪ 'ਚ ਦੱਸਣ ਕਿ ਐੱਨਸੀਪੀ ਆਗੂ ਕਿਹੜੀ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਹੈ। ਅਦਾਲਤ ਨੇ ਕਿਹਾ ਕਿ ਉਹ ਹੁਣ ਦੇਸ਼ਮੁਖ ਦੀ ਅਰਜ਼ੀ 'ਤੇ ਮੈਰਿਟ ਦੇ ਆਧਾਰ 'ਤੇ ਨਹੀਂ ਸਗੋਂ ਸਿਰਫ਼ ਮੈਡੀਕਲ ਆਧਾਰ 'ਤੇ ਹੀ ਸੁਣਵਾਈ ਕਰਨਗੇ। ਜਸਟਿਸ ਪ੍ਰਭੂਦੇਸਾਈ ਨੇ ਕਿਹਾ ਕਿ ਕਈ ਮੁਲਜ਼ਮ ਪੰਜ ਤੋਂ ਲੈ ਕੇ 10 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ ਅਤੇ ਜਦੋਂ ਉਹ ਉਡੀਕ ਕਰ ਰਹੇ ਹਨ ਤਾਂ ਅਸੀਂ ਨਵੇਂ ਮਾਮਲਿਆਂ ਦੀ ਸੁਣਵਾਈ ਨਹੀਂ ਕਰ ਸਕਦੇ ਹਾਂ। 'ਇਸੇ ਕਰਕੇ ਮੈਂ ਕਿਹਾ ਹੈ ਕਿ ਜਿਹੜੀਆਂ ਅਰਜ਼ੀਆਂ 'ਚ ਕੁਝ ਮੈਡੀਕਲ ਐਮਰਜੈਂਸੀ ਜਾਂ ਅੰਤਿਮ ਸੰਸਕਾਰ ਆਦਿ ਦਾ ਹਵਾਲਾ ਹੋਵੇਗਾ, ਉਨ੍ਹਾਂ 'ਤੇ ਫੌਰੀ ਸੁਣਵਾਈ ਕੀਤੀ ਜਾਵੇਗੀ।' ਦੇਸ਼ਮੁਖ ਦੇ ਵਕੀਲ ਅਨਿਕੇਤ ਨਿਕਮ ਨੇ ਅਦਾਲਤ ਨੂੰ ਦੱਸਿਆ ਕਿ ਕੇਸ 'ਚ ਮੈਡੀਕਲ ਐਮਰਜੈਂਸੀ ਹੈ ਅਤੇ ਐੱਨਸੀਪੀ ਦਾ ਸੀਨੀਅਰ ਆਗੂ ਮੋਢਾ ਲੱਥ ਜਾਣ ਕਾਰਨ ਜੇ ਜੇ ਹਸਪਤਾਲ 'ਚ ਦਾਖ਼ਲ ਰਿਹਾ ਸੀ। ਨਿਕਮ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਦੇਸ਼ਮੁਖ ਦੀ ਸਿਹਤ ਬਾਰੇ ਮੈਡੀਕਲ ਰਿਪੋਰਟ ਮੰਗਵਾਉਣ। ਅਦਾਲਤ ਨੇ ਕਿਹਾ ਕਿ ਉਹ ਆਪਣੇ ਆਪ ਇਹ ਨਹੀਂ ਮੰਗਵਾਉਣਗੇ ਅਤੇ ਨਿਕਮ ਨੂੰ ਕਿਹਾ ਕਿ ਉਹ ਲਿਖਤੀ ਤੌਰ 'ਤੇ ਦੇਸ਼ਮੁਖ ਦੀ ਸਿਹਤ ਬਾਰੇ ਜਾਣਕਾਰੀ ਦੇਣ। ਇਸ ਮਗਰੋਂ ਈਡੀ ਤੋਂ ਜਵਾਬ ਮੰਗਿਆ ਜਾਵੇਗਾ ਅਤੇ ਫਿਰ ਲੋੜ ਪੈਣ 'ਤੇ ਮੈਡੀਕਲ ਰਿਪੋਰਟ ਮੰਗਵਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਅਦਾਲਤ ਨੇ ਦੇਸ਼ਮੁਖ ਦੀ ਅਰਜ਼ੀ 'ਤੇ ਸੁਣਵਾਈ ਦੋ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ। ਦੇਸ਼ਮੁਖ ਇਸ ਸਮੇਂ 11 ਅਪਰੈਲ ਤੱਕ ਸੀਬੀਆਈ ਦੀ ਹਿਰਾਸਤ 'ਚ ਹੈ। -ਪੀਟੀਆਈ



Most Read

2024-09-21 08:22:29