ਨਵੀਂ ਦਿੱਲੀ: ਮਾਨਿਕਾ ਬੱਤਰਾ ਅਤੇ ਅਰਚਨਾ ਗਿਰੀਸ਼ ਕਾਮਥ ਦੀ ਭਾਰਤੀ ਮਹਿਲਾ ਜੋੜੀ ਕੌਮਾਂਤਰੀ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐੱਫ) ਦੀ ਨਵੀਂ ਵਿਸ਼ਵ ਕੱਪ ਰੈਂਕਿੰਗ ਵਿੱਚ ਦੋ ਪੌੜੀਆਂ ਚੜ੍ਹ ਕੇ ਸਿਖਰਲੇ ਪੰਜਾਂ ਵਿੱਚ ਸ਼ਾਮਲ ਹੋ ਗਈ ਹੈ। ਇਸ ਭਾਰਤੀ ਜੋੜੀ ਦੇ 1501 ਅੰਕ ਹਨ ਅਤੇ ਇਹ ਚੌਥੇ ਸਥਾਨ 'ਤੇ ਪਹੁੰਚ ਗਈ ਹੈ। ਬੱਤਰਾ ਅਤੇ ਕਾਮਥ ਨੇ ਪਿਛਲੇ ਹਫ਼ਤੇ ਡਬਲਿਊਟੀਟੀ ਦੋਹਾ 2022 ਟੂਰਨਾਮੈਂਟ ਵਿੱਚ ਚੀਨੀ ਤਾਈਪੇ ਦੀ ਜੋੜੀ ਲੀ ਯੂ-ਝੁਨ ਅਤੇ ਚੇਂਗ ਆਈ-ਚਿੰਗ ਤੋਂ ਸੈਮੀਫਾਈਨਲ ਵਿੱਚ ਹਾਰਨ ਮਗਰੋਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਚੀਨ ਦੀ ਵਾਗ ਮਾਨਊ ਅਤੇ ਸੁਨ ਜਿੰਗਸ਼ਾ ਦੀ ਜੋੜੀ 4289 ਅੰਕਾਂ ਨਾਲ ਮਹਿਲਾ ਡਬਲਜ਼ ਰੈਂਕਿੰਗ ਵਿੱਚ ਸਿਖਰਲੇ ਕਦਮ 'ਤੇ ਹੈ। ਉਸ ਮਗਰੋਂ ਜਪਾਨ ਦੀ ਮੀਮਾ ਇਤਰੋ ਅਤੇ ਹਿਨਾ ਹਿਆਤਾ ਅਤੇ ਲਕਜਮਬਰਗ ਦੀ ਜਿਆ ਲਿਆਨ ਨੀ ਅਤੇ ਸਾਰਾ ਡੀ ਨੁਟਟੇ ਦਾ ਨੰਬਰ ਆਉਂਦਾ ਹੈ। -ਪੀਟੀਆਈ
2024-11-10 08:05:06